The Summer News
×
Thursday, 17 July 2025

ਐਸ.ਐਸ.ਪੀ. ਦਫ਼ਤਰ ਨੂੰ ਰਿਸ਼ਵਤ ਦੇਣ ਦੀ ਕੋਸਿ਼ਸ਼ ਦੇ ਦੋਸ਼ ਹੇੇਠ ਡੀਐਸਪੀ ਫਰੀਦਕੋਟ ਰਾਜਨਪਾਲ ਮੁਅੱਤਲ ਅਤੇ ਗ੍ਰਿਫ਼ਤਾਰ


ਆਪਣੇ ਖਿਲਾਫ਼ ਦਾਇਰ ਸਿ਼ਕਾਇਤ ਦੇ ਨਿਪਟਾਰਾ ਲਈ ਐਸਐਸਪੀ ਦਫ਼ਤਰ ਨੂੰ 1 ਲੱਖ ਰੁਪਏ ਰਿਸ਼ਵਤ ਦੇਣਾ ਚਾਹੁੰਦਾ ਸੀ ਦੋਸ਼ੀ ਡੀਐਸਪੀ

 ਪੰਜਾਬ ਪੁਲਿਸ ਨੇ ਜ਼ੀਰੋ ਸਹਿਣਸ਼ੀਲਤਾ ਨੀਤੀ ਬਰਕਰਾਰ ਰੱਖਦਿਆਂ ਭ੍ਰਿਸ਼ਟਾਚਾਰ ਵਿਰੁੱਧ ਕੀਤੀ ਸਖ਼ਤ ਕਾਰਵਾਈ



ਫਰੀਦਕੋਟ, 5 ਜੁਲਾਈ: 
ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ—ਸਹਿਣਸ਼ੀਲਤਾ ਨੀਤੀ ਦੀ ਦ੍ਰਿੜਤਾ ਨਾਲ ਪਾਲਣਾ ਕਰਦਿਆਂ ਡਿਪਟੀ ਸੁਪਰਡੈਂਟ ਆਫ਼ ਪੁਲਿਸ (ਡੀਐਸਪੀ) ਕ੍ਰਾਈਮ ਅਗੇਂਸਟ ਵੂਮੈਨ (ਸੀ.ਏ.ਡਬਲਯੂ.) ਫਰੀਦਕੋਟ ਰਾਜਨਪਾਲ ਨੂੰ ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸਐਸਪੀ) ਫਰੀਦਕੋਟ  ਦਫ਼ਤਰ ਨੂੰ ਰਿਸ਼ਵਤ ਦੇਣ ਦੀ ਕੋਸਿ਼ਸ਼ ਦੇ ਦੋਸ਼ ਤਹਿਤ ਮੁਅੱਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ, ਐਸਐਸਪੀ ਫਰੀਦਕੋਟ ਨੂੰ ਡੀਐਸਪੀ ਰਾਜਨਪਾਲ ਵਿਰੁੱਧ ਸਿ਼ਕਾਇਤ ਮਿਲੀ ਸੀ,ਜਿਸ ਵਿੱਚ ਪੀੜਤ ਧਿਰ ਨੇ ਉਸ ਤੇ ਵਿਆਹ ਸਬੰਧੀ ਝਗੜੇ ਨੂੰ ਸੁਲਝਾਉਣ ਲਈ ਪੈਸੇ ਲੈਣ ਦਾ ਦੋਸ਼ ਲਗਾਇਆ ਸੀ ਅਤੇ ਡੀਐਸਪੀ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਸੀ। ਇਸ ਸਬੰਧੀ ਵੇਰਵੇ ਸਾਂਝੇ ਕਰਦਿਆਂ ਪੰਜਾਬ ਪੁਲਿਸ ਦੇ ਬੁਲਾਰੇ ਨੇ ਕਿਹਾ ਕਿ ਦੋਸ਼ੀ ਡੀਐਸਪੀ ਰਾਜਨਪਾਲ ਨੇ ਆਪਣੇ ਵਿਰੁੱਧ ਦਰਜ ਸਿ਼ਕਾਇਤ ਦਾ ਨਿਪਟਾਰਾ ਕਰਨ ਲਈ ਐਸਐਸਪੀ ਦਫ਼ਤਰ ਨੂੰ 1 ਲੱਖ ਰੁਪਏ ਦੀ ਰਿਸ਼ਵਤ ਦੇਣ ਦੀ ਕੋਸਿ਼ਸ਼ ਕੀਤੀ ।

ਬੁਲਾਰੇ ਨੇ ਕਿਹਾ ਕਿ ਫਰੀਦਕੋਟ ਪੁਲਿਸ ਨੇ ਦੋਸ਼ੀ ਡੀਐਸਪੀ ਵਿਰੁੱਧ ਤੁਰੰਤ ਅਤੇ ਸਖ਼ਤ ਕਾਰਵਾਈ ਕਰਦੇ ਹੋਏ ਅਪਰਾਧਿਕ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ। ਬੁਲਾਰੇ ਨੇ ਅੱਗੇ ਕਿਹਾ ਕਿ ਦੋਸ਼ੀ ਅਧਿਕਾਰੀ ਵਿਰੁੱਧ ਪੰਜਾਬ ਸਿਵਲ ਸੇਵਾਵਾਂ ਨਿਯਮਾਂ ਅਨੁਸਾਰ ਸਖ਼ਤ ਵਿਭਾਗੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਬੁਲਾਰੇ ਨੇ ਕਿਹਾ ,“ਪੰਜਾਬ ਸਰਕਾਰ ਪੁਲਿਸ ਫੋਰਸ ਵਿੱਚ ਇਮਾਨਦਾਰੀ ਅਤੇ ਜਵਾਬਦੇਹੀ ਦੇ ਸਿਖ਼ਰਲੇ ਮਿਆਰਾਂ ਨੂੰ ਬਣਾਈ ਰੱਖਣ ਲਈ ਵਚਨਬੱਧ ਹੈ। ਭ੍ਰਿਸ਼ਟ ਅਭਿਆਸਾਂ ਵਿੱਚ ਸ਼ਾਮਲ ਪਾਏ ਜਾਣ ਵਾਲੇ ਕਿਸੇ ਵੀ ਅਧਿਕਾਰੀ ਵਿਰੁੱਧ ਸਖ਼ਤ ਕਾਨੂੰਨੀ ਅਤੇ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ”। ਇਸ ਸਬੰਧ ਵਿੱਚ ਪੁਲਿਸ ਥਾਣਾ ਸਿਟੀ ਫਰੀਦਕੋਟ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਤੇ 8 ਤਹਿਤ ਐਫਆਈਆਰ ਨੰਬਰ 289 ਮਿਤੀ 04/07/2025 ਨੂੰ ਕੇਸ ਦਰਜ ਕੀਤਾ ਗਿਆ ਹੈ।

Story You May Like