The Summer News
×
Thursday, 17 July 2025

ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਪਿੰਡ ਰੱਬੋਂ ਉੱਚੀ ਵਿਖੇ ਬਾਬਾ ਮਹਾਰਾਜ ਸਿੰਘ ਜੀ ਨੂੰ ਕੀਤੀ ਸ਼ਰਧਾਂਜਲੀ ਭੇਟ

ਬਾਬਾ ਮਹਾਰਾਜ ਸਿੰਘ ਮਹਾਨ ਦੇਸ਼ ਭਗਤ ਅਤੇ ਜੰਗ-ਏ-ਆਜ਼ਾਦੀ ਦੇ ਪਹਿਲੇ ਸ਼ਹੀਦ ਸਨ :- ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ

ਬਾਬਾ ਮਹਾਰਾਜ ਜੀ ਦੇ ਜਨਮ ਸਥਾਨ ਪਿੰਡ ਰੱਬੋ ਉੱਚੀ ਦੇ ਵਿਕਾਸ ਲਈ ਹਮੇਸ਼ਾ ਯਤਨਸ਼ੀਲ ਰਹਾਂਗਾ :- ਗਿਆਸਪੁਰਾ

ਪਾਇਲ, (ਲੁਧਿਆਣਾ), 05 ਜੁਲਾਈ: ਹਲਕਾ ਪਾਇਲ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਸ਼ਨੀਵਾਰ ਨੂੰ ਪਿੰਡ ਰੱਬੋਂ ਉੱਚੀ ਵਿਖੇ ਮਹਾਨ ਸਿੱਖ ਕ੍ਰਾਂਤੀਕਾਰੀ ਅਤੇ ਆਜ਼ਾਦੀ ਘੁਲਾਟੀਏ ਬਾਬਾ ਮਹਾਰਾਜ ਸਿੰਘ ਜੀ ਨੂੰ ਉਹਨਾਂ ਦੇ ਸ਼ਹੀਦੀ ਦਿਹਾੜੇ ਤੇ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਵਿਸ਼ੇਸ਼ ਤੌਰ ਤੇ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ, ਪਿੰਡ ਰੱਬੋ ਉੱਚੀ, ਪਾਇਲ, (ਲੁਧਿਆਣਾ) ਵਿਖੇ ਹੋਏ ਸਮਾਗਮ ਵਿੱਚ ਸ਼ਾਮਲ ਹੋਏ। ਇਸ ਮੌਕੇ ਸੰਤ ਬਾਬਾ ਜਗਜੀਤ ਸਿੰਘ ਹਰਖੋਵਾਲ ਵਾਲੇ ਤੋਂ ਇਲਾਵਾ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵੀ ਮੌਜੂਦ ਸਨ। ਸਮਾਗਮ ਨੂੰ ਸੰਬੋਧਨ ਕਰਦਿਆਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਬਾਬਾ ਮਹਾਰਾਜ ਸਿੰਘ ਜੀ ਜੰਗ-ਏ-ਆਜ਼ਾਦੀ ਦੇ ਪਹਿਲੇ ਸ਼ਹੀਦ ਸਨ। ਉਨ੍ਹਾਂ ਕਿਹਾ ਕਿ ਬਾਬਾ ਮਹਾਰਾਜ ਸਿੰਘ ਨੇ ਪਹਿਲੀ ਸਿੱਖ-ਅੰਗਰੇਜ਼ ਜੰਗ ਪਿੱਛੋਂ ਪੰਜਾਬ ਵਿੱਚ ਅੰਗਰੇਜ਼ ਵਿਰੋਧੀ ਲਹਿਰ ਦੀ ਅਗਵਾਈ ਕੀਤੀ ਅਤੇ ਲੋਕਾਂ ਨੂੰ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਜੂਝਣ ਹਿੱਤ ਪ੍ਰੇਰਦੇ ਹੋਏ ਆਜ਼ਾਦੀ ਸੰਗਰਾਮ ਦੇ ਪਹਿਲੇ ਸ਼ਹੀਦ ਦੁਆਰਾ ਦਰਸਾਏ ਰਸਤੇ 'ਤੇ ਚੱਲਣ ਦਾ ਸੱਦਾ ਦਿੱਤਾ।

