ਸੜਕ ਹਾਦਸੇ 'ਚ ਵਿਦਿਆਰਥਣ ਦੀ ਮੌਤ
ਲੁਧਿਆਣਾ: ਸੂਆ ਰੋਡ ਦੇ ਇੰਦਰਾ ਪਾਰਕ ਨੇੜੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਦੌਰਾਨ 7ਵੀਂ ਜਮਾਤ ਵਿਚ ਪੜ੍ਹਦੀ 10 ਸਾਲਾ ਵਿਦਿਆਰਥਣ ਹਸੀਨਾ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਲੜਕੀ ਦੀ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਕਰਵਾਇਆ ਅਤੇ ਫਿਰ ਪਰਿਵਾਰ ਨੂੰ ਸੌਂਪ ਦਿੱਤੀ।
ਸ਼ਾਂਤੀ ਨਗਰ, ਗਿਆਸਪੁਰਾ ਵਾਸੀ ਜਮਾਲੂਦੀਨ ਨੇ ਦੱਸਿਆ ਕਿ ਉਹ ਫੋਕਲ ਪੁਆਇੰਟ ਦੀ ਇੱਕ ਫੈਕਟਰੀ 'ਚ ਮਜ਼ਦੂਰੀ ਕਰਦਾ ਹੈ ਅਤੇ ਉਸ ਦੀ ਧੀ ਹਸੀਨਾ ਨੇੜਲੇ ਇੱਕ ਸਕੂਲ ਵਿਚ 7ਵੀਂ ਜਮਾਤ ਦੀ ਵਿਦਿਆਰਥਣ ਸੀ। ਜਮਾਲੂਦੀਨ ਦੇ ਅਨੁਸਾਰ, ਉਨ੍ਹਾਂ ਦੇ ਪਰਿਵਾਰਕ ਮੈਂਬਰ ਨੀਤੀਸ਼, ਜੋ ਉਨ੍ਹਾਂ ਦੇ ਗੁਆਂਢ ਵਿਚ ਰਹਿੰਦਾ ਹੈ, ਅਕਸਰ ਹਸੀਨਾ ਅਤੇ ਹੋਰ ਬੱਚਿਆਂ ਨੂੰ ਸੈਰ ਲਈ ਪਾਰਕ ਲੈ ਜਾਂਦਾ ਸੀ।
ਹਾਦਸੇ ਵਾਲੇ ਦਿਨ ਵੀ ਨੀਤੀਸ਼ ਹਸੀਨਾ ਅਤੇ ਗੁਆਂਢ ਦੀ ਹੋਰ ਲੜਕੀ ਨੂੰ ਮੋਟਰਸਾਈਕਲ 'ਤੇ ਇੰਦਰਾ ਪਾਰਕ ਵੱਲ ਲੈ ਗਿਆ ਸੀ। ਜਿਵੇਂ ਹੀ ਉਹ ਇਲਾਕੇ 'ਚ ਪਹੁੰਚੇ, ਇੱਕ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਦੀ ਮੋਟਰਸਾਈਕਲ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ। ਕਾਰ ਡਰਾਈਵਰ ਨਿਰੀ ਲਾਪਰਵਾਹੀ ਨਾਲ ਵਾਹਨ ਚਲਾ ਰਿਹਾ ਸੀ।
ਟੱਕਰ ਇੰਨੀ ਭਿਆਨਕ ਸੀ ਕਿ ਹਸੀਨਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ। ਉਸ ਨੂੰ ਤੁਰੰਤ ਅਪੋਲੋ ਹਸਪਤਾਲ ਪਹੁੰਚਾਇਆ ਗਿਆ, ਪਰ ਥੋੜ੍ਹੀ ਦੇਰ ਬਾਅਦ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਜਾਂਚ ਅਧਿਕਾਰੀ ਗੁਰਮੇਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੱਚੀ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ ਹੈ ਅਤੇ ਕਾਰਵਾਈ ਤਹਿਤ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ। ਪੁਲਿਸ ਅਨੁਸਾਰ, ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਦੇ ਆਧਾਰ 'ਤੇ ਕਾਰ ਚਲਾਉਣ ਵਾਲੇ ਸ਼ਖ਼ਸ ਦੀ ਪਛਾਣ ਕਰਨ ਦੀ ਕੋਸ਼ਿਸ਼ ਜਾਰੀ ਹੈ। ਇਸ ਮਾਮਲੇ 'ਚ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
Previous Post
6 ਸਾਲਾਂ ਬਾਅਦ ਕਪਿਲ ਸ਼ਰਮਾ ਸ਼ੋਅ ਵਿੱਚ ਸਿੱਧੂ ਦੀ ਵਾਪਸੀ |
Next Post
ਪੰਜਾਬ ਵਿੱਚ ਕੋਰੋਨਾ ਦੇ ਮਰੀਜ਼ ਤਿੰਨ ਗੁਣਾ ਵਧੇ |