The Summer News
×
Sunday, 10 August 2025

ਸਮਾਜਸੇਵੀ ਸੰਸਥਾ ਏ.ਐਲ.ਪੀ.ਐਨ. ਨੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ‘ਚ ਜਾਨਵਰਾਂ ਦੀ ਭਲਾਈ ਲਈ ਕੀਤੇ ਜਾ ਸਕਣ ਵਾਲੇ ਕੰਮਾਂ ਸਬੰਧੀ ਤਿਆਰ ਕੀਤੀ ਰਿਪੋਰਟ

ਡਿਪਟੀ ਕਮਿਸ਼ਨਰ ਅਭਿਜੀਤ ਕਪਲਿਸ਼ ਨੇ ਚੰਗੀ ਰਿਪੋਰਟ ਤਿਆਰ ਕਰਨ ਲਈ ਸੰਸਥਾ ਦਾ ਕੀਤਾ ਧੰਨਵਾਦ ਅਤੇ ਸਬੰਧਤ ਵਿਭਾਗਾਂ ਨੂੰ ਤੁਰੰਤ ਲੋੜੀਂਦੇ ਕਦਮ ਚੁੱਕਣ ਦੀ ਕੀਤੀ ਹਦਾਇਤ


ਸ੍ਰੀ ਮੁਕਤਸਰ ਸਾਹਿਬ, 15 ਜੁਲਾਈ: ਨਾਮੀ ਸਮਾਜਸੇਵੀ ਸੰਸਥਾ ਏ.ਐਲ.ਪੀ.ਐਨ. ਨੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ‘ਚ ਜਾਨਵਰਾਂ ਦੀ ਭਲਾਈ ਲਈ ਕੀਤੇ ਜਾ ਸਕਣ ਵਾਲੇ ਕੰਮਾਂ ਸਬੰਧੀ ਤਿਆਰ ਰਿਪੋਰਟ ਕੀਤੀ ਹੈ। ਸੰਸਥਾ ਵੱਲੋਂ ਇਸ ਰਿਪੋਰਟ ਨੂੰ ਤਿਆਰ ਕਰਨ ਲਈ ਸਰਕਾਰੀ ਪਸ਼ੂ ਪਾਲਣ ਹਸਪਤਾਲ, ਡਿਸਪੈਂਸਰੀਆਂ ਅਤੇ ਗਊਸ਼ਾਲਾ ਦੇ ਨਾਲ-ਨਾਲ ਪ੍ਰਾਇਵੇਟ ਡੇਅਰੀ ਫਾਰਮ, ਪੋਲਟਰੀ ਫਾਰਮ, ਮੀਟ ਦੀਆਂ ਦੁਕਾਨਾਂ, ਝੀਂਗਾ ਤੇ ਮੱਛੀ ਫਾਰਮ ਆਦਿ ਦਾ ਦੌਰਾ ਕਰਕੇ ਜਾਨਵਰਾਂ ਨੂੰ ਰੱਖੇ ਜਾਣ ਵਾਲੇ ਹਾਲਾਤਾਂ ਦਾ ਵਿਸਥਾਰਤ ਸਰਵੇਖਣ ਕੀਤਾ। ਇਸਦੇ ਨਾਲ ਹੀ ਸੰਸਥਾ ਵੱਲੋਂ ਅਵਾਰਾ ਪਸ਼ੂਆਂ ਅਤੇ ਕੁੱਤਿਆਂ ਦੀ ਸਮੱਸਿਆ ਨਾਲ ਨਜਿੱਠਿਣ ਲਈ ਕੀਤੇ ਜਾ ਸਕਣ ਵਾਲੇ ਕੰਮਾਂ ‘ਤੇ ਵੀ ਰਿਪੋਰਟ ਵਿੱਚ ਚਾਨਣਾ ਪਾਇਆ ਗਿਆ। ਸੰਸਥਾ ਦੀ ਅਹੁਦੇਦਾਰ ਮੈਡਮ ਅਪੂਰਵਾ ਵੱਲੋਂ ਅੱਜ ਇਹ ਰਿਪੋਰਟ ਡਿਪਟੀ ਕਮਿਸ਼ਨਰ ਅਭਿਜੀਤ ਕਪਲਿਸ਼ ਨੂੰ ਸੌਂਪੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਅਭਿਜੀਤ ਕਪਲਿਸ਼ ਨੇ ਚੰਗੀ ਅਤੇ ਵਿਸਥਾਰਤ ਰਿਪੋਰਟ ਤਿਆਰ ਕਰਨ ਲਈ ਸੰਸਥਾ ਦਾ ਧੰਨਵਾਦ ਕੀਤਾ ਅਤੇ ਸਬੰਧਤ ਵਿਭਾਗਾਂ ਨੂੰ ਤੁਰੰਤ ਲੋੜੀਂਦੇ ਕਦਮ ਚੁੱਕਣ ਦੀ ਹਦਾਇਤ ਵੀ ਕੀਤੀ।


