The Summer News
×
Friday, 14 February 2025

ਭਾਰਤ ਨੇ ਜਿੱਤੀ ਏਸ਼ੀਅਨ ਚੈਂਪੀਅਨ ਟਰਾਫੀ ਫਾਈਨਲ ਮੁਕਾਬਲੇ 'ਚ ਚੀਨ ਨੂੰ 1-0 ਨਾਲ ਹਰਾਇਆ

17 ਸਤੰਬਰ :ਦਿੱਲੀ- ਏਸ਼ਿਆਈ ਹਾਕੀ ਚੈਂਪੀਅਨਜ਼ ਟਰਾਫੀ ਵਿੱਚ ਭਾਰਤ ਦਾ ਦਬਦਬਾ ਬਰਕਰਾਰ ਹੈ। ਹਰਮਨਪ੍ਰੀਤ ਸਿੰਘ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੇ ਫਾਈਨਲ ਵਿੱਚ ਮੇਜ਼ਬਾਨ ਚੀਨ ਨੂੰ 1-0 ਨਾਲ ਹਰਾਇਆ। ਇਸ ਨਾਲ ਭਾਰਤ ਨੇ ਰਿਕਾਰਡ ਪੰਜਵੀਂ ਵਾਰ ਟਰਾਫੀ ‘ਤੇ ਕਬਜ਼ਾ ਕੀਤਾ।ਛੇਵੀਂ ਵਾਰ ਫਾਈਨਲ ਖੇਡ ਰਹੀ ਭਾਰਤੀ ਟੀਮ ਲਈ ਇਕਲੌਤਾ ਗੋਲ ਜੁਗਰਾਜ ਸਿੰਘ ਨੇ ਕੀਤਾ। ਭਾਰਤ ਵੱਲੋਂ ਇਹ ਗੋਲ ਚੌਥੇ ਕੁਆਰਟਰ ਵਿੱਚ ਹੋਇਆ। ਜੁਗਰਾਜ ਸਿੰਘ ਨੇ ਮੈਚ ਦੇ 51ਵੇਂ ਮਿੰਟ ਵਿੱਚ ਮੈਦਾਨੀ ਗੋਲ ਕੀਤਾ। ਟੀਮ ਇੰਡੀਆ ਨੇ ਡਿਫੈਂਡਿੰਗ ਚੈਂਪੀਅਨ ਦੇ ਤੌਰ ‘ਤੇ ਟੂਰਨਾਮੈਂਟ ‘ਚ ਪ੍ਰਵੇਸ਼ ਕੀਤਾ ਸੀ। ਭਾਰਤੀ ਟੀਮ ਨੇ ਅਜੇਤੂ ਰਹਿੰਦੇ ਹੋਏ ਆਪਣਾ ਖਿਤਾਬ ਬਰਕਰਾਰ ਰੱਖਿਆ ਹੈ। ਪੈਰਿਸ ਓਲੰਪਿਕ 2024 ਤੋਂ ਬਾਅਦ ਭਾਰਤੀ ਟੀਮ ਦੀ ਇਹ ਵੱਡੀ ਪ੍ਰਾਪਤੀ ਹੈ। ਇਸ ਟੂਰਨਾਮੈਂਟ ਵਿੱਚ ਕਈ ਸੀਨੀਅਰ ਖਿਡਾਰੀਆਂ ਨੂੰ ਆਰਾਮ ਦਿੱਤਾ ਗਿਆ। ਭਾਰਤੀ ਟੀਮ ਅਨੁਭਵੀ ਗੋਲਕੀਪਰ ਪੀਆਰ ਸ਼੍ਰੀਜੇਸ਼ ਦੇ ਬਿਨਾਂ ਆਪਣਾ ਪਹਿਲਾ ਅੰਤਰਰਾਸ਼ਟਰੀ ਟੂਰਨਾਮੈਂਟ ਖੇਡ ਰਹੀ ਸੀ।ਭਾਰਤ ਨੇ ਅਜੇਤੂ ਰਹਿ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ ਸੀ। ਹਰਮਨਪ੍ਰੀਤ ਸਿੰਘ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੇ ਸੈਮੀਫਾਈਨਲ ‘ਚ ਦੱਖਣੀ ਕੋਰੀਆ ਨੂੰ ਹਰਾਇਆ ਜਦਕਿ ਚੀਨ ਨੇ ਪਾਕਿਸਤਾਨ ਨੂੰ ਖਿਤਾਬੀ ਮੁਕਾਬਲੇ ‘ਚ ਹਰਾਇਆ। ਭਾਰਤ ਨੇ ਲੀਗ ਵਿੱਚ ਆਪਣੇ ਸਾਰੇ ਪੰਜ ਮੈਚ ਜਿੱਤੇ ਸਨ, ਜਿਸ ਵਿੱਚ ਚੀਨ ਖ਼ਿਲਾਫ਼ 3-0 ਦੀ ਜਿੱਤ ਵੀ ਸ਼ਾਮਲ ਹੈ। ਚੀਨ ਦੀ ਟੀਮ ਨੂੰ ਪਹਿਲੀ ਵਾਰ ਫਾਈਨਲ ਦੀ ਟਿਕਟ ਮਿਲੀ ਹੈ। ਦੋਵੇਂ ਟੀਮਾਂ ਏਸ਼ਿਆਈ ਚੈਂਪੀਅਨਜ਼ ਟਰਾਫੀ 2024 ਵਿੱਚ ਸੱਤਵੀਂ ਵਾਰ ਆਹਮੋ-ਸਾਹਮਣੇ ਹੋਈਆਂ ਸਨ। ਇਸ ਤੋਂ ਪਹਿਲਾਂ ਭਾਰਤ ਨੇ ਛੇ ਵਿੱਚੋਂ 5 ਮੈਚ ਜਿੱਤੇ ਸਨ ਜਦਕਿ ਚੀਨ ਨੇ ਇੱਕ ਮੈਚ ਜਿੱਤਿਆ ਸੀ। ਚੀਨ ਨੇ 2006 ਵਿੱਚ ਭਾਰਤ ਨੂੰ ਹਰਾਇਆ ਸੀ। ਦੋਵਾਂ ਟੀਮਾਂ ਨੇ ਪਹਿਲੇ ਤਿੰਨ ਕੁਆਰਟਰਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ।

Story You May Like