The Summer News
×
Sunday, 15 December 2024

ਹਾਦਸੇ ਰੋਕਣ ਲਈ ਸੜਕਾਂ 'ਤੇ 'ਬਲਾਇੰਡ ਸਪਾਟ' ਤੁਰੰਤ ਠੀਕ ਕੀਤੇ ਜਾਣ-ਡਾ. ਪ੍ਰੀਤੀ ਯਾਦਵ

ਪਟਿਆਲਾ, 8 ਨਵੰਬਰ :
ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਲੋਕ ਨਿਰਮਾਣ ਵਿਭਾਗ, ਨੈਸ਼ਨਲ ਹਾਈਵੇ, ਪੰਜਾਬ ਮੰਡੀ ਬੋਰਡ, ਨਗਰ ਨਿਗਮ ਤੇ ਪੀ.ਡੀ.ਏ. ਆਦਿ ਵਿਭਾਗਾਂ ਨੂੰ ਆਦੇਸ਼ ਦਿੱਤੇ ਹਨ ਕਿ ਜ਼ਿਲ੍ਹੇ ਅੰਦਰ ਉਨ੍ਹਾਂ ਦੀਆਂ ਸੜਕਾਂ 'ਤੇ ਸੜਕੀ ਹਾਦਸਿਆਂ ਦੇ ਕਾਰਨ ਬਣਦੇ 'ਬਲਾਇੰਡ ਸਪਾਟ' ਤੁਰੰਤ ਠੀਕ ਕੀਤੇ ਜਾਣ ਤਾਂ ਕਿ ਹਾਦਸਿਆਂ ਕਰਕੇ ਕੀਮਤੀ ਮਨੁੱਖੀ ਜਾਨਾਂ ਅਜਾਂਈ ਨਾ ਜਾਣ।ਅੱਜ ਇੱਥੇ ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੀ ਬੈਠਕ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਸਬੰਧਤ ਵਿਭਾਗਾਂ ਨੂੰ ਇਹ ਵੀ ਹਦਾਇਤ ਕੀਤੀ ਕਿ ਲੋਕਾਂ ਨੂੰ ਆਵਾਜਾਈ ਲਈ ਸੁਰੱਖਿਅਤ ਸੜਕਾਂ ਪ੍ਰਦਾਨ ਕਰਨ ਲਈ ਕੋਈ ਕਸਰ ਬਾਕੀ ਨਾ ਛੱਡੀ ਜਾਵੇ। ਸੜਕਾਂ ਬਣਾਉਣ ਵਾਲੇ ਸਾਰੇ ਵਿਭਾਗ ਇਹ ਵੀ ਯਕੀਨੀ ਬਣਾਉਣ ਕਿ ਉਨ੍ਹਾਂ ਦੇ ਪੁਲ ਸੁਰੱਖਿਅਤ ਹੋਣ, ਇਸ ਬਾਬਤ ਤੁਰੰਤ ਸਰਵੇ ਕਰਕੇ ਸਰਟੀਫਿਕੇਟ ਜਮ੍ਹਾਂ ਕਰਵਾਏ ਜਾਣ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਭਾਗ ਦੀ ਅਣਗਹਿਲੀ ਕਰਕੇ ਕੋਈ ਹਾਦਸਾ ਵਾਪਰਦਾ ਹੈ ਤਾਂ ਇਸ ਦੀ ਜਿੰਮੇਵਾਰੀ ਸਬੰਧਤ ਵਿਭਾਗ ਜਾਂ ਏਜੰਸੀ ਦੀ ਹੋਵੇਗੀ।