The Summer News
×
Sunday, 08 March 2026

ਆਈਏਐਸ ਪੀਸੀਐਸ ਦੀ ਕੋਚਿੰਗ ਦੇਣ ਵਾਲਾ ਅੰਬੇਦਕਰ ਇੰਸਟੀਚਿਊਟ ਸਰਕਾਰ ਦੀ ਲਾਪਰਵਾਹੀ ਕਾਰਨ ਬਣ ਰਿਹਾ ਖੰਡਰ

ਡਿਪਟੀ ਮੇਅਰ ਨੇ ਕੀਤੀ ਪੰਜਾਬ ਸਰਕਾਰ ਦੀ ਨਿਖੇਧੀ: ਕੀਤੇ ਸਵਾਲ ਖੜੇ


ਮੋਹਾਲੀ, 25 ਅਗਸਤ : ਭਗਵੰਤ ਮਾਨ ਸਰਕਾਰ ਜਿਹੜੀ ਪੰਜਾਬ ਦੇ ਬੱਚਿਆਂ ਨੂੰ ਆਈਏਐਸ, ਪੀਸੀਐਸ, ਬੈਂਕਿੰਗ, ਸਟੈਨੋ ਅਤੇ ਹੋਰ ਪ੍ਰਤੀਯੋਗੀ ਪਰੀਖਿਆਵਾਂ ਵਿੱਚ ਸਫਲ ਦੇਖਣ ਦੇ ਸੁਪਨੇ ਵੇਚਦੀ ਰਹੀ, ਉਸਦੀ ਸੱਚਾਈ ਮੋਹਾਲੀ ਦੇ ਫੇਜ਼-3 ਬੀ ਟੂ ਵਿੱਚ ਸਥਿਤ ਅੰਬੇਦਕਰ ਇੰਸਟੀਚਿਊਟ ਦੇ ਬੁਰੇ ਹਾਲਾਤਾਂ ਤੋਂ ਬਾਹਰ ਆ ਰਹੀ ਹੈ। ਜਿੱਥੇ ਕਾਬਲ ਅਫਸਰ ਤਿਆਰ ਹੋਣੇ ਸਨ, ਉਥੇ ਅੱਜ ਸਿਰਫ਼ ਖਾਲੀ ਕਲਾਸਰੂਮ, ਉੱਗਿਆ ਘਾਹ, ਬੰਦ ਲਾਇਬ੍ਰੇਰੀਆਂ ਤੇ ਨਿਯਮਤ ਸਟਾਫ ਦੀ ਥਾਂ ਗੈਸਟ ਫੈਕਲਟੀ ਦੇ ਸਹਾਰੇ ਖੰਡਰ ਵਰਗਾ ਦ੍ਰਿਸ਼ ਬਣਿਆ ਹੋਇਆ ਹੈ। ਇਹ ਗੱਲ ਮੋਹਾਲੀ ਦੇ ਡਿਪਟੀ ਮੇਹਰ ਕੁਲਜੀਤ ਸਿੰਘ ਬੇਦੀ ਨੇ ਇੱਥੋਂ ਦਾ ਦੌਰਾ ਕਰਨ ਤੋਂ ਬਾਅਦ ਕਹੀ।


ਉਹਨਾਂ ਕਿਹਾ ਕਿ ਇਹ ਇੰਸਟੀਚਿਊਟ ਖ਼ਾਸ ਤੌਰ ’ਤੇ ਐਸਸੀ ਬੱਚਿਆਂ ਲਈ ਸਥਾਪਿਤ ਕੀਤਾ ਗਿਆ ਸੀ, ਤਾਂ ਜੋ ਗਰੀਬ ਘਰਾਂ ਦੇ ਹੋਣਹਾਰ ਵਿਦਿਆਰਥੀਆਂ ਨੂੰ ਮੁਫ਼ਤ ਸਹੂਲਤਾਂ ਤੇ ਗੁਣਵੱਤਾ ਵਾਲੀ ਕੋਚਿੰਗ ਮਿਲ ਸਕੇ। ਪਰ ਹੁਣ ਹਾਲਾਤ ਇਹ ਹਨ ਕਿ 120 ਸੀਟਾਂ ਵਾਲਾ ਇਹ ਕੇਂਦਰ ਅਧਿਆਪਕਾਂ ਤੋਂ ਖਾਲੀ ਪਿਆ ਹੈ। ਪ੍ਰਿੰਸੀਪਲ, ਲੈਕਚਰਾਰ, ਲਾਇਬ੍ਰੇਰੀਅਨ, ਲੈਬ ਐਟੈਂਡੈਂਟ ਤੋਂ ਲੈ ਕੇ ਸਫਾਈ ਸੇਵਕ ਤੱਕ ਸਾਰੇ ਹੀ ਰਿਟਾਇਰ ਹੋ ਚੁੱਕੇ ਹਨ। ਨਾ ਨਵੀਆਂ ਭਰਤੀਆਂ ਹੋਈਆਂ ਤੇ ਨਾ ਹੀ ਕੋਈ ਸਥਾਈ ਤੌਰ ’ਤੇ ਨਿਯੁਕਤੀ ਹੋਈ।


ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਹੁਣ ਕੇਵਲ ਦੋ ਸਟੇਨੋ ਇੰਸਟਰਕਟਰਾਂ ਦੇ ਸਹਾਰੇ ਪੂਰੇ ਇੰਸਟੀਚਿਊਟ ਦਾ ਕੰਮ ਚਲਾਇਆ ਜਾ ਰਿਹਾ ਹੈ ਹੈ। ਉਹੀ ਦੋ ਬੰਦੇ ਕਲਾਸਾਂ ਤੋਂ ਲੈ ਕੇ ਹੋਸਟਲ ਤੱਕ ਦੇ ਇੰਚਾਰਜ ਹਨ। ਕੁੜੀਆਂ ਦੇ ਹੋਸਟਲ ਤੋਂ ਲੈ ਕੇ ਮੁੰਡਿਆਂ ਦੇ ਹੋਸਟਲ ਤੱਕ ਬੰਦੇ ਨੂੰ ਇੰਚਾਰਜ ਬਣਾਉਣਾ ਨਾ ਸਿਰਫ਼ ਕਾਨੂੰਨੀ ਤੌਰ ’ਤੇ ਗਲਤ ਹੈ, ਸਗੋਂ ਸੁਰੱਖਿਆ ਮਾਮਲਿਆਂ ਨੂੰ ਵੀ ਸਵਾਲਾਂ ਦੇ ਘੇਰੇ ਵਿੱਚ ਲਿਆਉਂਦਾ ਹੈ।


ਉਹਨਾਂ ਕਿਹਾ ਕਿ ਸਭ ਤੋਂ ਵੱਡਾ ਧੱਕਾ ਇਹ ਹੈ ਕਿ ਬੱਚਿਆਂ ਨੂੰ ਪੜ੍ਹਾਉਣ ਲਈ ਕੋਈ ਸਥਾਈ ਲੈਕਚਰਾਰ ਨਹੀਂ। ਗੈਸਟ ਫੈਕਲਟੀ ਰਾਹੀਂ ਪੜਾਉਣ ਦਾ ਬੂਤਾ ਸਾਰਿਆ ਜਾ ਰਿਹਾ ਹੈ। ਇਸ ਨਾਲ ਉਹ ਗੁਣਵੱਤਾ ਵਾਲੀ ਕੋਚਿੰਗ ਕਿੱਥੋਂ ਮਿਲੇਗੀ ਜਿਸਦਾ ਵਾਅਦਾ ਸਰਕਾਰ ਨੇ ਕੀਤਾ ਸੀ? ਸਵਾਲ ਇਹ ਹੈ ਕਿ ਕੀ ਇਸ ਤਰ੍ਹਾਂ ਤਿਆਰ ਹੋਣ ਵਾਲੇ ਬੱਚੇ ਆਈਏਐਸ ਅਤੇ ਪੀਸੀਐਸ ਬਣ ਸਕਦੇ ਹਨ? ਜਵਾਬ ਸਪਸ਼ਟ ਹੈ – ਕਦੇ ਨਹੀਂ।


ਉਹਨਾਂ ਕਿਹਾ ਕਿ ਇੰਸਟੀਚਿਊਟ ਦੀ ਇਮਾਰਤ ਵੀ ਅੱਜ ਬੇਹਾਲ ਹੈ। ਕਈ ਮਹੀਨਿਆਂ ਤੋਂ ਸਫਾਈ ਨਾ ਹੋਣ ਕਾਰਨ ਜੰਗਲੀ ਘਾਹ ਗੋਡੇ-ਗੋਡੇ ਤੱਕ ਉੱਗ ਚੁੱਕਾ ਹੈ। ਮੀਂਹ ਕਾਰਨ ਪਾਣੀ ਖੜ੍ਹਾ ਹੈ, ਜਿਸ ਨਾਲ ਮੱਛਰਾਂ ਤੇ ਕੀੜੇ-ਮਕੌੜਿਆਂ ਦੀ ਭਰਮਾਰ ਹੈ। ਡੇਂਗੂ ਤੇ ਹੋਰ ਬਿਮਾਰੀਆਂ ਦੇ ਖਤਰੇ ਵਿਚਕਾਰ ਬੱਚਿਆਂ ਨੂੰ ਇੱਥੇ ਰਿਹਾਇਸ਼ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਇਹ ਹਾਲਾਤ ਕਿਸੇ ਵੀ ਜ਼ਿੰਮੇਵਾਰ ਸਰਕਾਰ ਲਈ ਸ਼ਰਮ ਤੋਂ ਘੱਟ ਨਹੀਂ।


ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਦੌਰੇ ਦੌਰਾਨ ਸਿੱਧਾ ਭਗਵੰਤ ਮਾਨ ਸਰਕਾਰ ’ਤੇ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਸਰਕਾਰ ਬੋਰਡਾਂ ਤੇ ਇਸ਼ਤਿਹਾਰਾਂ ਰਾਹੀਂ ਤਾਂ ਦਿਖਾਉਂਦੀ ਹੈ ਕਿ “ਪੰਜਾਬ ਦੇ ਬੱਚੇ ਆਈਏਐਸ ਬਣਣਗੇ, ਪੀਸੀਐਸ ਬਣਣਗੇ,” ਪਰ ਗਰਾਊਂਡ ਜ਼ੀਰੋ ’ਤੇ ਹਕੀਕਤ ਇਸਦੇ ਉਲਟ ਹੈ। ਜਿੱਥੇ ਪੜ੍ਹਾਉਣ ਵਾਲੇ ਹੀ ਨਹੀਂ ਹਨ, ਉਥੇ ਅਧਿਆਪਕਾਂ ਤੋਂ ਬਿਨਾਂ ਆਫਸਰ ਕਿਵੇਂ ਬਣਣਗੇ?


ਉਨ੍ਹਾਂ ਕਿਹਾ ਕਿ ਇਹ ਇੰਸਟੀਚਿਊਟ ਪੰਜਾਬ ਦੇ ਭਵਿੱਖ ਨੂੰ ਸਵਾਰਣ ਲਈ ਬਣਾਇਆ ਗਿਆ ਸੀ, ਪਰ ਸਰਕਾਰ ਨੇ ਇਸਨੂੰ ਲਾਪਰਵਾਹੀ ਕਾਰਨ ਬਰਬਾਦ ਕਰ ਦਿੱਤਾ। “ਇਹ ਸਿਰਫ਼ ਇਕ ਇਮਾਰਤ ਦੀ ਬੇਹਾਲੀ ਨਹੀਂ, ਸਗੋਂ ਗਰੀਬ ਬੱਚਿਆਂ ਦੇ ਸੁਪਨਿਆਂ ਨਾਲ ਧੋਖਾ ਹੈ। ਭਗਵੰਤ ਮਾਨ ਸਰਕਾਰ ਨੇ ਜਿਨ੍ਹਾਂ ਵਾਅਦਿਆਂ ਨਾਲ ਲੋਕਾਂ ਦਾ ਭਰੋਸਾ ਜਿੱਤਿਆ ਸੀ, ਉਹ ਵਾਅਦੇ ਹੁਣ ਝੂਠੇ ਤੇ ਖੋਖਲੇ ਸਾਬਤ ਹੋ ਰਹੇ ਹਨ।”


ਬੇਦੀ ਨੇ ਸਪਸ਼ਟ ਕਿਹਾ ਕਿ ਜੇ ਜਲਦੀ ਸਟਾਫ ਦੀ ਨਿਯੁਕਤੀ ਨਾ ਹੋਈ, ਤਾਂ ਇਹ ਗਰੀਬ ਤੇ ਪਿੱਛੜੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਦੇ ਬਰਾਬਰ ਹੋਵੇਗਾ। ਉਹਨਾਂ ਕਿਹਾ ਕਿ ਅੰਬੇਦਕਰ ਇੰਸਟੀਚਿਊਟ ਵਰਗੇ ਕੇਂਦਰਾਂ ਨੂੰ ਰੱਬ ਭਰੋਸੇ ਛੱਡ ਦੇਣਾ ਦਰਅਸਲ ਪੰਜਾਬ ਦੇ ਭਵਿੱਖ ਨੂੰ ਖੰਡਰ ਬਣਾਉਣ ਦੇ ਸਮਾਨ ਹੈ।

Story You May Like