ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪਟਿਆਲਾ ਪੁਲਿਸ ਵੱਲੋਂ 19 ਹਾਟ-ਸਪਾਟਸ ’ਤੇ ਕਾਸੋ, 31 ਮੁਲਜ਼ਮ ਗ੍ਰਿਫ਼ਤਾਰ
ਐੱਸ ਡੀ ਐਮ ਸਾਰੰਗਪ੍ਰੀਤ ਵੱਲੋਂ ਟੀਮ ਸਮੇਤ ਚੜਿੱਕ, ਘੱਲ ਕਲਾਂ, ਡਰੋਲੀ ਭਾਈ, ਖੋਸਾ ਪਾਂਡੋ ਆਦਿ ਪਿੰਡਾਂ ਵਿੱਚ ਕੀਤੀਆਂ ਕਿਸਾਨ ਮਿਲਣੀਆਂ
ਕਿਸਾਨਾਂ ਨੂੰ ਝੋਨੇ ਦੀ ਪਰਾਲੀ ਸਾੜਨ ਦੇ ਨੁਕਸਾਨ, ਕਨੂੰਨੀ ਕਾਰਵਾਈਆ ਅਤੇ ਉਪਲਬਧ ਮਸ਼ੀਨਰੀ ਬਾਰੇ ਦਿੱਤੀ ਜਾਣਕਾਰੀ
ਕਿਸਾਨ ਪਰਾਲੀ ਸਾੜਨ ਦੀ ਬਿਜਾਏ ਕਰਨ ਇਸਦਾ ਉੱਚਿਤ ਪ੍ਰਬੰਧਨ- ਐਸ ਡੀ ਐਮ
ਮੋਗਾ 2 ਅਕਤੂਬਰ : ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਮੋਗਾ ਦੇ ਸਖ਼ਤ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਕਰਦਿਆਂ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਜ਼ੀਰੋ ਕਰਨ ਲਈ ਵਿਸ਼ੇਸ਼ ਉਪਰਾਲੇ ਜਾਰੀ ਹਨ। ਕਿਸਾਨਾਂ ਨੂੰ ਪਿੰਡ ਪਿੰਡ ਜਾ ਕੇ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਕਿ ਉਹ ਵੱਧ ਤੋਂ ਵੱਧ ਪਰਾਲੀ ਪ੍ਰਬੰਧਨ ਵਾਲੀਆਂ ਮਸ਼ੀਨਾਂ ਦੀ ਵਰਤੋਂ ਕਰਨ ਅਤੇ ਵਾਤਾਵਰਨ ਨੂੰ ਗੰਧਲਾ ਹੋਣ ਤੋਂ ਬਚਾਉਣ ਲਈ ਆਪਣਾ ਯੋਗਦਾਨ ਪਾਉਣ।
ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਐਸ ਡੀ ਐਮ ਮੋਗਾ ਸ੍ਰ ਸਾਰੰਗਪ੍ਰੀਤ ਸਿੰਘ ਔਜਲਾ ਵੱਲੋਂ ਕੀਤਾ। ਉਹਨਾਂ ਅੱਜ ਟੀਮ ਸਮੇਤ ਚੜਿੱਕ, ਘੱਲ ਕਲਾਂ, ਡਰੋਲੀ ਭਾਈ, ਖੋਸਾ ਪਾਂਡੋ ਆਦਿ ਪਿੰਡਾਂ ਵਿੱਚ ਕਿਸਾਨ ਜਾਗਰੂਕਤਾ ਕੈਂਪਾਂ, ਕਿਸਾਨ ਮਿਲਣੀਆਂ ਦੀ ਪ੍ਰਧਾਨਗੀ ਕੀਤੀ।
ਉਹਨਾਂ ਪਿੰਡਾਂ ਦੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਸਾੜਨ ਦੇ ਨੁਕਸਾਨ, ਪਰਾਲੀ ਪ੍ਰਬੰਧਨ ਲਈ ਉਪਲਬਧ ਮਸ਼ੀਨਰੀ ਦੀ ਵੱਧ ਤੋਂ ਵੱਧ ਵਰਤੋਂ ਅਤੇ ਪਰਾਲੀ ਸਾੜਨ ਨਾਲ ਹੋਣ ਵਾਲੀਆਂ ਕਨੂੰਨੀ ਕਾਰਵਾਈਆ ਬਾਰੇ ਜਾਣਕਾਰੀ ਦਿੱਤੀ।