ਡਾ. ਪ੍ਰੀਤੀ ਯਾਦਵ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਸਰਦੀਆਂ ਵਿੱਚ ਧੁੰਦ ਕਰਕੇ ਕਈ ਹਾਦਸੇ ਵਾਪਰਦੇ ਹਨ, ਇਸ ਲਈ ਧੁੰਦ ਪੈਣ ਦੇ ਮੌਸਮ ਤੋਂ ਪਹਿਲਾਂ-ਪਹਿਲਾਂ ਬਲਾਇੰਡ ਸਪਾਟ ਠੀਕ ਕਰਨ ਦੇ ਨਾਲ-ਨਾਲ ਸੜਕਾਂ ਕਿਨਾਰੇ ਚਿੱਟੀ ਪੱਟੀ, ਕੈਟ ਆਈ ਰਿਫਲੈਕਟਰ, ਝੰਡੇ ਲਗਾਉਣ ਸਮੇਤ ਤੇ ਸਾਇਕਲ, ਰੇਹੜੀਆਂ ਤੇ ਟਰਾਲੀਆਂ ਦੇ ਪਿਛਲੇ ਪਾਸੇ ਰਿਫਲੈਕਟਰ ਜਰੂਰ ਲਗਾਏ ਜਾਣ ਤੇ ਸੜਕਾਂ ਦੇ ਕਿਨਾਰੇ ਖੜ੍ਹੇ ਦਰਖ਼ਤਾਂ ਦੀਆਂ ਟਾਹਣੀਆਂ ਛਾਂਗੀਆਂ ਜਾਣ। ਉਨ੍ਹਾਂ ਟ੍ਰੈਫਿਕ ਪੁਲਿਸ ਨੂੰ ਹਦਾਇਤ ਕੀਤੀ ਕਿ ਸਕੂਟਰ ਤੇ ਮੋਟਰਸਾਇਕਲਾਂ 'ਤੇ ਸਾਈਡ ਮਿਰਰ ਵੀ ਲਗਾਏ ਜਾਣੇ ਯਕੀਨੀ ਬਣਾਏ ਜਾਣ। ਇਸ ਤੋਂ ਬਿਨ੍ਹਾਂ ਨਗਰ ਨਿਗਮ ਤੇ ਹੋਰ ਵਿਭਾਗ ਸੜਕਾਂ ਦੇ ਕਿਨਾਰੇ ਕੀਤੇ ਨਾਜਾਇਜ਼ ਕਬਜ਼ੇ ਵੀ ਛੁਡਵਾਉਣ ਤੇ ਸੜਕਾਂ ਆਵਾਜਾਈ ਲਈ ਸੁਰੱਖਿਅਤ ਕੀਤੀਆਂ ਜਾਣ।
ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਲੋਕਾਂ ਨੂੰ ਸੜਕੀ ਨੇਮਾਂ ਬਾਰੇ ਜਾਗਰੂਕ ਕਰਨ ਸਮੇਤ ਫਰਿਸਤੇ ਸਕੀਮ, ਜਿਸ 'ਚ ਸੜਕ ਹਾਦਸੇ 'ਚ ਜਖ਼ਮੀਆਂ ਨੂੰ ਹਸਪਤਾਲ ਪਹੁੰਚਾਉਣ ਵਾਲੇ ਦਾ ਸਨਮਾਨ ਕੀਤਾ ਜਾਂਦਾ ਹੈ ਬਾਰੇ ਵੀ ਲੋਕਾਂ ਨੂੰ ਦੱਸਿਆ ਜਾਵੇ। ਇਸ ਤੋਂ ਸੇਫ ਸਕੂਲ ਵਾਹਨ ਪਾਲਿਸੀ ਲਾਗੂ ਕਰਨ ਤੇ ਬਿਨ੍ਹਾਂ ਸ਼ਰਾਬ ਪੀ ਕੇ ਡਰਾਇਵਿੰਗ ਕਰਨ ਸਮੇਤ ਨਬਾਲਗਾਂ ਵੱਲੋਂ ਡਰਾਇਵਿੰਗ ਕਰਨ ਵਿਰੁੱਧ ਵੀ ਸਖ਼ਤੀ ਵਰਤਣ 'ਤੇ ਜੋਰ ਦਿਤਾ ਗਿਆ ਤਾਂ ਕਿ ਹਾਦਸਿਆਂ ਕਰਕੇ ਹੁੰਦੀਆਂ ਮੌਤਾਂ ਦੀ ਦਰ ਘਟਾਈ ਜਾਵੇ।
ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਨੇ 'ਹਿਟ ਐਂਡ ਰਨ ਮੋਟਰ ਐਕਸੀਡੈਂਟ ਸਕੀਮ-2022 'ਚ ਮੁਆਵਜਾ ਦਿਵਾਉਣ ਦੇ ਕੇਸ ਵੀ ਪਾਸ ਕੀਤੇ।

Story You May Like