ਮਲੋਟ 'ਚ ਆਮ ਆਦਮੀ ਪਾਰਟੀ ਹੋਈ ਹੋਰ ਮਜ਼ਬੂਤ,ਪਿੰਡ ਦੇ ਸਰਪੰਚ ਸਮੇਤ 350 ਪਰਿਵਾਰ ਹੋਏ ਆਪ 'ਚ ਸ਼ਾਮਿਲ
ਯੁਵਕ ਸੇਵਾਵਾਂ ਵਿਭਾਗ ਵੱਲੋਂ ਕੀਤੀਆਂ ਜਾਂਦੀਆਂ ਗਤੀਵਿਧੀਆਂ ਸਬੰਧੀ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ
ਪਟਿਆਲਾ, 14 ਅਗਸਤ
ਪੰਜਾਬੀ ਯੂਨੀਵਰਸਿਟੀ ਦੇ ਸੋਸ਼ਲ ਵਰਕ ਵਿਭਾਗ ਵੱਲੋਂ ਓਰੀਐਂਟੇਸ਼ਨ ਪ੍ਰੋਗਰਾਮ ਦੇ ਤਹਿਤ ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਡਾਇਰੈਕਟਰ ਡਾ. ਦਿਲਵਰ ਸਿੰਘ ਦਾ ਵਿਸ਼ੇਸ਼ ਲੈਕਚਰ ਕਰਵਾਇਆ ਗਿਆ।
ਇਸ ਮੌਕੇ ਡਾ. ਦਿਲਵਰ ਸਿੰਘ ਨੇ ਦੱਸਿਆ ਕਿ ਯੁਵਕ ਸੇਵਾਵਾਂ ਵਿਭਾਗ ਪੰਜਾਬ ਸਰਕਾਰ ਦਾ ਇੱਕ ਅਹਿਮ ਅਦਾਰਾ ਹੈ ਜੋ ਨੌਜਵਾਨਾਂ ਦੀ ਭਲਾਈ ਸਬੰਧੀ ਵੱਧ ਚੜ ਕੇ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਯੁਵਕ ਸੇਵਾਵਾਂ ਵਿਭਾਗ ਪੰਜਾਬ ਵੱਲੋਂ ਉੱਚ ਵਿੱਦਿਅਕ ਅਦਾਰਿਆਂ ਵਿੱਚ ਰੈੱਡ ਰਿਬਨ ਕਲੱਬਾਂ ਦੀ ਸਥਾਪਨਾ ਕਰਕੇ ਵਿਦਿਆਰਥੀਆਂ ਨੂੰ ਐਚ. ਆਈ. ਵੀ./ ਏਡਜ਼, ਟੀ. ਬੀ. ਅਤੇ ਨਸ਼ਿਆਂ ਤੋਂ ਦੂਰ ਰਹਿਣ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਖ਼ੂਨਦਾਨ ਕਰਨ ਪ੍ਰਤੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਤਾਂ ਜੋ ਵਿਦਿਆਰਥੀ ਸਿਹਤਮੰਦ ਬਣ ਕੇ ਸਮਾਜ ਦੀ ਸੇਵਾ ਕਰ ਸਕਣ।
ਉਹਨਾਂ ਨੇ ਦੱਸਿਆ ਕਿ ਵਿਦਿਆਰਥੀਆਂ ਵਿੱਚ ਐਨ.ਐਸ.ਐਸ. ਗਤੀਵਿਧੀਆਂ ਨੂੰ ਸੁਚਾਰੂ ਢੰਗ ਨਾਲ ਆਯੋਜਿਤ ਕਰਕੇ ਵਿਦਿਆਰਥੀਆਂ ਨੂੰ ਰੁੱਖ ਲਾਉਣ, ਵਾਤਾਵਰਨ ਸੰਭਾਲ ਅਤੇ ਨਿਸਵਾਰਥ ਤੌਰ ਤੇ ਸਮਾਜ ਦੀ ਸੇਵਾ ਕਰਨ ਹਿਤ ਤਿਆਰ ਕੀਤਾ ਜਾ ਰਿਹਾ ਹੈ। ਪਿੰਡਾਂ ਵਿੱਚ ਯੂਥ ਕਲੱਬਾਂ ਦੇ ਰਾਹੀਂ 15 ਤੋਂ 35 ਸਾਲ ਤੱਕ ਦੇ ਨੌਜਵਾਨਾਂ ਨੂੰ ਆਪਣੇ ਚਾਰ ਚੁਫੇਰੇ ਸਮਾਜ ਦੇ ਵਿਕਾਸ ਵਿੱਚ ਰੁਚਿਤ ਰਹਿਣ ਹਿਤ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਕਲੱਬਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਹਿਤ ਸਹਾਇਤਾ ਰਾਸ਼ੀ ਵੀ ਦਿੱਤੀ ਜਾਂਦੀ ਹੈ ਅਤੇ ਨੌਜਵਾਨਾਂ ਦੇ ਸੰਪੂਰਨ ਵਿਕਾਸ ਹਿਤ ਨੌਜਵਾਨਾਂ ਦੇ ਯੂਥ ਲੀਡਰਸ਼ਿਪ ਟ੍ਰੇਨਿੰਗ ਕੈਂਪ ਅਤੇ ਹਾਈਕਿੰਗ ਟਰੈਕਿੰਗ ਕੈਂਪ, ਯੂਥ ਸਿਖਲਾਈ ਵਰਕਸ਼ਾਪਾਂ ਅਤੇ ਇੰਟਰ ਸਟੇਟ ਟੂਰਾਂ ਦਾ ਆਯੋਜਨ ਕੀਤਾ ਜਾਂਦਾ ਹੈ। ਉਹਨਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਮੂਹ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਵੀ ਸਾਰੇ ਸਮਾਜ ਦੇ ਵਿਕਾਸ ਲਈ ਕੰਮ ਕਰਨ ਹਿਤ ਆਪਣੇ ਆਪ ਨੂੰ ਤਿਆਰ ਕਰਨ ਤਾਂ ਜੋ ਪੰਜਾਬ ਨੂੰ ਹੋਰ ਖ਼ੁਸ਼ਹਾਲ ਬਣਾਉਣ ਹਿਤ ਯੋਗਦਾਨ ਪਾਇਆ ਜਾ ਸਕੇ।
ਉਹਨਾਂ ਨੇ ਵਿਭਾਗ ਦੇ ਮੁਖੀ ਡਾ. ਰਿਤੂ ਬਾਲਾ ਨੂੰ ਇਸ ਤਰ੍ਹਾਂ ਦੇ ਪ੍ਰੋਗਰਾਮ ਆਯੋਜਿਤ ਕਰਨ ਤੇ ਵਧਾਈ ਵੀ ਦਿੱਤੀ। ਇਸ ਮੌਕੇ ਡਾ. ਧਰਮਪਾਲ ਸਿੰਘ, ਡਾ. ਹਰਦੀਪ ਕੌਰ, ਡਾ. ਗੁਰਨਾਮ ਸਿੰਘ, ਡਾ. ਲਖਵੀਰ ਸਿੰਘ ਅਤੇ ਡਾ. ਜਗਮੋਹਨ ਸਿੰਘ ਆਦਿ ਮੌਜੂਦ ਸਨ।