ਕ੍ਰਿਸ਼ੀ ਵਿਗਿਆਨ ਕੇਂਦਰ, ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਸ਼੍ਰੀ ਮੁਕਤਸਰ ਸਾਹਿਬ ਨੇ “ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ” ਤਹਿਤ ਝੋਨੇ/ਬਾਸਮਤੀ ਦੀ ਸਿੱਧੀ ਬਿਜਾਈ ਸਬੰਧੀ ਜਾਗਰੂਕਤਾ ਕੈਪ ਲਾਏ
ਸ੍ਰੀ ਮੁਕਤਸਰ ਸਾਹਿਬ, 10 ਜੂਨ- ਕ੍ਰਿਸ਼ੀ ਵਿਗਆਨ ਕੇਂਦਰ, ਸ਼੍ਰੀ ਮੁਕਤਸਰ ਸਾਹਿਬ ਵੱਲੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਅਤੇ ਆਤਮਾ ਦੇ ਸਹਿਯੋਗ ਨਾਲ ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ ਤਹਿਤ ਤਿੰਨ ਵੱਖ-ਵੱਖ ਟੀਮਾਂ ਬਣਾਕੇ 9 ਪਿਡਾਂ (ਚਿੱਬੜਾਵਾਲੀ, ਲੱਖੇਵਾਲੀ, ਨੰਦਗੜ, ਲਖਮੀਰੇਆਣਾ, ਮੋਹਲਾਂ, ਫੂਲੇਵਾਲਾ, ਮਾਨ, ਗੱਗੜ ਅਤੇ ਮਿਠੜੀ ਬੁੱਧਗਿਰ) ਵਿੱਚ ਝੋਨੇ/ਬਾਸਮਤੀ ਦੀ ਸਿੱਧੀ ਬਿਜਾਈ ਸਬੰਧੀ ਕੈਂਪ ਆਯੋਜਿਤ ਕੀਤੇ । ਇਹਨਾਂ ਕੈਂਪਾਂ ਵਿੱਚ ਸੂਝਵਾਨ ਕਿਸਾਨ ਭਰਾਵਾਂ ਅਤੇ ਬੀਬੀਆਂ ਨੇ ਵੱਧ-ਚੜ੍ਹ ਕੇ ਭਾਗ ਲਿਆ।
ਕੈਂਪਾਂ ਦੌਰਾਨ ਖੇਤੀ ਮਾਹਿਰਾ ਨੇ ਕਿਸਾਨਾਂ ਨੂੰ ਦੱਸਿਆ ਕਿ ਬਿਨਾਂ ਕੱਦੂ ਕੀਤੇ ਝੋਨੇ ਦੀ ਸਿੱਧੀ ਬਿਜਾਈ ਇੱਕ ਕੁਦਰਤੀ ਸਰੋਤ ਸੰਭਾਲ ਤਕਨੀਕ ਹੈ ਜਿਸ ਨਾਲ 10 ਤੋਂ 20 ਪ੍ਰਤੀਸ਼ਤ ਪਾਣੀ ਦੀ ਬੱਚਤ ਹੁੰਦੀ ਹੈ, ਮਜ਼ਦੂਰੀ ਦੀ ਬੱਚਤ ਹੁੰਦੀ ਹੈ ਅਤੇ ਅਗਲੀ ਕਣਕ ਦੀ ਫਸਲ ਦਾ ਵੀ ਵਧੀਆ ਝਾੜ ਆਉਂਦਾ ਹੈ। ਝੋਨੇ/ਬਾਸਮਤੀ ਦੀ ਸਿੱਧੀ ਬਿਜਾਈ ਦੀ ਕਾਮਯਾਬੀ ਲਈ ਜ਼ਰੂਰੀ ਨੁਕਤੇ ਜਿਵੇਂ ਕਿ ਦਰਮਿਆਨੀ ਤੋਂ ਭਾਰੀ ਜ਼ਮੀਨ ਦੀ ਚੋਣ, ਲੇਜ਼ਰ ਕਰਾਹੇ ਦੀ ਵਰਤੋਂ, ਘੱਟ ਅਤੇ ਦਰਮਿਆਨੇ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਅਤੇ ਬਿਜਾਈ ਦੇ ਸਮੇਂ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ।
ਇਸ ਦੇ ਨਾਲ ਹੀ ਉਨ੍ਹਾਂ ਨੇ ਸਿੱਧੇ ਬੀਜੇ ਝੋਨੇ ਵਿੱਚ ਨਦੀਨਾਂ ਦੀ ਸਰਵਪੱਖੀ ਰੋਕਥਾਮ ਬਾਰੇ ਵੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕੀਤੀ। ਝੋਨੇ/ਬਾਸਮਤੀ ਦੀ ਸਿੱਧੀ ਬਿਜਾਈ ਵਿੱਚ ਖੁਰਾਕੀ ਤੱਤ ਪ੍ਰਬੰਧਨ ਤਹਿਤ ਕਿਸਾਨਾਂ ਨੂੰ ਦੱਸਿਆ ਗਿਆ ਕਿ ਰੇਤਲੀਆਂ ਜ਼ਮੀਨਾਂ ਵਿੱਚ ਸਿੱਧੀ ਬਿਜਾਈ ਕਰਨ ਤੋਂ ਗੁਰੇਜ ਕੀਤਾ ਜਾਵੇ ਕਿਉਂਕਿ ਰੇਤਲੀਆਂ ਜ਼ਮੀਨਾਂ ਵਿੱਚ ਲੋਹੇ ਦੀ ਘਾਟ ਬਹੁਤ ਜਿਆਦਾ ਆ ਜਾਂਦੀ ਹੈ। ਗੋਭ ਦੀ ਅਵਸਥਾ ਵਿੱਚ 1.5 ਪ੍ਰਤੀਸ਼ਤ ਪੋਟਾਸ਼ੀਅਮ ਨਾਈਟ੍ਰੇਟ ਦਾ ਛਿੜਕਾਅ ਕਰਨ ਨਾਲ ਝੋਨੇ ਵਿੱਚ ਫੋਕ ਨੂੰ ਘਟਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਕਿਸਾਨਾਂ ਨੂੰ ਫਲਾਂ ਅਤੇ ਸਬਜ਼ੀਆਂ ਦੀ ਘਰੇਲੂ ਬਗੀਚੀ, ਪਸ਼ੂ ਪਾਲਣ ਅਤੇ ਹੋਰ ਸਹਾਇਕ ਧੰਦੇ ਅਪਨਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਤੋਂ ਇਲਾਵਾ ਪਿੰਡ ਮੋਹਲਾਂ ਦੇ ਪਸ਼ੂ ਪਾਲਕਾਂ ਨਾਲ ਪਸ਼ੂਆਂ ਦੀ ਖੁਰਾਕ ਤਿਆਰ ਕਰਨ ਅਤੇ ਪਸ਼ੂਆਂ ਦੀ ਸਿਹਤ ਸੁਧਾਰ ਬਾਰੇ ਵਿਸਥਾਰ ਪੁਰਵਕ ਗੱਲਬਾਤ ਕੀਤੀ ਗਈ। ਪ੍ਰੋਗਰਾਮ ਦੇ ਅਖੀਰ ਵਿੱਚ ਕਿਸਾਨਾਂ ਵੱਲੋਂ ਖੇਤੀ ਮਸਲਿਆਂ ਸਬੰਧੀ ਕੀਤੇ ਗਏ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ।