ਚੋਣਾਂ ਬਾਰੇ ਕਿਸੇ ਤਰ੍ਹਾਂ ਦੀ ਵੀ ਸ਼ਿਕਾਇਤ ਕਰਨ ਲਈ ਫੋਨ ਨੰਬਰ ਤੇ ਈਮੇਲ ਜਾਰੀ
ਪਟਿਆਲਾ, 14 ਦਸੰਬਰ: 21 ਦਸੰਬਰ 2024 ਨੂੰ ਹੋਣ ਵਾਲੀਆਂ ਨਗਰ ਨਿਗਮ ਪਟਿਆਲਾ, ਨਗਰ ਕੌਂਸਲ ਸਨੌਰ ਤੇ ਨਗਰ ਪੰਚਾਇਤਾਂ ਘੱਗਾ, ਘਨੌਰ, ਦੇਵੀਗੜ੍ਹ ਤੇ ਭਾਦਸੋਂ ਦੀਆਂ ਆਮ ਚੋਣਾਂ ਸਮੇਤ ਸਮਾਣਾ, ਰਾਜਪੁਰਾ, ਨਾਭਾ ਤੇ ਪਾਤੜਾਂ ਦੀਆਂ ਇੱਕ-ਇੱਕ ਵਾਰਡਾਂ ਦੀ ਉਪ ਚੋਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਿਕਾਇਤ ਸੈਲ ਦਾ ਗਠਨ ਕੀਤਾ ਹੈ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਇਨ੍ਹਾਂ ਚੋਣਾਂ ਦੌਰਾਨ ਪਟਿਆਲਾ ਜ਼ਿਲ੍ਹੇ ਦੇ ਵੋਟਰਾਂ ਦੀਆਂ ਰਾਜ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਫੋਨ ਨੰਬਰ 0175-2360055 ਅਤੇ ਈਮੇਲ zppatiala@yahoo.com ਜਾਰੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸ਼ਿਕਾਇਤ ਸੈਲ ਦਾ ਇੰਚਾਰਜ ਸਕੱਤਰ-ਕਮ-ਡਿਪਟੀ ਸੀ.ਈ.ਓ. ਜ਼ਿਲ੍ਹਾ ਪ੍ਰੀਸ਼ਦ ਪਟਿਆਲਾ ਅਮਨਦੀਪ ਕੌਰ ਨੂੰ ਨੋਡਲ ਅਫ਼ਸਰ ਸ਼ਿਕਾਇਤਾਂ ਲਗਾਇਆ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਚੋਣ ਜਾਬਤੇ ਸਬੰਧੀਂ ਸ਼ਿਕਾਇਤਾਂ ਦਰਜ ਕਰਵਾਉਣ ਲਈ ਕੋਈ ਵੀ ਵੋਟਰ ਜਾਂ ਉਮੀਦਵਾਰ ਉਕਤ ਨੰਬਰ 'ਤੇ ਸੰਪਰਕ ਕਰ ਸਕਦਾ ਹੈ ਜਾਂ ਈਮੇਲ ਕਰ ਸਕਦਾ ਹੈ। ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਬਾਅਦ ਚੋਣ ਅਮਲ ਨਾਲ ਸਬੰਧਤ ਸ਼ਿਕਾਇਤਾਂ ਤੇ ਮਾਮਲਿਆਂ ਦੇ ਨਿਪਟਾਰੇ ਲਈ ਪ੍ਰਤੀਬੱਧ ਪ੍ਰਣਾਲੀ ਕੰਮ ਕਰ ਰਹੀ ਹੈ ਤਾਂ ਜੋ ਚੋਣ ਅਮਲ ਨੂੰ ਨਿਰਪੱਖ, ਸੁਤੰਤਰ, ਸ਼ਾਂਤਮਈ ਤੇ ਨਿਰਵਿਘਨ ਬਣਾਇਆ ਜਾ ਸਕੇ। ਸ਼ਿਕਾਇਤ ਸੈਲ ਵੱਲੋਂ ਸ਼ਿਕਾਇਤਾਂ ਦਾ ਨਿਪਟਾਰਾ ਨਿਰਧਾਰਤ ਸਮੇਂ ਦੇ ਅੰਦਰ ਕਰਨ ਲਈ ਤੁਰੰਤ ਕਾਰਵਾਈ ਕੀਤੀ ਜਾ ਰਹੀ ਹੈ।