The Summer News
×
Thursday, 17 July 2025

ਚਰਨਜੀਤ ਸਿੰਘ ਚੰਨੀ ਦਲਿਤਾਂ ਦੇ ਨਾਂ 'ਤੇ ਵਹਾ ਰਹੇ ਮਗਰਮੱਛ ਦੇ ਹੰਝੂ- ਹਰਚੰਦ ਸਿੰਘ ਬਰਸਟ

ਚੰਡੀਗੜ੍ਹ, 13 ਜੂਨ, 2025


ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਜਨਰਲ ਸਕੱਤਰ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਜਲੰਧਰ ਤੋਂ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦਲਿਤ ਭਾਈਚਾਰੇ ਦੇ ਨਾਂ 'ਤੇ ਨਿੱਜੀ ਹਿੱਤਾਂ ਦੀ ਰਾਜਨੀਤੀ ਕਰਦੇ ਹੋਏ ਮਗਰਮੱਛ ਦੇ ਹੰਝੂ ਵਹਾ ਰਹੇ ਹਨ।


ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੱਕ ਸੱਤਾ ਵਿੱਚ ਰਹਿਣ ਦੇ ਬਾਵਜੂਦ, ਕਾਂਗਰਸ ਪਾਰਟੀ ਨੇ ਦਲਿਤ ਵਰਗ ਨੂੰ ਮੁੱਢਲੀਆਂ ਸਹੂਲਤਾਂ ਵੀ ਨਹੀਂ ਦਿੱਤੀਆਂ, ਸਗੋਂ ਚੋਣਾਂ ਦੌਰਾਨ ਖੋਖਲੇ ਨਾਅਰੇ ਲਗਾ ਕੇ ਦਲਿਤ ਵਰਗ ਨੂੰ ਗੁੰਮਰਾਹ ਕੀਤਾ ਗਿਆ ਹੈ। ਦਲਿਤ ਵਰਗ ਲਈ ਕਦੇ ਵੀ ਚੰਗੇ ਸਕੂਲ, ਹਸਪਤਾਲ, ਰੁਜ਼ਗਾਰ ਦੇ ਮੌਕੇ ਨਹੀਂ ਬਣਾਏ ਗਏ ਅਤੇ ਅੱਜ ਜਦੋਂ ਕਾਂਗਰਸ ਪਾਰਟੀ ਨੇ ਦਲਿਤਾਂ ਤੋਂ ਪੂਰੀ ਤਰ੍ਹਾਂ ਦੂਰੀ ਬਣਾ ਲਈ ਹੈ, ਤਾਂ ਚਰਨਜੀਤ ਸਿੰਘ ਚੰਨੀ ਵਰਗੇ ਆਗੂ ਸਿਰਫ਼ ਗੁੰਮਰਾਹਕੁੰਨ ਬਿਆਨ ਦੇ ਰਹੇ ਹਨ।


ਬਰਸਟ ਨੇ ਕਿਹਾ ਕਿ ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਸਰਕਾਰ ਬਣਦੇ ਹੀ ਸਮਾਜ ਦੇ ਸਾਰੇ ਵਰਗਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਕਾਰਜਾਂ ਦੀ ਹਨੇਰੀ ਲਿਆਂਦੀ। ਸਾਰੇ ਵਰਗਾਂ ਨੂੰ ਦੋ ਮਹੀਨਿਆਂ ਵਿੱਚ 600 ਯੂਨਿਟ ਮੁਫ਼ਤ ਬਿਜਲੀ ਦਿੱਤੀ ਜਾ ਰਹੀ ਹੈ। ਔਰਤਾਂ ਲਈ ਯਾਤਰਾ ਕਰਨ ਲਈ ਮੁਫ਼ਤ ਬੱਸ ਸੇਵਾ ਚਲਾਈ ਜਾ ਰਹੀ ਹੈ।


ਉਨ੍ਹਾਂ ਕਿਹਾ ਕਿ ਐਡਵੋਕੇਟ ਜਨਰਲ ਦਫ਼ਤਰ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਸਰਕਾਰੀ ਵਕੀਲਾਂ ਦੀਆਂ ਅਸਾਮੀਆਂ ਦੀ ਭਰਤੀ ਲਈ ਰਾਖਵਾਂਕਰਨ ਦਿੱਤਾ ਗਿਆ। ਦਲਿਤ ਵਰਗ ਦਾ ਲਗਭਗ 68 ਕਰੋੜ ਰੁਪਏ ਦਾ ਕਰਜ਼ਾ ਵੀ ਮੁਆਫ਼ ਕੀਤਾ ਗਿਆ ਹੈ।


ਪੰਜਾਬ ਸਰਕਾਰ ਵੱਲੋਂ ਲਗਭਗ 55,000 ਸਰਕਾਰੀ ਨੌਕਰੀਆਂ ਬਿਨਾਂ ਕਿਸੇ ਰਿਸ਼ਵਤ ਜਾਂ ਸਿਫਾਰਸ਼ ਦੇ ਦਿੱਤੀਆਂ ਗਈਆਂ ਹਨ ਅਤੇ ਉਨ੍ਹਾਂ ਵਿੱਚ ਵੀ ਦਲਿਤ ਵਰਗ ਨੂੰ ਪੂਰਾ ਰਾਖਵਾਂਕਰਨ ਦਿੱਤਾ ਗਿਆ ਹੈ। ਅੱਜ ਪੰਜਾਬ ਸਰਕਾਰ ਵਿੱਚ ਦਲਿਤ ਭਾਈਚਾਰੇ ਨਾਲ ਸਬੰਧਤ ਮੰਤਰੀਆਂ ਨੂੰ ਮਹੱਤਵਪੂਰਨ ਅਹੁਦੇ ਦਿੱਤੇ ਗਏ ਹਨ ਤਾਂ ਜੋ ਦਲਿਤ ਭਾਈਚਾਰੇ ਦੇ ਲੋਕਾਂ ਦਾ ਧਿਆਨ ਰੱਖਿਆ ਜਾ ਸਕੇ।

Story You May Like