The Summer News
×
Thursday, 16 January 2025

ਹਾੜ੍ਹੀ ਦੀਆਂ ਫਸਲਾਂ ਅਤੇ ਆਧੁਨਿਕ ਖੇੜੀ ਤਕਨੀਕਾਂ ਸਬੰਧੀ "ਕਿਸਾਨ ਗੋਸ਼ਟੀ"

ਵਧੀਕ ਡਿਪਟੀ ਕਮਿਸ਼ਨਰ ਚਾਰੂਮਿਤਾ ਨੇ ਕੀਤਾ ਕੈਂਪ ਦਾ ਉਦਘਾਟਨ



ਮੋਗਾ, 13 ਦਸੰਬਰ: ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜ਼ਿਲ੍ਹਾ ਮੋਗਾ ਵੱਲੋਂ ਗਰੀਨ ਟੀ.ਵੀ., ਇਫਕੋ-ਐਮ.ਸੀ. ਅਤੇ ਮਹਿੰਦਰਾ ਫਾਇਨੈਂਸ ਦੇ ਸਹਿਯੋਗ ਨਾਲ ਹਾੜ੍ਹੀ ਦੀਆਂ ਫਸਲਾਂ ਦੀ ਸਫ਼ਲ ਕਾਸ਼ਤ, ਆਧੁਨਿਕ ਖੇਤੀ ਤਕਨੀਕਾਂ ਅਤੇ ਫ਼ਸਲਾਂ ਦੀ ਰਹਿੰਦ-ਖੂੰਹਦ ਦੀ ਸੰਭਾਲ ਸਬੰਧੀ ਜ਼ਿਲ੍ਹਾ ਮੋਗਾ ਦੇ ਕਿਸਾਨਾ ਦੀ "ਕਿਸਾਨ ਗੋਸ਼ਟੀ" ਵਿੰਡਸਰ ਗਾਰਡਨ, ਦੁੱਨੇਕੇ ਵਿਖੇ ਕਰਵਾਈ ਗਈ । ਇਸ ਗੋਸ਼ਟੀ ਦਾ ਮੁੱਖ ਮੰਤਵ ਹਾੜ੍ਹੀ ਸੀਜ਼ਨ ਦੌਰਾਨ ਬੀਜੀਆਂ ਗਈਆਂ ਵੱਖ-ਵੱਖ ਫ਼ਸਲਾਂ ਸਬੰਧੀ ਤਕਨੀਕੀ ਜਾਣਕਾਰੀ ਦੇਣਾ ਸੀ।



ਇਸ ਕੈਂਪ ਦਾ ਉਦਘਾਟਨ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਚਾਰੂਮਿਤਾ ਵਲੋਂ ਕੀਤਾ ਗਿਆ। ਉਹਨਾਂ ਵਲੋਂ ਵਾਤਾਵਰਨ ਦੀ ਸਾਂਭ-ਸੰਭਾਲ ਅਤੇ ਪਰਾਲੀ ਪ੍ਰਬੰਧਨ ਦੇ ਸਬੰਧ ਵਿੱਚ ਆਪਣੇ ਵਿਚਾਰ ਪੇਸ਼ ਕੀਤੇ। ਉਹਨਾਂ ਦੱਸਿਆ ਕਿ ਪਰਾਲੀ ਦੀ ਸੁਚੱਜੀ ਸਾਂਭ ਸੰਭਾਲ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਵਾਤਾਵਰਨ ਪੱਖੀ ਖੇਤੀਬਾੜੀ ਸੰਦ ਭਾਰੀ ਸਬਸਿਡੀ ਉਪਰ ਮੁਹੱਈਆ ਕਰਵਾਏ ਅਤੇ ਕਿਸਾਨੀ ਜਾਗਰੂਕਤਾ ਗਤੀਵਿਧੀਆਂ ਨਾਲ ਇਸ ਵਾਰ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵਿੱਚ ਗਿਰਾਵਟ ਦੇਖਣ ਨੂੰ ਮਿਲੀ।



ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਮੋਗਾ ਡਾ. ਕਰਨਜੀਤ ਸਿੰਘ ਗਿੱਲ ਨੇ ਵਿਭਾਗ ਦੁਆਰਾ ਚਲਾਈਆਂ ਜਾ ਰਹੀਆਂ ਸਕੀਮਾਂ ਸਬੰਧੀ ਕਿਸਾਨਾਂ ਨੂੰ ਜਾਣੂੰ ਕਰਵਾਇਆ ਅਤੇ ਖੇਤੀ ਵਿਭਿੰਨਤਾ ਅਪਨਾਉਣ ਦੀ ਅਪੀਲ ਕੀਤੀ ਅਤੇ ਸਾਂਝੀ ਖੇਤੀ/ਸਹਿਕਾਰੀ ਖੇਤੀ ਲਈ ਪ੍ਰੇਰਤ ਕੀਤਾI ਉਹਨਾਂ ਕਿਹਾ ਕਿ ਯੂਰੀਆ ਖਾਦ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।