ਗਿਆਸਪੁਰਾ ਨੇ ਅੱਗੇ ਦੱਸਿਆ ਕਿ ਬਾਬਾ ਮਹਾਰਾਜ ਸਿੰਘ ਜੀ ਮਹਾਨ ਦੇਸ਼ ਭਗਤ ਸਨ, ਜਿਨ੍ਹਾਂ ਨੇ ਦੇਸ਼ ਦੀ ਅਜ਼ਾਦੀ ਦੀ ਖਾਤਰ ਆਪਣੀ ਜਾਨ ਕੁਰਬਾਨ ਕਰ ਦਿੱਤੀ। ਉਨ੍ਹਾਂ ਕਿਹਾ ਕਿ 1857 ਦੇ ਵਿਦ੍ਰੋਹ ਨੂੰ ਦੇਸ਼ ਦੀ ਆਜ਼ਾਦੀ ਦੀ ਜੰੰਗ ਦੀ ਸੁਰੂਆਤ ਵਜੋਂ ਪੇਸ਼ ਕਰਨ ਦੀਆਂ ਕੋਸ਼ਿਸ਼ਾਂ ਹੋਈਆਂ ਪਰ ਇਤਿਹਾਸ ਨੇ ਇਹ ਸਾਬਿਤ ਕਰ ਦਿੱਤਾ ਕਿ ਬਾਬਾ ਮਹਾਰਾਜ ਸਿੰਘ ਨੇ ਉਸੇ ਸਮੇਂ ਦੇਸ਼ ਨੂੰ ਆਜ਼ਾਦ ਕਰਾਉਣ ਲਈ ਸੰਘਰਸ਼ ਸੁਰੂ ਕਰ ਦਿੱਤਾ ਸੀ ਜਦੋਂ ਉਨ੍ਹਾਂ ਨੇ ਆਖਰੀ ਸਿੱਖ ਹੁਕਮਰਾਨ ਮਹਾਰਾਜਾ ਦਲੀਪ ਸਿੰਘ ਨੂੰ ਅੰਗਰੇਜ਼ਾਂ ਦੇ ਚੁੰਗਲ ਤੋਂ ਛੁਡਾਉਣ ਦੀ ਕੋਸ਼ਿਸ ਕੀਤੀ ਸੀ। ਪਰ, ਅੰਗਰੇਜ਼ਾਂ ਨੂੰ ਬਾਬਾ ਮਹਾਰਾਜ ਸਿੰਘ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਕੀਤੀ ਗਈ ਯੋਜਨਾਬੰਦੀ ਦੀ ਸੂਹ ਮਿਲ ਗਈ ਜਿਸ ਦੇ ਸਿੱਟੇ ਵਜੋਂ ਉਨ੍ਹਾਂ ਨੇ ਬਾਬਾ ਮਹਾਰਾਜ ਸਿੰਘ ਨੂੰ ਕੈਦ ਕਰ ਕੇ ਸਿੰਗਾਪੁਰ ਭੇਜ ਦਿੱਤਾ ਜਿੱਥੇ ਬਾਬਾ ਮਹਾਰਾਜ ਸਿੰਘ ਕਈ ਤੰਗੀਆਂ ਨਾਲ ਜੂਝਦੇ ਹੋਏ 05 ਜੁਲਾਈ, 1856 ਨੂੰ ਸ਼ਹੀਦ ਹੋ ਗਏ।

ਉਨ੍ਹਾਂ ਕਿਹਾ ਕਿ ਬਾਬਾ ਮਹਾਰਾਜ ਸਿੰਘ ਜੀ ਨੇ ਨਾਮ ਸਿਮਰਨ ਦੇ ਆਸਰੇ ਉਨਾਂ ਕਾਲ ਕੋਠੜੀ ਵਿੱਚ 6 ਸਾਲ ਕੱਟੇ ਜਿਥੇ ਉਹਨਾਂ ਦੀਆਂ ਅੱਖਾਂ ਦੀ ਰੋਸ਼ਨੀ ਜਾਂਦੀ ਰਹੀ ਅਤੇ ਕੈਂਸਰ ਵਰਗੀ ਨਾ-ਮੁਰਾਦ ਬਿਮਾਰੀ ਦਾ ਸ਼ਿਕਾਰ ਹੋ ਗਏ ਪਰੰਤੂ ਰੂਹਾਨੀ ਸ਼ਕਤੀ ਆਸਰੇ ਹਮੇਸ਼ਾ ਚੜ੍ਹਦੀ ਕਲਾ 'ਚ ਰਹੇ। ਅੰਗਰੇਜ਼ਾਂ ਦੀ ਈਨ ਨਾ ਮੰਨੀ ਅਤੇ 5 ਜੁਲਾਈ, 1856 ਨੂੰ ਸਿੰਘਾਪੁਰ ਦੀ ਜੇਲ ਵਿੱਚ ਹੀ ਅੰਤਮ ਦਿਨ ਤੱਕ ਰਹੇ।  ਉਹਨਾਂ ਕਿਹਾ ਕਿ ਇੱਥੇ ਸੰਤ ਬਾਬਾ ਜਗਜੀਤ ਸਿੰਘ ਹਰਖੋਵਾਲ ਵਾਲਿਆਂ ਦੀ ਸਲਾਘਾ ਕਰਨੀ ਬਣਦੀ ਹੈ ਜਿਨ੍ਹਾਂ ਨੇ ਉਹਨਾਂ ਦੇ ਜਨਮ ਨਗਰ ਪਿੰਡ ਰੱਬੋਂ ਉੱਚੀ ਵਿਖੇ ਉਹਨਾਂ ਦੀ ਯਾਦ 'ਚ ਇੱਕ ਆਲੀਸ਼ਾਨ ਗੁਰਦੁਆਰਾ ਬਣਾਇਆ ਹੈ। ਉਹਨਾਂ ਕਿਹਾ ਕਿ ਉਹ ਬਾਬਾ ਜੀ ਦੇ ਜਨਮ ਸਥਾਨ ਪਿੰਡ ਰੱਬੋ ਉੱਚੀ ਦੇ ਵਿਕਾਸ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ। ਇਸ ਉਪਰੰਤ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਸਾਹਿਬ ਵਿਖੇ ਵੀ ਨਤਮਸਤਕ ਹੋਏ। ਪ੍ਰਬੰਧਕ ਕਮੇਟੀ ਵੱਲੋਂ ਬਾਬਾ ਮਹਾਰਾਜ ਸਿੰਘ ਜੀ ਦੀ ਜੀਵਨੀ ਸਬੰਧੀ ਬੁੱਕ ਵੀ ਭੇਟ ਕੀਤੀ। ਇਸ ਮੌਕੇ ਪਿਆਰਾ ਸਿੰਘ, ਛਿੰਦਰ ਪਾਲ ਸਿੰਘ, ਦਰਸ਼ਨ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਸ਼ਾਮਲ ਸਨ।

Story You May Like