The Summer News
×
Friday, 13 June 2025

ਸੜਕ ਸੁਰੱਖਿਆ ਨੇਮਾਂ ਦੀ ਲਾਜਮੀ ਪਾਲਣਾ ਲਈ ਪਟਿਆਲਾ 'ਚ ਲਾਗੂ ਹੋਵੇਗਾ ਆਈ.ਟੀ.ਐਮ.ਐਸ-ਆਰ.ਟੀ.ਓ ਬਬਨਦੀਪ ਸਿੰਘ ਵਾਲੀਆ

ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਵੱਲੋਂ ਟ੍ਰੈਫਿਕ ਪ੍ਰਬੰਧਨ ਯੋਜਨਾ 'ਤੇ ਵਿਆਪਕ ਚਰਚਾ

ਪਟਿਆਲਾ, 10 ਜੂਨ:- ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੀਆਂ ਇੱਥੇ ਆਰ.ਟੀ.ਓ. ਦਫ਼ਤਰ ਅਤੇ ਨਗਰ ਨਿਗਮ ਵਿਖੇ ਰੀਜ਼ਨਲ ਟਰਾਂਸਪੋਰਟ ਅਫ਼ਸਰ ਬਬਨਦੀਪ ਸਿੰਘ ਵਾਲੀਆ ਦੀ ਪ੍ਰਧਾਨਗੀ ਹੇਠ ਹੋਈਆਂ ਦੋ ਬੈਠਕਾਂ ਮੌਕੇ ਟ੍ਰੈਫਿਕ ਪ੍ਰਬੰਧਨ ਯੋਜਨਾਂ ਅਤੇ ਸ਼ਹਿਰ ਦੀ ਆਵਾਜਾਈ ਤੇ ਟ੍ਰੈਫਿਕ ਪ੍ਰਣਾਲੀ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਸਬੰਧੀ ਵਿਆਪਕ ਚਰਚਾ ਹੋਈ। ਇਸ ਮੌਕੇ ਸੜਕ ਸੁਰੱਖਿਆ ਨੇਮਾਂ ਦੀ ਲਾਜਮੀ ਪਾਲਣਾ ਲਈ ਚੰਡੀਗੜ੍ਹ ਤੇ ਮੁਹਾਲੀ ਦੀ ਤਰਜ 'ਤੇ ਪਟਿਆਲਾ ਵਿਖੇ ਵੀ ਇੰਟੈਲੀਜੈਂਟ ਟ੍ਰੈਫਿਕ ਮੈਨੇਜਮੈਂਟ ਸਿਸਟਮ ਲਾਗੂ ਕਰਨ ਦੀ ਸਹਿਮਤੀ ਪ੍ਰਗਟਾਈ ਗਈ।

ਬਬਨਦੀਪ ਸਿੰਘ ਵਾਲੀਆ ਨੇ ਵਿਆਪਕ ਟ੍ਰੈਫਿਕ ਪ੍ਰਬੰਧਨ ਯੋਜਨਾ ਦੇ ਹਿੱਸੇ ਵਜੋਂ ਨਗਰ ਨਿਗਮ, ਸਮੂਹ ਐਸ.ਡੀ.ਐਮਜ, ਟ੍ਰੈਫਿਕ ਪੁਲਿਸ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਤੇ ਸੈਕੰਡਰੀ ਸਮੇਤ ਗ਼ੈਰ ਸਰਕਾਰੀ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਬੈਠਕ ਕਰਦਿਆਂ ਸੇਫ਼ ਸਕੂਲ ਵਾਹਨ ਨੀਤੀ ਦੀ ਲਾਜਮੀ ਪਾਲਣਾ ਯਕੀਨੀ ਬਣਾਉਣ ਲਈ ਯੋਗ ਕਦਮ ਉਠਾਉਣ ਲਈ ਆਖਿਆ। ਉਨ੍ਹਾਂ ਕਿਹਾ ਕਿ ਇੱਕ ਪ੍ਰੋਫਾਰਮਾ ਤਿਆਰ ਕੀਤਾ ਗਿਆ ਹੈ, ਜਿਸ ਤਹਿਤ ਸਕੂਲ ਬੱਸਾਂ ਦੀ ਨਿਯਮਤ ਜਾਂਚ ਵੀ ਯਕੀਨੀ ਬਣਾਈ ਜਾਵੇਗੀ ਤਾਂ ਕਿ ਕੋਈ ਸਕੂਲ ਬੱਸ ਜਾਂ ਹੋਰ ਵਾਹਨ, ਜੋ ਬੱਚਿਆਂ ਨੂੰ ਸਕੂਲ ਲਿਜਾ ਰਿਹਾ ਹੋਵੇ ਜਾਂ ਲਿਆ ਰਿਹਾ ਹੋਵੇ, ਕਿਸੇ ਦੁਰਘਟਨਾ ਦਾ ਸ਼ਿਕਾਰ ਨਾ ਹੋੇਵੇ। ਉਨ੍ਹਾਂ ਕਿਹਾ ਕਿ ਗਰਮੀਆਂ ਦੀਆਂ ਛੁੱਟੀਆਂ ਬਾਅਦ ਸਕੂਲ ਖੁੱਲ੍ਹਣ ਸਾਰ ਇਹ ਜਾਂਚ ਜੰਗੀ ਪੱਧਰ 'ਤੇ ਨਿਯਮਤ ਕੀਤੀ ਜਾਵੇਗੀ ਅਤੇ ਉਲੰਘਣਾ ਕਰਨ ਵਾਲੇ ਸਕੂਲ ਵਾਹਨਾਂ ਦੇ ਪ੍ਰਿੰਸੀਪਲਾਂ ਨੂੰ ਨੋਟਿਸ ਜਾਰੀ ਹੋਣਗੇ।

ਇਸ ਮੌਕੇ ਆਰ.ਟੀ.ਓ ਨੇ ਘਨੌਰ, ਅੰਬਾਲਾ ਸਿਟੀ ਵਾਇਆ ਕਪੂਰੀ ਲੋਹ ਸਿੰਬਲੀ ਸੜਕ ਉੱਪਰ ਅਤੇ ਸਮਾਣਾ ਤਹਿਸੀਲ ਦੇ ਨਜਦੀਕ ਓਵਰਲੋਡਿਡ ਟਰੱਕਾਂ ਅਤੇ ਨਜਾਇਜ ਮਾਇਨਿੰਗ ਕਰ ਰਹੇ ਟਰੱਕਾਂ ਦੇ ਸਾਹਮਣੇ ਆਏ ਮਾਮਲਿਆਂ ਤਹਿਤ ਇਹ ਨਜਾਇਜ ਗਤੀਵਿਧੀਆਂ ਰੋਕਣ ਲਈ ਵੀ ਸਖ਼ਤ ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ ਸਮੂਹ ਖੇਤਰਾਂ ਵਿੱਚ ਅਤੇ ਖਾਸ ਤੌਰ 'ਤੇ ਘਨੌਰ, ਅੰਬਾਲਾ ਰੋਡ ਅਤੇ ਸਮਾਣਾ ਦੇ ਨਜਦੀਕ ਚੈਕਿੰਗ ਵਧਾਈ ਜਾਵੇਗੀ ਅਤੇ ਉਲੰਘਣਾਂ ਕਰਨ ਵਾਲੇ ਵਾਹਨਾਂ ਖ਼ਿਲਾਫ਼ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।

Story You May Like