ਇਲੈਕਟ੍ਰਿਕ ਵਾਹਨਾਂ ਦੀ ਵਧੀ ਡਿਮਾਂਡ, ਆਟੋ ਪਾਰਟਸ ਇੰਡਸਟਰੀ ਤੇ ਛਾਏ ਸੰਕਟ ਦੇ ਬੱਦਲ
ਲੁਧਿਆਣਾ,13 ਅਗਸਤ (ਸ਼ਾਕਸ਼ੀ ਸ਼ਰਮਾ) : ਦੇਸ਼ ਵਿੱਚ ਵਧਦੀ ਮਹਿੰਗਾਈ ਅਤੇ ਲਗਾਤਾਰ ਵਧ ਰਹੇ ਪੈਟਰੋਲ, ਡੀਜ਼ਲ ਅਤੇ ਸੀਐਨਜੀ ਗੈਸ ਦੇ ਦਾਮਾਂ ਨੇ ਆਮ ਜਨਤਾ ਦਾ ਲੱਕ ਤੋਡ਼ ਕੇ ਰੱਖ ਦਿੱਤਾ ਹੇੇੈ। ਇਸ ਦੌਰਾਨ ਲੋਕਾਂ ਦਾ ਰੁਝਾਨ ਇਲੈਕਟ੍ਰਿਕ ਵਾਹਨਾਂ ਵੱਲ ਹੋ ਰਿਹਾ ਹੈ, ਲੇਕਿਨ ਇਸ ਦਾ ਅਸਰ ਆਟੋ ਪਾਰਟਸ ਬਣਾਉਣ ਵਾਲੀ ਕੰਪਨੀਆਂ ਤੇ ਪੈ ਰਿਹਾ ਹੈ। ਦੱਸਣਯੋਗ ਹੈ ਕਿ ਲੁਧਿਆਣਾ ਵਿੱਚ ਆਟੋ ਪਾਰਟਸ ਮੈਨੂਫੈਕਚਰਿੰਗ ਦੇ 5000 ਤੋਂ ਵੱਧ ਯੂਨਿਟ ਹਨ। ਇਸ ਸੈਕਟਰ ਵਿੱਚ 50000 ਤੋਂ ਵੱਧ ਲੋਕ ਇਸ ਕਾਰੋਬਾਰ ਨਾਲ ਜੁੜੇ ਹਨ। ਇਸ ਦੌਰਾਨ ਜਿਸ ਤਰ੍ਹਾਂ ਦੇਸ਼ ਵਿੱਚ ਇਲੈਕਟ੍ਰਿਕ ਵਾਹਨ ਵੱਧ ਰਹੇ ਹਨ, ਉਸੇ ਤਰ੍ਹਾਂ ਇਸ ਸੈਕਟਰ ਦੇ ਨਾਲ ਜੁੜੇ ਲੋਕਾਂ ਵਿੱਚ ਚਿੰਤਾ ਵਧ ਰਹੀ ਹੈ। ਇਸਦੇ ਚੱਲਦੇ ਸਾਰੀ ਇੰਡਸਟਰੀ ਅਤੇ ਇਸ ਦੇ ਨਾਲ ਜੁੜੇ ਲੋਕ ਇਸ ਚਰਚਾ ਵਿੱਚ ਹਨ ਕਿ ਆਖਿਰ ਇੰਡਸਟਰੀ ਨੂੰ ਕਿਸ ਤਰ੍ਹਾਂ ਦੀ ਡਾਇਵਰਸੀਫਿਕੇਸ਼ਨ ਕਰਨੀ ਚਾਹੀਦੀ ਹੈ ਤਾਂ ਜੋ ਆਉਣ ਵਾਲੇ ਬਦਲਾਅ ਨੂੰ ਧਿਆਨ ‘ਚ ਰੱਖਦਿਆਂ ਉਹ ਆਪਣਾ ਅੱਗੇ ਦਾ ਵਿਜ਼ਨ ਬਣਾ ਸਕਣ।
ਇਸ ਵਿਸ਼ੇ ਤੇ ਗੱਲਬਾਤ ਕਰਦਿਆਂ ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਨੇ ਦੱਸਿਆ ਕਿ ਜਿਸ ਤਰ੍ਹਾਂ ਸਰਕਾਰ ਵਲੋਂ ਇਲੈਕਟ੍ਰਿਕ ਵਾਹਨਾਂ ਨੂੰ ਵਧਾਵਾ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਉਥੇ ਅਜੇ ਤੱਕ ਸਰਕਾਰ ਵਲੋੋ ਆਟੋ ਪਾਰਟਸ ਇੰਡਸਟਰੀ ਦੇ ਨਾਲ ਇਹੋ ਜਿਹੀ ਕੋਈ ਚਰਚਾ ਨਹੀਂ ਹੋਈ ਕਿ ਇੰਡਸਟਰੀ ਇਸ ਬਦਲਾਅ ਦੇ ਸਮੇਂ ਕੀ ਕਰੇ। ਉਨ੍ਹਾਂ ਇਹ ਵੀ ਕਿਹਾ ਕਿ ਇਕ ਤਰਫ ਤਾਂ ਲਗਾਤਾਰ ਨਵੇਂ ਇਲੈਕਟ੍ਰਿਕ ਵਾਹਨ ਆ ਰਹੇ ਹਨ ਜਿਨ੍ਹਾਂ ਵਿੱਚ ਟੂ ਵੀਲਰ ਵੀ ਸ਼ਾਮਲ ਹਨ, ਲੇਕਿਨ ਦੂਜੀ ਤਰਫ਼ ਇਕ ਵੱਡਾ ਸਵਾਲ ਖੜ੍ਹਾ ਹੁੰਦਾ ਹੈ ਕਿ ਇਹ ਇਲੈਕਟ੍ਰਿਕ ਵਾਹਨ ਕਿੰਨੇ ਕੁ ਸਫ਼ਲ ਹੋਣਗੇ। ਕਈ ਇਹੋ ਜਿਹੇ ਈ-ਵਹੀਕਲਜ਼ ਵੀ ਹਨ ਜਿਨ੍ਹਾਂ ਦੀ ਖ਼ਾਸ ਤੌਰ ਤੇ ਅੱਗ ਲੱਗਣ ਦੀ ਗੱਲ ਸਾਹਮਣੇ ਆਉਂਦੀ ਹੈ ਜਿਸ ਕਰਕੇ ਵੀ ਇੰਡਸਟਰੀ ਸੋਚ ਵਿਚ ਹੈ ਕਿ ਆਖ਼ਿਰ ਕੀ ਫ਼ੈਸਲਾ ਲੈਣਾ ਚਾਹੀਦਾ ਹੈ। ਇਸ ਦੌਰਾਨ ਉਨ੍ਹਾਂ ਸਰਕਾਰ ਨੂੰ ਇਸ ਬਾਰੇ ਆਟੋ ਪਾਰਟਸ ਇੰਡਸਟਰੀ ਨਾਲ ਗੱਲਬਾਤ ਕਰਨ ਦੀ ਸਲਾਹ ਵੀ ਦਿੱਤੀ।