The Summer News
×
Sunday, 08 March 2026

16 ਫਰਵਰੀ ਨੂੰ ਹਰਪਾਲ ਟਿਵਾਣਾ ਕਲਾ ਕੇਂਦਰ ਵਿਖੇ ਇਤਿਹਾਸ ਤੋਂ ਭਵਿੱਖ ਤੱਕ ਦੇ ਸੰਵਾਦ ਨਾਲ ਜੋੜੇਗਾ ਨਾਟਕ 1675-ਵਰਜੀਤ ਵਾਲੀਆ

-ਨੋਡਲ ਅਫ਼ਸਰ ਨਮਨ ਮਾਰਕੰਨ ਵੱਲੋਂ ਨਾਟਕ ਦੇ ਮੰਚਨ ਲਈ ਤਿਆਰੀਆਂ ਦਾ ਜਾਇਜ਼ਾ


 ਪਟਿਆਲਾ, 10 ਫਰਵਰੀ: ਪਟਿਆਲਾ ਹੈਰੀਟੇਜ ਫੈਸਟੀਵਲ-2026 ਦੀ ਪੰਜਵੀਂ ਸ਼ਾਮ 16 ਫਰਵਰੀ ਨੂੰ ਸ਼ਾਮ 6 ਵਜੇ ਹਰਪਾਲ ਟਿਵਾਣਾ ਕਲਾ ਕੇਂਦਰ ਵਿਖੇ ਸ਼ਿਰੋਮਣੀ ਰੰਗਕਰਮੀ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਹੇਠ ਡਾ. ਅਮਰਜੀਤ ਗਰੇਵਾਲ ਵੱਲੋਂ ਲਿਖੇ ਪੰਜਾਬੀ ਨਾਟਕ 1675 ਦੀ ਪੇਸ਼ਕਾਰੀ ਕੀਤੀ ਜਾਵੇਗੀ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਕੀਤਾ।


ਡਿਪਟੀ ਕਮਿਸ਼ਨਰ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਹ ਨਾਟਕ ਦੇਖਣ ਲਈ ਜ਼ਿਲ੍ਹਾ ਨਿਵਾਸੀਆਂ ਨੂੰ ਖੁੱਲ੍ਹਾ ਸੱਦਾ ਦਿੰਦਿਆਂ ਕਿਹਾ ਕਿ ਇਸ ਨਾਟਕ ਦੀ ਐਂਟਰੀ ਫ਼ਰੀ ਹੈ, ਇਸ ਲਈ ਚਾਹਵਾਨ ਦਰਸ਼ਕ 16 ਫਰਵਰੀ ਨੂੰ ਸ਼ਾਮ 5.30 ਵਜੇ ਤੱਕ ਪਹਿਲਾਂ ਆਉ-ਪਹਿਲਾਂ ਸੀਟ ਲਉ ਮੁਤਾਬਕ ਆਪਣੀਆਂ ਸੀਟਾਂ ਲੈ ਲੈਣ।


ਵਰਜੀਤ ਵਾਲੀਆ ਨੇ ਕਿਹਾ ਕਿ ਇਹ ਨਾਟਕ ਇਤਿਹਾਸ ਤੋਂ ਭਵਿੱਖ ਤੱਕ ਦੇ ਸੰਵਾਦ ਨੂੰ ਬਾਖੂਬੀ ਪੇਸ਼ ਕਰਦਾ ਹੋਇਆ 1675 ਦੇ ਚਾਂਦਨੀ ਚੌਂਕ ਦੇ ਤਸੀਹਿਆਂ ਦੇ ਇਤਿਹਾਸ ਤੋਂ 2025 ਤੱਕ ਦੇ ਆਰਟੀਫਿਸ਼ੀਲ ਇੰਟੈਲੀਜੈਂਸ ਤੇ ਪ੍ਰਯੋਗਸ਼ਾਲਾ ਭਰੇ ਸੰਸਾਰ ਨੂੰ ਦਿਖਾਏਗਾ।


ਇਸੇ ਦੌਰਾਨ ਇਸ ਨਾਟਕ ਦੇ ਨੋਡਲ ਅਫ਼ਸਰ ਤੇ ਐਸ.ਡੀ.ਐਮ ਨਮਨ ਮਾਰਕੰਨ ਨੇ ਇਸ ਨਾਟਕ ਦੇ ਮੰਚਨ ਲਈ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਹਰਪਾਲ ਟਿਵਾਣਾ ਕਲਾ ਕੇਂਦਰ ਵਿਖੇ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ। ਉਨ੍ਹਾਂ ਦੱਸਿਆ ਕਿ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਦੀ ਅਗਵਾਈ ਹੇਠ ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਵਿਰਾਸਤੀ ਮੇਲੇ ਦੌਰਾਨ ਮੰਚ-ਰੰਗਮੰਚ, ਅੰਮ੍ਰਿਤਸਰ ਦੀ ਟੀਮ ਵੱਲੋਂ ਪੰਜਾਬੀ ਨਾਟਕ '1675' ਦੀ ਪੇਸ਼ਕਾਰੀ ਕੀਤੀ ਜਾਵੇਗੀ।


ਐਸ.ਡੀ.ਐਮ ਨੇ ਦੱਸਿਆ ਕਿ ਇਸ ਨਾਟਕ ਲਈ ਸਾਰੀਆਂ ਤਿਆਰੀਆਂ ਸਮੇਂ ਸਿਰ ਮੁਕੰਮਲ ਕਰ ਲਈਆਂ ਜਾਣਗੀਆਂ। ਨਮਨ ਮਾਰਕੰਨ ਨੇ ਪਟਿਆਲਵੀਆਂ ਨੂੰ ਸੱਦਾ ਦਿੱਤਾ ਕਿ ਉਹ 16 ਫਰਵਰੀ ਨੂੰ ਸ਼ਾਮ 5.30 ਵਜੇ ਤੱਕ ਆਪਣੀਆਂ ਸੀਟਾਂ 'ਤੇ ਵਿਰਾਜਮਾਨ ਹੋ ਜਾਣ ਤਾਂਕਿ ਸਮੇਂ ਸਿਰ ਨਾਟਕ ਦਾ ਮੰਚਨ ਕੀਤਾ ਜਾ ਸਕੇ।

Story You May Like