The Summer News
×
Saturday, 08 February 2025

ਆਰ.ਟੀ.ਓ. ਨਮਨ ਮਾਰਕੰਨ ਪਟਿਆਲਾ ਫਾਊਂਡੇਸ਼ਨ ਦੇ ਸਹਿਯੋਗ ਨਾਲ ਆਰ.ਟੀ.ਓ. ਦਫ਼ਤਰ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੈਲਮੇਟ ਬੈਂਕ ਦੀ ਸ਼ੁਰੂਆਤ ਕਰਵਾਉਂਦੇ ਹੋਏ

ਪਟਿਆਲਾ, 15 ਜਨਵਰੀ: ਸੜਕ ਸੁਰੱਖਿਆ ਮਹੀਨੇ ਦੌਰਾਨ ਆਰ.ਟੀ.ਓ. ਦਫ਼ਤਰ ਪਟਿਆਲਾ ਨੇ ਅੱਜ ਇੱਕ ਨਿਵੇਕਲਾ ਉਪਰਾਲਾ ਕਰਦਿਆਂ ਪਟਿਆਲਾ ਫਾਊਂਡੇਸ਼ਨ ਦੇ 'ਸੜਕ' ਪ੍ਰਾਜੈਕਟ ਤਹਿਤ ਖੇਤਰੀ ਟਰਾਂਸਪੋਰਟ ਅਫ਼ਸਰ ਦੇ ਦਫ਼ਤਰ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਲਾਕ ਡੀ ਵਿਖੇ ਇੱਕ ਹੈਲਮੇਟ ਬੈਂਕ ਸਥਾਪਤ ਕੀਤਾ।


ਇਸ ਹੈਲਮੇਟ ਬੈਂਕ ਦੀ ਸ਼ੁਰੂਆਤ ਖੇਤਰੀ ਟਰਾਂਸਪੋਰਟ ਅਫ਼ਸਰ ਨਮਨ ਮਾਰਕੰਨ ਅਤੇ ਪਟਿਆਲਾ ਫਾਊਂਡੇਸ਼ਨ ਦੇ ਚੀਫ਼ ਫੰਕਸ਼ਨਰੀ ਰਵੀ ਆਹਲੂਵਾਲੀਆ ਨਾਲ ਸਾਂਝੇ ਤੌਰ 'ਤੇ ਕਰਵਾਈ। ਇਸ ਮੌਕੇ ਸਕੂਟਰ ਮੋਟਰਸਾਇਕਲਾਂ ਨੂੰ ਹੈਲਮੇਟ ਵੀ ਪ੍ਰਦਾਨ ਕੀਤੇ ਗਏ।
ਨਮਨ ਮਾਰਕੰਨ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਟਰਾਂਸਪੋਰਟ ਵਿਭਾਗ ਦੇ ਏ.ਸੀ.ਐਸ. ਤੇ ਐਸ.ਟੀ.ਸੀ. ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਅਤੇ ਡਿਪਟੀ ਕਮਿਸ਼ਨਰ ਪਟਿਆਲਾ ਡਾ. ਪ੍ਰੀਤੀ ਯਾਦਵ ਦੀ ਦੇਖ-ਰੇਖ ਹੇਠ ਇਹ ਹੈਲਮੈਟ ਬੈਂਕ ਦਾ ਮੁੱਖ ਮੰਤਵ ਆਰ.ਟੀ.ਓ. ਦਫ਼ਤਰ ਦੇ ਸਟਾਫ਼ ਅਤੇ ਹੋਰ ਦਫ਼ਤਰਾਂ ਦੇ ਅਮਲੇ ਸਮੇਤ ਆਮ ਲੋਕਾਂ ਨੂੰ ਹੈਲਮੈਟ ਮੁਹੱਈਆ ਕਰਵਾਉਣਾ ਹੈ ਤਾਂ ਕਿ ਉਹ ਹੈਲਮੈਟ ਪਾਉਣ ਬਾਰੇ ਜਾਗਰੂਕ ਹੋਣ।


