ਜ਼ਮੀਨੀ ਝਗੜੇ ਦੇ ਚਲਦਿਆਂ ਸੇਵਾ ਮੁਕਤ SHO ਨੂੰ ਮਾਰੀ ਗੋਲੀ, ਨਿੱਜੀ ਹਸਪਤਾਲ ਜ਼ੇਰੇ ਇਲਾਜ
ਸ੍ਰੀ ਮੁਕਤਸਰ ਸਾਹਿਬ, 26 ਜੁਲਾਈ: ਸ੍ਰੀ ਮੁਕਤਸਰ ਸਾਹਿਬ ਤੋਂ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਜ਼ਮੀਨੀ ਵਿਵਾਦ ਨੂੰ ਲੈ ਕੇ ਗੋਲੀਆਂ ਚੱਲ ਗਈਆਂ। ਇਸ ਝਗੜੇ ਦੇ ਵਿੱਚ ਇੱਕ ਰਿਟਾਇਰਡ ਪੁਲੀਸ ਮੁਲਾਜ਼ਮ ਜ਼ਖਮੀ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਜ਼ਖਮੀ ਰਿਟਾਇਰਡ ਮੁਲਾਜ਼ਮ, ਪੰਜਾਬ ਪੁਲੀਸ ਤੋਂ ਸੇਵਾ ਮੁਕਤ ਐਸ ਐਚ ਓ ਹੈ, ਜਿਸ ਦਾ ਨਾਮ ਦਰਬਾਰਾ ਸਿੰਘ ਹੈ। ਉਸ ਨੂੰ ਇੱਕ ਗੋਲੀ ਵੱਜੀ ਹੈ। ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਸ਼ਿਵਪੁਰ ਕੁਕਰੀਆ ਦਾ ਇਹ ਮਾਮਲਾ ਹੈ। ਦਰਬਾਰਾ ਸਿੰਘ ਦੇ ਪੁੱਤ ਨੇ ਜਾਣਕਾਰੀ ਦਿੰਦੇ ਦੱਸਿਆ ਹੈ ਕਿ ਉਹਨਾਂ ਦੀ ਸ਼ਿਵਪੁਰ ਕੁਕਰੀਆ ਵਿਖੇ ਜ਼ਮੀਨ ਹੈ। ਜਿਸਦੀ ਵੱਟ ਨੂੰ ਲੈ ਕੇ ਉਹਨਾਂ ਨਾਲ ਲੱਗਦੀ ਜ਼ਮੀਨ ਦੇ ਮਾਲਕ ਨਿਸ਼ਾਨ ਸਿੰਘ ਨਾਲ ਝਗੜਾ ਹੈ।
ਨਿਸ਼ਾਨ ਸਿੰਘ ਵੱਲੋ ਕਥਿਤ ਤੌਰ 'ਤੇ ਵਿਦੇਸ਼ੀ ਨੰਬਰ ਤੋਂ ਧਮਕੀਆਂ ਦਿੱਤੀਆਂ ਜਾ ਰਹੀਆ ਸਨ। ਇਸ ਸਬੰਧੀ ਉਹਨਾਂ ਪੁਲੀਸ ਨੂੰ ਵੀ ਸ਼ਿਕਾਇਤ ਦਿੱਤੀ ਸੀ। ਅੱਜ ਜਦ ਉਸਦੇ ਪਿਤਾ ਜੀ ਆਪਣੀ ਜ਼ਮੀਨ ਵਿੱਚ ਗਏ ਤਾਂ 12-15 ਵਿਅਕਤੀਆਂ ਲਲਕਾਰੇ ਮਾਰੇ ਅਤੇ ਫਾਇਰਿੰਗ ਕੀਤੀ। ਇਸ ਦੌਰਾਨ ਉਹਨਾ ਦੇ ਪਿਤਾ ਦੇ ਗੋਲੀ ਲੱਗੀ ਜੋ ਕਿ ਗੰਭੀਰ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਉਹਨਾਂ ਇਨਸਾਫ ਦੀ ਮੰਗ ਕੀਤੀ ਹੈ। ਪੁਲੀਸ ਨੇ ਮੌਕੇ 'ਤੇ ਪਹੁੰਚ ਅਗਲੇਰੀ ਕਾਰਵਾਈ ਸ਼ੁਰ ਕਰ ਦਿੱਤੀ।