ਸ੍ਰ ਸਾਰੰਗਪ੍ਰੀਤ ਨੇ ਦੱਸਿਆ ਕਿ ਇਸ ਸਾਲ ਸਬ-ਡਵੀਜ਼ਨ ਮੋਗਾ ਵਿੱਚ ਕਲੱਸਟਰ ਅਫ਼ਸਰਾਂ ਅਤੇ ਨੋਡਲ ਅਫ਼ਸਰਾਂ ਦੀ ਗਿਣਤੀ ਵਧਾ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਸਾਗਰ ਸੇਤੀਆ ਦੀ ਪ੍ਰਧਾਨਗੀ ਹੇਠ ਸਾਰੇ ਕਲੱਸਟਰ ਅਫ਼ਸਰਾਂ ਅਤੇ ਨੋਡਲ ਅਫ਼ਸਰਾਂ ਨੂੰ ਮੀਟਿੰਗ ਜਰੀਏ ਪਰਾਲੀ ਸਾੜਨ ਤੋਂ ਰੋਕਣ ਅਤੇ ਉਲੰਘਣਾ ਦੀ ਸੂਰਤ ਵਿੱਚ ਸਖ਼ਤ ਚਲਾਨ/ਐਫਆਈਆਰ ਦਰਜ ਕਰਨ ਨੂੰ ਯਕੀਨੀ ਬਣਾਉਣ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਇਸ ਲਈ ਕੋਈ ਵੀ ਕਿਸਾਨ ਅਜਿਹਾ ਨਾ ਕਰੇ।ਪਰਾਲੀ ਸੁਰੱਖਿਆ ਬਲ ਦਾ ਗਠਨ ਕੀਤਾ ਗਿਆ ਹੈ ਇਸ ਵਿਚਲੀਆਂ ਟੀਮਾਂ ਪਿੰਡਾਂ ਵਿੱਚ ਗਸ਼ਤ ਕਰਨਗੀਆਂ ਅਤੇ ਇਹ ਯਕੀਨੀ ਬਣਾਉਣਗੀਆਂ ਕਿ ਪਰਾਲੀ ਨੂੰ ਨਾ ਸਾੜਿਆ ਜਾਵੇ।
ਖੇਤੀਬਾੜੀ, ਪੁਲਿਸ, ਪੇਂਡੂ ਵਿਕਾਸ ਅਤੇ ਸਹਿਕਾਰੀ ਵਿਭਾਗ ਦੀਆਂ ਟੀਮਾਂ ਉਹਨਾਂ ਦੀ ਨਿਗਰਾਨੀ ਹੇਠ ਮੋਗਾ ਦੇ ਹੌਟਸਪੌਟ ਪਿੰਡਾਂ ਦਾ ਦੌਰਾ ਕਰ ਰਹੀਆਂ ਹਨ।
ਉਹਨਾਂ ਕਿਹਾ ਕਿ ਕੰਬਾਈਨ ਆਪਰੇਟਰ ਆਪਣੀਆਂ ਕੰਬਾਈਨਾਂ 'ਤੇ ਸਟਬਲ ਮੈਨੇਜਮੈਂਟ ਸਿਸਟਮ ( ਐੱਸ ਐਮ ਐਸ) ਦੀ ਲਾਜ਼ਮੀ ਵਰਤੋਂ ਕਰਨ ਨਹੀਂ ਤਾਂ ਉਨ੍ਹਾਂ ਨੂੰ ਸਖ਼ਤ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਉਹਨਾਂ ਅੱਗੇ ਦੱਸਿਆ ਕਿ ਫਸਲੀ ਪਰਾਲੀ ਪ੍ਰਬੰਧਨ ਮਸ਼ੀਨਰੀ ਪਿੰਡ ਅਨੁਸਾਰ ਮੈਪ ਕੀਤੀ ਗਈ ਹੈ, ਇਹ ਸੀਐਚਸੀ ਅਤੇ ਸਹਿਕਾਰੀ ਸੰਸਥਾਵਾਂ ਦੁਆਰਾ ਉਪਲਬਧ ਹੈ। ਬਹੁਤ ਸਾਰੇ ਪ੍ਰਾਈਵੇਟ ਬੇਲਰ ਵੀ ਮੋਗਾ ਵਿੱਚ ਕੰਮ ਕਰਨ ਅਤੇ ਪਰਾਲੀ ਦੀਆਂ ਬੇਲਾਂ ਇਕੱਠੀਆਂ ਕਰਨ ਲਈ ਤਿਆਰ ਹਨ।
ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਸਾੜਨ ਤੋਂ ਗੁਰੇਜ਼ ਕਰਨਅਤੇ ਨਾਗਰਿਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਦੂਜਿਆਂ ਨੂੰ ਇਸ ਸਿਹਤ ਨੁਕਸਾਨਦੇਹ ਗਤੀਵਿਧੀ ਕਰਨ ਤੋਂ ਰੋਕਣ।


















