The Summer News
×
Thursday, 17 July 2025

ਕੈਨੇਡਾ ਵਿੱਚ 16 ਭਾਰਤੀ ਨਾਗਰਿਕ ਫਿਰੌਤੀ, ਲੁੱਟ, ਚੋਰੀ ਅਤੇ ਧੋਖਾਧੜੀ ਦੇ ਕੇਸਾਂ ’ਚ ਗ੍ਰਿਫ਼ਤਾਰ

ਪੀਲ ਰੀਜਨਲ ਪੁਲੀਸ ਨੇ "ਪ੍ਰੋਜੈਕਟ ਆਊਟਸੋਰਸ" ਤਹਿਤ ਚਲਾਈ ਲੰਮੀ ਜਾਂਚ ਤੋਂ ਬਾਅਦ ਫਿਰੌਤੀ, ਲੁੱਟ, ਚੋਰੀ ਅਤੇ ਧੋਖਾਧੜੀ ਨਾਲ ਜੁੜੇ ਦੋ ਗਰੋਹਾਂ ਦੇ 18 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਹੋਏ ਵਿਅਕਤੀਆਂ ਵਿੱਚ 16 ਭਾਰਤੀ ਮੂਲ ਦੇ ਹਨ, ਜਿਨ੍ਹਾਂ ਵਿੱਚ ਇੱਕ ਔਰਤ ਵੀ ਸ਼ਾਮਲ ਹੈ।


ਇਨ੍ਹਾਂ ਕੋਲੋਂ ਪੁਲੀਸ ਨੇ ਕਰੀਬ 27 ਕਰੋੜ ਰੁਪਏ (42 ਲੱਖ ਕੈਨੇਡੀਆਈ ਡਾਲਰ) ਮੁੱਲ ਦਾ ਚੋਰੀ ਕੀਤਾ ਸਮਾਨ ਬਰਾਮਦ ਕੀਤਾ ਹੈ। ਇਹ ਲੋਕ ਵੱਖ-ਵੱਖ ਥਾਵਾਂ ’ਤੇ ਅਪਰਾਧ ਕਰਕੇ ਇਹ ਸਮਾਨ ਇਕੱਠਾ ਕਰਦੇ ਰਹੇ। ਪੀਲ ਪੁਲੀਸ ਦੇ ਨਾਲ-ਨਾਲ ਛੇ ਹੋਰ ਇਲਾਕਿਆਂ ਦੀ ਪੁਲੀਸ ਨੇ ਭੀ ਇਸ ਜਾਂਚ ਵਿੱਚ ਭਾਗ ਲਿਆ। ਕੁੱਲ 97 ਅਪਰਾਧਿਕ ਮਾਮਲਿਆਂ ਵਿੱਚ ਦੋਸ਼ ਲਗਾ ਕੇ ਚਾਰਜਸ਼ੀਟ ਤਿਆਰ ਕੀਤੀ ਗਈ ਹੈ।


ਇਨ੍ਹਾਂ ਵਿੱਚੋਂ ਅਨੇਕ ਗ੍ਰਿਫ਼ਤਾਰ ਵਿਅਕਤੀ ਪਹਿਲਾਂ ਤੋਂ ਹੋਰ ਮਾਮਲਿਆਂ ਵਿੱਚ ਜ਼ਮਾਨਤ 'ਤੇ ਸੀ। ਜਾਂਚ ਦੌਰਾਨ ਹੋਰ ਪੁੱਛਗਿੱਛ ਕਰਕੇ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।


ਪੀਲ ਪੁਲੀਸ ਦੇ ਚੀਫ ਨਿਸ਼ਾਨ ਦੁਰੈਫਾ ਨੇ ਉਮੀਦ ਜਤਾਈ ਹੈ ਕਿ ਇਹ ਗ੍ਰਿਫ਼ਤਾਰੀਆਂ ਵਾਹਨ ਚੋਰੀ ਅਤੇ ਨਕਲੀ ਬੀਮਾ ਕਲੇਮ ਵਾਂਗੂ ਅਪਰਾਧਾਂ ਵਿੱਚ ਕਮੀ ਲਿਆਉਣਗੀਆਂ।


ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ
ਪੁਲੀਸ ਅਨੁਸਾਰ ਗ੍ਰੋਹਾਂ ਦੇ ਮੁਖੀ ਇੰਦਰਜੀਤ ਧਾਮੀ (38) ਹਨ। ਹੋਰ ਗ੍ਰਿਫ਼ਤਾਰ ਲੋਕਾਂ ਵਿੱਚ ਪ੍ਰੀਤੋਸ਼ ਚੋਪੜਾ (32), ਗੁਰਬਿੰਦਰ ਸਿੰਘ (28), ਕੁਲਵਿੰਦਰ ਪੁਰੀ (25), ਪਰਮਿੰਦਰ ਪੁਰੀ (31), ਇੰਦਰਜੀਤ ਬੱਲ (29), ਵਰੁਣ ਔਲ (31), ਕੇਤਨ ਚੋਪੜਾ (30), ਪਵਨਦੀਪ ਸਿੰਘ (25), ਦਿਪਾਂਸ਼ੂ ਗਰਗ (24), ਰਾਹੁਲ ਵਰਮਾ (27), ਕਰਨ ਬੋਪਾਰਾਏ (26), ਮਨਕੀਰਤ ਬੋਪਾਰਾਏ (22), ਸਿਮਰ ਬੋਪਾਰਾਏ (21), ਜੋਵਨ ਸਿੰਘ (23) ਅਤੇ ਅਭਿਨਵ ਭਾਰਦਵਾਜ (25) ਸ਼ਾਮਲ ਹਨ। ਇਹ ਸਾਰੇ ਬਰੈਂਪਟਨ ਦੇ ਨਿਵਾਸੀ ਹਨ।