ਇਸ ਸਮਾਗਮ ਦੀ ਸ਼ੁਰੂਆਤ ਸ਼੍ਰੀਮਤੀ ਸਮਿਤਾ ਸਿੰਘ ਵੱਲ਼ੋਂ ਗਰੀਨ ਟੀ.ਵੀ. ਅਤੇ ਸਹਿਯੋਗੀ ਸੰਸਥਾਵਾਂ ਵੱਲ਼ੋਂ ਕੀਤੇ ਗਏ ਕਿਸਾਨ ਪੱਖੀ ਉਪਰਾਲੇ ਬਾਰੇ ਜਾਣਕਾਰੀ ਦਿੰਦੇ ਹੋਏ ਕੀਤੀ ਗਈ। ਇਸ ਦੌਰਾਨ ਡਾ: ਗੁਰਪ੍ਰੀਤ ਸਿੰਘ ਜ਼ਿਲ੍ਹਾ ਸਿਖਲਾਈ ਅਫ਼ਸਰ ਮੋਗਾ ਨੇ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਨਾਲ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ, ਮਨੁੱਖੀ ਸਿਹਤ ਅਤੇ ਧਰਤੀ ਦੀ ਉਪਜਾਊ ਸ਼ਕਤੀ ਤੇ ਵੀ ਅਸਰ ਪੈਂਦਾ ਹੈ, ਇਸ ਲਈ ਰਹਿੰਦ-ਖੂੰਹਦ ਨੂੰ ਜ਼ਮੀਨ ਵਿਚ ਹੀ ਵਾਹੁਣਾ ਜ਼ਰੂਰੀ ਹੈ। ਇਸ ਸਮੇਂ ਮਾਨਵ ਵਿਕਾਸ ਸੰਸਥਾ ਵਲੋਂ ਪਰਾਲੀ ਨੂੰ ਸਾੜਨ ਦੇ ਨੁਕਸਾਨਾਂ ਬਾਰੇ ਨੁੱਕੜ ਨਾਟਕ ਵੀ ਕੀਤਾ ਗਿਆ।



ਇਸ ਪ੍ਰੋਗਰਾਮ ਚ ਡਾ. ਸੁਖਰਾਜ ਕੌਰ, ਖੇਤੀਬਾੜੀ ਅਫਸਰ ਨੇ ਮਿੱਟੀ ਅਤੇ ਪਾਣੀ ਦੇ ਸੈਂਪਲ ਲੈਣ ਬਾਰੇ ਦੱਸਿਆ ਅਤੇ ਅਪੀਲ ਕੀਤੀ ਕਿ ਹਰ ਸੀਜ਼ਨ ਵਿੱਚ ਫ਼ਸਲ ਦੀ ਬਿਜਾਈ ਤੋਂ ਪਹਿਲਾਂ ਆਪਣੇ ਖੇਤਾਂ ਦੀ ਮਿੱਟੀ ਟੈਸਟ ਕਰਵਾਈ ਜਾਵੇ ਤਾਂ ਜੋ ਮਿੱਟੀ ਵਿੱਚ ਘਾਟ ਵਾਲੇ ਤੱਤਾਂ ਦਾ ਪਹਿਲਾਂ ਹੀ ਪਤਾ ਲੱਗ ਸਕੇ।ਇਸ ਮੌਕੇ ਸੰਦੀਪ ਸਿੰਘ, ਆਰ ਐਮ ਈ-ਪੰਜਾਬ, ਇਫਕੋ-ਐਮ ਸੀ ਵੱਲੋਂ, ਨੌਨੋ ਰਾਹੀਂ ਜਾਰੀ ਨੈਨੋ ਖਾਦਾਂ-ਨੈਨੋ ਯੁਰੀਆ ਅਤੇ ਨੈਨੋ ਡੀ.ਏ.ਪੀ ਬਾਰੇ ਜਾਣਕਾਰੀ ਦਿੱਤੀ ਅਤੇ ਨਾਲ ਹੀ ਕਣਕ ਦੀ ਫਸਲ ਲਈ ਇਫਕੋ ਵੱਲ਼ੋਂ ਤਿਆਰ ਕੀਤੀਆਂ ਜਾਂਦੀਆਂ ਨਦੀਨਨਾਸ਼ਕ ਦਵਾਈਆਂ ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ ਗਈ।