ਡੀ.ਸੀ. ਅਭਿਜੀਤ ਕਪਲਿਸ਼ ਨੇ ਕਿਹਾ ਕਿ ਜਾਨਵਰਾਂ ਦੀ ਭਲਾਈ ਇੱਕ ਅਹਿਮ ਮੁੱਦਾ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਸਾਰੇ ਸਬੰਧਤ ਵਿਭਾਗਾਂ ਨੂੰ ਇਸ ਕੰਮ ਲਈ ਸੰਜੀਦਗੀ ਨਾਲ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਭ ਤੋਂ ਅਹਿਮ ਕੰਮ ਡੇਅਰੀ ਵਿਕਾਸ ਵਿਭਾਗ ਨੂੰ ਡੇਅਰੀ ਜਾਂ ਜਾਨਵਰਾਂ ਨਾਲ ਸਬੰਧਤ ਕੋਈ ਵੀ ਫਾਰਮ ਸਥਾਪਤ ਕਰਨ ਲਈ ਦਿੱਤੀ ਜਾਣ ਵਾਲੀ ਸਿਖਲਾਈ ਮੌਕੇ ਜਾਨਵਰਾਂ ਦੀ ਭਲਾਈ ਨੂੰ ਵੀ ਸਿਲੇਬਸ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਰਿਪੋਰਟ ਵਿੱਚ ਦਰਸਾਏ ਤਰੀਕਿਆਂ ਦੀ ਇੰਨ-ਬਿੰਨ ਪਾਲਣਾ ਕਰਕੇ ਜਾਨਵਰਾਂ ਲਈ ਨਸਬੰਦੀ ਪ੍ਰੋਗਰਾਮ ਤਿਆਰ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਅਵਾਰਾ ਪਸ਼ੂਆਂ ਦੀ ਸਮੱਸਿਆ ਤੋਂ ਨਿਜ਼ਾਤ ਪਾਈ ਜਾ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਹਾਇਕ ਕਮਿਸ਼ਨਰ (ਜ) ਸ਼ਿਵਾਂਸ ਅਸਥਾਨਾ, ਐਸ.ਡੀ.ਐਮ. ਬਲਜੀਤ ਕੌਰ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਗੁਰਦਿੱਤ ਸਿੰਘ, ਜ਼ਿਲ੍ਹਾ ਭਲਾਈ ਅਫਸਰ ਜਗਮੋਹਣ ਸਿੰਘ, ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਵਰੁਣ ਸਹੋਤਾ, ਏ.ਐਲ.ਪੀ.ਐਨ. ਸੰਸਥਾ ਤੋਂ ਮੈਡਮ ਅਪੂਰਵਾ ਅਤੇ ਹੋਰ ਅਹੁਦੇਦਾਰ ਅਤੇ ਸਮਾਜ ਸੇਵੀ ਹਾਜ਼ਰ ਸਨ।

Story You May Like