The Summer News
×
Sunday, 08 March 2026

ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਗਿੱਦੜਬਾਹਾ ਵਿਖੇ ਇੱਕ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਕਰਵਾਇਆ ਗਿਆ

ਗਿੱਦੜਬਾਹਾ, 3 ਮਾਰਚ


ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਅੱਜ ਬਲਾਕ/ਹਲਕਾ ਗਿੱਦੜਬਾਹਾ ਵਿਖੇ ਇੱਕ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਸਮਾਗਮ ਵਿੱਚ ਉਨ੍ਹਾਂ ਮਿਹਨਤੀ ਔਰਤਾਂ ਨੂੰ ਸਨਮਾਨਿਤ ਕੀਤਾ ਗਿਆ, ਜੋ ਸਵੈ-ਸਹਾਇਤਾ ਗਰੁੱਪਾਂ (SHGs) ਰਾਹੀਂ ਸਵੈ-ਰੋਜ਼ਗਾਰ ਚਲਾ ਕੇ ਆਪਣੇ ਪਰਿਵਾਰਾਂ ਦਾ ਸਫਲਤਾਪੂਰਵਕ ਪਾਲਣ-ਪੋਸ਼ਣ ਕਰ ਰਹੀਆਂ ਹਨ।


ਇਸ ਸਮਾਗਮ ਵਿੱਚ ਸ. ਹਰਦੀਪ ਸਿੰਘ 'ਡਿੰਪੀ' ਢਿੱਲੋਂ ਹਲਕਾ ਵਿਧਾਇਕ ਗਿੱਦੜਬਾਹਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਨਮਾਨਿਤ ਮਹਿਲਾਵਾਂ ਨੂੰ ਵਧਾਈ ਦਿੰਦਿਆਂ ਸਰਦਾਰ ਢਿੱਲੋਂ ਨੇ ਕਿਹਾ ਕਿ ਪੰਜਾਬ ਸਰਕਾਰ ਔਰਤਾਂ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਗਿੱਦੜਬਾਹਾ ਬਲਾਕ ਦੀਆਂ ਇਹ ਔਰਤਾਂ ਅੱਜ ਦੂਜਿਆਂ ਲਈ ਪ੍ਰੇਰਣਾ ਸਰੋਤ ਬਣੀਆਂ ਹਨ, ਜੋ ਘਰ ਦੇ ਕੰਮਾਂ ਦੇ ਨਾਲ-ਨਾਲ ਸਵੈ-ਰੋਜ਼ਗਾਰ ਰਾਹੀਂ ਆਰਥਿਕ ਸੁਤੰਤਰਤਾ ਵੱਲ ਵਧ ਰਹੀਆਂ ਹਨ।


ਸਮਾਗਮ ਦੌਰਾਨ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਸ. ਮਨਜੋਤ ਸਿੰਘ ਨੇ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਇਨ੍ਹਾਂ ਮਹਿਲਾ ਉੱਦਮੀਆਂ ਦੀ ਚੋਣ ਉਨ੍ਹਾਂ ਦੀ ਕਾਰਗੁਜ਼ਾਰੀ ਅਤੇ ਹੁਨਰ ਦੇ ਆਧਾਰ 'ਤੇ ਕੀਤੀ ਗਈ ਹੈ।


ਇਸ ਮੌਕੇ  ਗੁਰਵਿੰਦਰ ਸਿੰਘ ਸਰਪੰਚ, ਜਸਕਰਨ ਸਿੰਘ ਸੁਪਰਡੈਂਟ, ਜੋਨੀ ਕੁਮਾਰ ਐਮ.ਆਈ.ਐਸ ਕੌਆਰਡੀਨੇਟਰ, ਸਵਰਨ ਸਿੰਘ ਬੀ.ਪੀ.ਐਮ ਅਤੇ ਹੀਰਾ ਸਿੰਘ ਸੀ.ਸੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ, ਜਿਨ੍ਹਾਂ ਨੇ ਸਮਾਗਮ ਦੇ ਪ੍ਰਬੰਧਾਂ ਵਿੱਚ ਅਹਿਮ ਭੂਮਿਕਾ ਨਿਭਾਈ ਅਤੇ ਸਨਮਾਨਿਤ ਹੋਣ ਵਾਲੀਆਂ ਬੀਬੀਆਂ ਦੀ ਹੌਸਲਾ ਅਫਜ਼ਾਈ ਕੀਤੀ। ਸਨਮਾਨਿਤ ਹੋਈਆਂ ਮਹਿਲਾਵਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਨਮਾਨਾਂ ਨਾਲ ਉਨ੍ਹਾਂ ਵਿੱਚ ਕੰਮ ਪ੍ਰਤੀ ਹੋਰ ਉਤਸ਼ਾਹ ਪੈਦਾ ਹੁੰਦਾ ਹੈ। ਸਮਾਗਮ ਦੇ ਅਖੀਰ ਵਿੱਚ ਮੁੱਖ ਮਹਿਮਾਨ ਅਤੇ ਅਧਿਕਾਰੀਆਂ ਵੱਲੋਂ ਚੁਣੀਆਂ ਗਈਆਂ ਮਹਿਲਾਵਾਂ ਨੂੰ ਯਾਦਗਾਰੀ ਚਿੰਨ੍ਹ ਅਤੇ ਪ੍ਰਸ਼ੰਸਾ ਪੱਤਰ ਭੇਂਟ ਕੀਤੇ ਗਏ।

Story You May Like