The Summer News
×
Thursday, 17 July 2025

ਲੁਧਿਆਣਾ ਪੱਛਮੀ ਜਿੱਤਣ ਤੋਂ ਬਾਅਦ ਰਾੱਕੇਟ ਦੀ ਰਫ਼ਤਾਰ ਨਾਲ ਹੋਵੇਗੀ ਪੰਜਾਬ ਦੀ ਤਰੱਕੀ- ਮਨੀਸ਼ ਸਿਸੋਦੀਆ

ਲੁਧਿਆਣਾ/ਚੰਡੀਗੜ੍ਹ, 16 ਜੂਨ


ਲੁਧਿਆਣਾ ਪੱਛਮੀ ਜਿਮਨੀ ਚੋਣ ਲਈ ਪ੍ਰਚਾਰ ਆਪਣੇ ਆਖਰੀ ਪੜਾਅ 'ਤੇ ਹੈ। ਮੰਗਲਵਾਰ ਸ਼ਾਮ ਨੂੰ ਚੋਣ ਪ੍ਰਚਾਰ ਪੂਰੀ ਤਰ੍ਹਾਂ ਬੰਦ ਹੋ ਜਾਵੇਗਾ ਅਤੇ ਵੋਟਿੰਗ ਪ੍ਰਕਿਰਿਆ ਵੀਰਵਾਰ ਸਵੇਰ ਤੋਂ ਸ਼ੁਰੂ ਹੋ ਜਾਵੇਗੀ। ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਨੇਤਾ ਮਨੀਸ਼ ਸਿਸੋਦੀਆ ਨੇ ਚੋਣ ਪ੍ਰਚਾਰ ਦੌਰਾਨ ਪਾਰਟੀ ਵਰਕਰਾਂ ਦੀ ਸਖ਼ਤ ਮਿਹਨਤ ਅਤੇ ਸਮਰਪਣ ਦੀ ਪ੍ਰਸ਼ੰਸਾ ਕੀਤੀ ਕਿ ਇਹ ਦੇਖ ਕੇ ਖ਼ੁਸ਼ੀ ਹੋਈ ਕਿ ਪਾਰਟੀ ਦਾ ਸੰਗਠਨ ਪੂਰੀ ਤਾਕਤ ਨਾਲ ਮੈਦਾਨ ਵਿੱਚ ਡਟੇ ਹੋਏ ਹਨ।


ਉਨ੍ਹਾਂ ਕਿਹਾ ਕਿ ਸੂਬੇ ਭਰ ਤੋਂ 'ਆਪ' ਆਗੂ ਅਤੇ ਵਰਕਰ ਕੜਾਕੇ ਦੀ ਗਰਮੀ ਦੇ ਬਾਵਜੂਦ ਦਿਨ ਰਾਤ ਪਾਰਟੀ ਲਈ ਪ੍ਰਚਾਰ ਕਰ ਰਹੇ ਹਨ ਅਤੇ ਲੋਕਾਂ ਵਿੱਚ 'ਆਪ' ਸਰਕਾਰ ਦੇ ਕੰਮਾਂ ਬਾਰੇ ਦੱਸ ਰਹੇ ਹਨ। ਉਨ੍ਹਾਂ ਕਿਹਾ ਕਿ ਲੁਧਿਆਣਾ ਪੱਛਮੀ ਦੇ ਮਾਹੌਲ ਨੂੰ ਦੇਖ ਕੇ ਇਹ ਸਪੱਸ਼ਟ ਹੈ ਕਿ ਲੋਕ ਵਿਕਾਸ ਚਾਹੁੰਦੇ ਹਨ, ਇਸ ਲਈ ਉਹ ਸਿਰਫ਼ ਆਮ ਆਦਮੀ ਪਾਰਟੀ ਵਿੱਚ ਹੀ ਆਪਣਾ ਭਰੋਸਾ ਪ੍ਰਗਟ ਕਰ ਰਹੇ ਹਨ।