ਮੁਥੂਟ ਫਾਈਨੈਂਸ ਤੋਂ ਹਰਜੀਤ ਸਿੰਘ, ਰੀਜ਼ਨਲ ਮੈਨੇਜਰ, ਜਲੰਧਰ ਰੀਜ਼ਨ ਵੱਲੋਂ ਕਿਸਾਨਾਂ ਦੀਆਂ ਵਿੱਤੀ ਮੁਸ਼ਕਲਾਂ ਅਤੇ ਉਹਨ੍ਹਾਂ ਦੇ ਹੱਲ ਬਾਰੇ ਵਿਚਾਰ ਪੇਸ਼ ਕੀਤੇ ਗਏ। ਡਾ ਬਲਜਿੰਦਰ ਸਿੰਘ, ਸਹਾਇਕ ਪੌਦਾ ਸੁਰੱਖਿਆ ਅਫਸਰ ਵੱਲੋਂ ਹਾੜ੍ਹੀ ਦੀਆਂ ਫਸਲਾਂ ਵਿੱਚ ਵੱਡੇ ਤੱਤਾਂ ਅਤੇ ਛੋਟੇ ਤੱਤਾਂ ਦੀ ਘਾਟ ਨਾਲ ਆਉਣ ਵਾਲੇ ਲੱਛਣਾਂ ਬਾਰੇ ਅਤੇ ਰੋਕਥਾਮ ਬਾਰੇ ਜਾਗਰੂਕ ਕੀਤਾ ਗਿਆ। ਡਾ ਗੁਰਲਵਲੀਨ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ ਨੇ ਕਣਕ ਦੀ ਫ਼ਸਲ ਵਿੱਚ ਕੀੜੇ-ਮਕੌੜੇ ਅਤੇ ਬਿਮਾਰੀਆਂ ਦੀ ਰੋਕਥਾਮ ਬਾਰੇ ਜਾਣਕਾਰੀ ਦਿੱਤੀ ਅਤੇ ਕਿਸਾਨਾਂ ਨੂੰ ਕੀਟਨਾਸ਼ਕਾਂ ਦੀ ਸੁੱਚਜੀ ਵਰਤੋਂ ਬਾਰੇ ਜਾਗਰੂਕ ਕੀਤਾ ਅਤੇ ਗੁਲਾਬੀ ਸੁੰਡੀ ਦੇ ਜੀਵਨ ਚੱਕਰ ਅਤੇ ਕੰਟਰੋਲ ਬਾਰੇ ਦੱਸਿਆ 
ਇਸ ਮੌਕੇ ਡਾ. ਜਸਬੀਰ ਕੌਰ, ਖੇਤੀਬਾੜੀ ਵਿਕਾਸ ਅਫਸਰ ਵੱਲੋਂ ਕਣਕ ਦੀ ਫਸਲ ਵਿੱਚ ਨਦੀਨਾਂ ਨੂੰ ਕੰਟਰੋਲ ਕਰਨ ਬਾਰੇ ਜਾਣਕਾਰੀ ਦਿੱਤੀ ਗਈ I ਮੱਛੀ ਪਾਲਣ ਵਿਭਾਗ ਤੋਂ ਡਾ. ਬਲਜੋਤ ਸਿੰਘ , ਮੱਛੀ ਪਾਲਣ ਅਫ਼ਸਰ ਨੇ ਮੱਛੀ ਪਾਲਣ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਇਸ ਸਮੇਂ ਸੈਲਫ ਹੈਲਪ ਗਰੁੱਪਾਂ ਅਤੇ ਖੇਤੀਬਾੜੀ ਨਾਲ ਸਬੰਧਿਤ ਧੰਦਿਆਂ ਸਬੰਧੀ ਪ੍ਰਦਰਸ਼ਨੀ ਦਾ ਆਯੋਜਨ ਵੀ ਕੀਤਾ ਗਿਆ, ਜਿਨ੍ਹਾਂ ਨੂੰ ਕਿਸਾਨਾਂ ਨੂੰ ਉਤਸੁਕਤਾ ਨਾਲ ਵੇਖਿਆ।
ਇਸ ਕਿਸਾਨ ਗੋਸ਼ਟੀ ਵਿਚ ਭਾਰੀ ਗਿਣਤੀ ਕਿਸਾਨਾਂ ਤੋਂ ਇਲਾਵਾ ਡਾ. ਅੰਮ੍ਰਿਤਪਾਲ ਸਿੰਘ, ਡਾ. ਗੁਰਬਾਜ ਸਿੰਘ, ਡਾ. ਗੁਰਕ੍ਰਿਪਾਲ ਸਿੰਘ, ਡਾ. ਅਮਰਜੀਤ ਸਿੰਘ, ਡਾ. ਜਗਦੀਪ ਸਿੰਘ, ਡਾ. ਖੁਸ਼ਦੀਪ ਸਿੰਘ,ਡਾ. ਬਲਵਿੰਦਰ ਸਿੰਘ ਲੱਖੇਵਾਲੀ ਤੋਂ ਇਲਾਵਾ ਖੇਤੀਬਾੜੀ ਵਿਭਾਗ ਦਾ ਸਮੂਹ ਸਟਾਫ਼ ਹਾਜ਼ਰ ਸੀ। ਮੰਚ ਦਾ ਸੰਚਾਲਨ ਡਾ. ਨਵਦੀਪ ਸਿੰਘ ਜੌੜਾ ਬਲਾਕ ਖੇਤੀਬਾੜੀ ਅਫਸਰ, ਬਾਘਾਪੁਰਾਣਾ ਨੇ ਬਾਖੂਬੀ ਨਿਭਾਇਆ।

Story You May Like