ਸਮਾਜਿਕ ਰੂਪ ਤੋਂ ਚੋਨਕਾਉਣ ਵਾਲੀ ਹਕੀਕਤ


ਜਾਣਕਾਰੀ ਮੁਤਾਬਕ, ਇਨ੍ਹਾਂ ਵਿੱਚੋਂ ਕਈ ਲੋਕ ਸਮਾਜਿਕ ਸੇਵਾ ਨਾਲ ਜੁੜੇ ਹੋਏ ਦਿਖਾਈ ਦਿੰਦੇ ਸਨ। ਇਹ ਲੰਗਰ ਲਾਉਂਦੇ, ਤੇ ਸੋਸ਼ਲ ਮੀਡੀਆ 'ਤੇ ਵੀਡੀਓਜ਼ ਸ਼ੇਅਰ ਕਰਦੇ ਸਨ।


ਪੁਲੀਸ ਵੱਲੋਂ ਬਰਾਮਦ ਕੀਤੀ ਗਈ ਚੀਜ਼ਾਂ


ਜਾਂਚ ਦੌਰਾਨ ਪੁਲੀਸ ਨੇ 18 ਟੋਅ ਟਰੱਕ, 4 ਮਹਿੰਗੀਆਂ ਲਗਜ਼ਰੀ ਕਾਰਾਂ, 5 ਹੋਰ ਵਾਹਨ, 6 ਗੈਰਕਾਨੂੰਨੀ ਬੰਦੂਕਾਂ, 2 ਬੁਲੇਟਪਰੂਫ ਜੈਕਟਾਂ, ਕਈ ਹੋਰ ਹਥਿਆਰ, 586 ਗੋਲੀਆਂ ਅਤੇ 45 ਹਜ਼ਾਰ ਡਾਲਰ ਦੀ ਨਕਦੀ ਜ਼ਬਤ ਕੀਤੀ ਹੈ।


ਅਪਰਾਧਿਕ ਤਰੀਕੇ ਅਤੇ ਫਿਰੌਤੀ ਦੀ ਉਗਰਾਹੀ


ਦੋਵੇਂ ਗਰੋਹ "ਸਰਟੀਫਾਈਡ ਰੋਡਸਾਈਡ" ਅਤੇ "ਹੰਬਲ ਰੋਡਸਾਈਡ" ਨਾਂਅ ਦੀਆਂ ਟੋਅ ਕੰਪਨੀਆਂ ਚਲਾਉਂਦੇ ਸਨ। ਇਹ ਰਸਤੇ 'ਚ ਟੋਅ ਕੀਤੇ ਵਾਹਨਾਂ ਦੀ ਐਕਸੀਡੈਂਟ ਰਿਪੋਰਟ ਦੇ ਕੇ ਲੱਖਾਂ ਡਾਲਰਾਂ ਦੇ ਕਲੇਮ ਕਰਦੇ ਸਨ।


ਇਸ ਤੋਂ ਇਲਾਵਾ, ਉਹ ਵਪਾਰੀਆਂ ਨੂੰ ਫਿਰੌਤੀ ਲਈ ਧਮਕੀ ਭਰੀ ਕਾਲਾਂ ਕਰਦੇ, ਅਤੇ ਨਾ ਸੁਣਨ 'ਤੇ ਗੋਲੀਬਾਰੀ ਕਰਕੇ ਦਬਾਅ ਬਣਾਉਂਦੇ ਸਨ। ਪੁਲੀਸ ਅਨੁਸਾਰ ਫਿਰੌਤੀ ਰਾਹੀਂ ਇਕੱਠੀ ਕੀਤੀ ਰਕਮ ਦਾ ਸਹੀ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ, ਕਿਉਂਕਿ ਬਹੁਤ ਸਾਰੇ ਪੀੜਤਾਂ ਨੇ ਇਹ ਮਾਮਲੇ ਪੁਲੀਸ ਨੂੰ ਰਿਪੋਰਟ ਨਹੀਂ ਕੀਤੇ। ਪਰ ਇਹ ਰਕਮ 10 ਲੱਖ ਡਾਲਰ ਤੋਂ ਉੱਪਰ ਹੋ ਸਕਦੀ ਹੈ।


ਡਿਪਟੀ ਪੁਲੀਸ ਚੀਫ ਨੇ ਕਿਹਾ ਹੈ ਕਿ ਜਾਂਚ ਹਾਲੇ ਜਾਰੀ ਹੈ ਅਤੇ ਜੋ ਵੀ ਵਿਅਕਤੀ ਗਰੋਹ ਨਾਲ ਸਿੱਧਾ ਜਾਂ ਅਪਰੋਕਸੀ ਰੂਪ ਵਿੱਚ ਜੁੜੇ ਹੋਏ ਹਨ, ਉਨ੍ਹਾਂ ਖਿਲਾਫ਼ ਵੀ ਸਖ਼ਤ ਕਾਰਵਾਈ ਹੋਏਗੀ।

Story You May Like