ਲੁਧਿਆਣਾ ਦੀ ਆਰਥਿਕ ਅਤੇ ਉਦਯੋਗਿਕ ਪਛਾਣ 'ਤੇ ਜ਼ੋਰ ਦਿੰਦੇ ਹੋਏ ਮਨੀਸ਼ ਸਿਸੋਦੀਆ ਨੇ ਕਿਹਾ ਕਿ ਲੁਧਿਆਣਾ ਨੂੰ ਪੰਜਾਬ ਦੀ ਆਰਥਿਕ ਰਾਜਧਾਨੀ ਕਿਹਾ ਜਾਂਦਾ ਹੈ। ਇਸ ਨੂੰ ਪੰਜਾਬ ਦਾ ਮਾਨਚੈਸਟਰ ਵੀ ਕਿਹਾ ਜਾਂਦਾ ਹੈ। ਇੱਥੋਂ ਦੇ ਵਪਾਰ ਅਤੇ ਉਦਯੋਗਾਂ ਨੇ ਹਮੇਸ਼ਾ ਪੰਜਾਬ ਦੀ ਤਰੱਕੀ ਵਿੱਚ ਮੋਹਰੀ ਭੂਮਿਕਾ ਨਿਭਾਈ ਹੈ। 'ਆਪ' ਸਰਕਾਰ ਲੁਧਿਆਣਾ ਦੇ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਲਈ ਨਵੀਆਂ ਉਦਯੋਗਿਕ ਨੀਤੀਆਂ, ਬਿਹਤਰ ਬੁਨਿਆਦੀ ਢਾਂਚੇ ਅਤੇ ਪ੍ਰਸ਼ਾਸਕੀ ਸਹੂਲਤਾਂ ਰਾਹੀਂ ਉਦਯੋਗ-ਅਨੁਕੂਲ ਵਾਤਾਵਰਣ ਪ੍ਰਦਾਨ ਕਰ ਰਹੀ ਹੈ।


ਸਰਕਾਰ ਵੱਲੋਂ ਬਣਾਈਆਂ ਗਈਆਂ ਯੋਜਨਾਵਾਂ ਵਿੱਚ ਬਿਹਤਰ ਸੰਪਰਕ, ਸ਼ਹਿਰਾਂ ਵਿਚਕਾਰ ਬਿਹਤਰ ਪਹੁੰਚ ਅਤੇ ਨਿਵੇਸ਼ ਲਈ ਇੱਕ ਆਕਰਸ਼ਕ ਵਾਤਾਵਰਣ ਸ਼ਾਮਲ ਹੈ। 'ਆਪ' ਸਰਕਾਰ ਦਾ ਉਦੇਸ਼ ਸਿਰਫ਼ ਲੁਧਿਆਣਾ ਹੀ ਨਹੀਂ ਸਗੋਂ ਪੂਰੇ ਪੰਜਾਬ ਨੂੰ ਉਦਯੋਗ, ਸਿੱਖਿਆ ਅਤੇ ਰੁਜ਼ਗਾਰ ਦੇ ਕੇਂਦਰ ਵਜੋਂ ਵਿਕਸਤ ਕਰਨਾ ਹੈ।


ਉਨ੍ਹਾਂ ਮਾਨ ਸਰਕਾਰ ਅਤੇ ਪਾਰਟੀ ਦੇ ਸੰਗਠਨ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਤੁਹਾਡੇ ਵਰਕਰਾਂ ਤੋਂ ਲੈ ਕੇ ਸਾਡੇ ਮੁੱਖ ਮੰਤਰੀ ਤੱਕ, ਹਰ ਵਿਅਕਤੀ ਪੰਜਾਬ ਦੇ ਸੁਨਹਿਰੀ ਭਵਿੱਖ ਲਈ ਇਮਾਨਦਾਰੀ ਅਤੇ ਲਗਨ ਨਾਲ ਕੰਮ ਕਰ ਰਿਹਾ ਹੈ। ਪਾਰਟੀ ਦੀਆਂ ਨੀਤੀਆਂ ਪੰਜਾਬ ਦੇ ਨਾਗਰਿਕਾਂ ਦੇ ਜੀਵਨ ਪੱਧਰ ਨੂੰ ਸੁਧਾਰਨ ਅਤੇ ਸੂਬੇ ਦੇ ਵਿਕਾਸ ਨੂੰ ਨਵੀਆਂ ਉਚਾਈਆਂ 'ਤੇ ਲਿਜਾਣ 'ਤੇ ਕੇਂਦਰਿਤ ਹਨ।


ਸਿਸੋਦੀਆ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਲੁਧਿਆਣਾ ਪੱਛਮੀ ਜਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਤੋਂ ਬਾਅਦ ਨਾ ਸਿਰਫ ਇਸ ਖੇਤਰ ਦਾ ਤੇਜ਼ੀ ਨਾਲ ਵਿਕਾਸ ਯਕੀਨੀ ਬਣਾਇਆ ਜਾਵੇਗਾ ਬਲਕਿ ਪੂਰੇ ਪੰਜਾਬ ਦਾ ਰਾਕੇਟ ਦੀ ਗਤੀ ਨਾਲ ਵਿਕਾਸ ਹੋਵੇਗਾ। ਇਸ ਤੋਂ ਇਲਾਵਾ, ਸਾਰੇ ਪੈਂਡਿੰਗ ਪ੍ਰੋਜੈਕਟਾਂ ਨੂੰ ਵੀ ਪਹਿਲ ਦੇ ਆਧਾਰ 'ਤੇ ਪੂਰਾ ਕੀਤਾ ਜਾਵੇਗਾ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇਸ਼ ਦੇ ਮੋਹਰੀ ਸੂਬਿਆਂ ਵਿੱਚ ਸ਼ਾਮਿਲ ਹੋ ਸਕੇ।

Story You May Like