ਨਮਨ ਮਾਰਕੰਨ ਨੇ ਰਵੀ ਆਹਲੂਵਾਲੀਆ ਤੇ ਪਟਿਆਲਾ ਫਾਊਂਡੇਸ਼ਨ ਵੱਲੋਂ ਸੜਕ ਸੁਰੱਖਿਆ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਸ਼ੁਰੂਆਤੀ ਤੌਰ 'ਤੇ ਇਸ ਬੈਂਕ ਰਾਹੀਂ ਦੋ-ਪਹੀਆ ਵਾਹਨ ਚਲਾਉਣ ਵਾਲੇ ਮੁਲਾਜਮਾਂ ਨੂੰ ਇੱਕ-ਇੱਕ ਹੈਲਮੇਟ ਪ੍ਰਦਾਨ ਕੀਤਾ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਮੁਲਾਜਮਾਂ ਨੂੰ ਇੱਕ ਆਦਰਸ਼ ਨਾਗਰਿਕ ਵਜੋਂ ਸੁਰੱਖਿਅਤ ਆਵਾਜਾਈ ਲਈ ਸੜਕੀ ਨੇਮਾਂ ਦੀ ਪਾਲਣਾ ਕਰਨ ਦਾ ਪਾਬੰਦ ਬਣਾਉਂਦਿਆਂ ਆਪਣਾ ਹੈਲਮੇਟ ਖਰੀਦਣ ਮਗਰੋਂ ਬੈਂਕ 'ਚੋਂ ਲਿਆ ਹੈਲਮੇਟ ਵਾਪਸ ਕਰਨ ਸਮੇਂ ਇੱਕ-ਇੱਕ ਹੈਲਮੇਟ ਇਸ ਬੈਂਕ ਨੂੰ ਦੇਣ ਲਈ ਪ੍ਰੇਰਤ ਕੀਤਾ ਗਿਆ ਹੈ।


ਨਮਨ ਮਾਰਕੰਨ ਨੇ ਨੇ ਕਿਹਾ ਕਿ ਸੜਕ ਸੁਰੱਖਿਆ ਸਾਡੀ ਜੀਵਨ ਸ਼ੈਲੀ ਦਾ ਇਕ ਹਿੱਸਾ ਹੀ ਬਨਣਾ ਚਾਹੀਦਾ ਹੈ ਤਾਂ ਕਿ ਇੱਕ ਆਦਰਸ਼ ਨਾਗਰਿਕ ਵਜੋਂ ਸਾਡੇ ਕੀਤੇ ਕੰਮਾਂ ਦਾ ਸਾਡੇ ਬੱਚਿਆਂ 'ਤੇ ਵੀ ਚੰਗਾ ਪ੍ਰਭਾਵ ਪਵੇ। ਉਨ੍ਹਾਂ ਕਿਹਾ ਕਿ ਦੋਪਹੀਆ ਵਾਹਨ ਚਾਲਕਾਂ ਲਈ ਹੈਲਮੇਟ ਪਾਉਣਾ ਬਿਮਾਰ ਬੰਦੇ ਲਈ ਆਕਸੀਜਨ ਮਾਸਕ ਪਾਉਣ ਦੇ ਬਰਾਬਰ ਹੈ ਇਸ ਲਈ ਇਕੱਲਾ ਚਾਲਕ ਹੀ ਨਹੀਂ ਬਲਕਿ ਉਸਦੇ ਪਿੱਛੇ ਬੈਠਕੇ ਸਫ਼ਰ ਕਰਨ ਵਾਲੇ ਨੂੰ ਵੀ ਹੈਲਮੇਟ ਪਾਉਣਾ ਚਾਹੀਦਾ ਹੈ।
ਪਟਿਆਲਾ ਫਾਊਂਡੇਸ਼ਨ ਦੇ ਚੀਫ਼ ਫੰਕਸ਼ਨਰੀ ਰਵੀ ਆਹਲੂਵਾਲੀਆ ਨੇ ਦੱਸਿਆ ਕਿ ਜਿਹੜੇ ਨਾਗਰਿਕਾਂ ਕੋਲ ਹੈਲਮੇਟ ਨਹੀਂ ਹੈ, ਉਹ ਇਸ ਬੈਂਕ ਤੋਂ ਹੈਲਮੇਟ ਉਧਾਰ ਲੈਕੇ ਦੋਪਹੀਆ ਵਾਹਨ ਚਲਾਉਂਦੇ ਸਮੇਂ ਆਪਣੀ ਸੁਰੱਖਿਆ ਲਈ ਹੈਲਮੇਟ ਪਾਉਣ ਦੀ ਆਦਤ ਪਾਉਣ।

Story You May Like