The Summer News
×
Tuesday, 25 March 2025

ਜਲ ਸਰੋਤ ਮੰਤਰੀ ਬਰਿੰਦਰ ਗੋਇਲ ਪੱਕੀ ਹੋਈ ਸੈਕੰਡ ਪਟਿਆਲਾ ਫੀਡਰ ਦਾ ਉਦਘਾਟਨ ਕਰਦੇ ਹੋਏ।

ਪਟਿਆਲਾ, 7 ਫਰਵਰੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਅੱਜ ਕਿਸਾਨਾਂ ਨੂੰ ਨਹਿਰੀ ਪਾਣੀ ਪਹੁੰਚਾਉਣ ਵੱਲ ਇੱਕ ਹੋਰ ਵੱਡੀ ਪੁਲਾਂਘ ਪੁੱਟਦਿਆਂ ਸੂਬੇ ਦੇ ਚਾਰ ਜ਼ਿਲ੍ਹਿਆਂ ਪਟਿਆਲਾ, ਸੰਗਰੂਰ, ਮਾਲੇਰਕੋਟਲਾ ਤੇ ਮਾਨਸਾ ਦੇ ਖੇਤਾਂ ਨੂੰ ਪਾਣੀ ਪਹੁੰਚਾਉਣ ਵਾਲੀ ਸੈਕੰਡ ਪਟਿਆਲਾ ਫੀਡਰ ਨਹਿਰ ਦੇ 24 ਕਿਲੋਮੀਟਰ ਹਿੱਸੇ ਨੂੰ ਰਿਕਾਰਡ ਸਮੇਂ (ਸਵਾ ਮਹੀਨਾ) ਵਿੱਚ ਪੂਰਾ ਕਰਕੇ ਸੂਬਾ ਵਾਸੀਆਂ ਨੂੰ ਵੱਡੀ ਸੌਗਾਤ ਦਿੱਤੀ ਹੈ। ਅੱਜ ਇਥੇ ਜੌੜੇਪੁਲ ਵਿਖੇ ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਸੈਕੰਡ ਪਟਿਆਲਾ ਫੀਡਰ ਨਹਿਰ ਦੇ ਮੁਕੰਮਲ ਹੋਏ (ਲਾਇਨਿੰਗ/ਰੀਹੈਬਲੀਟੇਸ਼ਨ) ਕੰਮ ਦਾ ਉਦਘਾਟਨ ਕੀਤਾ।

ਇਸ ਮੌਕੇ ਸੰਬੋਧਨ ਕਰਦਿਆਂ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਿ ਇਸ ਨਹਿਰ ਦੇ ਪੱਕਾ ਹੋਣ ਨਾਲ ਪਟਿਆਲਾ ਸਮੇਤ ਸੰਗਰੂਰ, ਮਾਲੇਰਕੋਟਲਾ ਤੇ ਮਾਨਸਾ ਜ਼ਿਲ੍ਹਿਆਂ ਦੇ 10 ਬਲਾਕਾਂ ਦੀ ਕਰੀਬ 4 ਲੱਖ ਏਕੜ ਜ਼ਮੀਨ ਨੂੰ 1617 ਕਿਊਸਿਕ ਪਾਣੀ ਮਿਲਣਾ ਸ਼ੁਰੂ ਹੋ ਗਿਆ ਹੈ, ਜੋ ਕਿ ਪਹਿਲਾਂ 900 ਕਿਊਸਿਕ ਪਾਣੀ ਮਿਲਦਾ ਸੀ। ਉਨ੍ਹਾਂ ਕਿਹਾ 42 ਕਰੋੜ ਰੁਪਏ ਦੀ ਲਾਗਤ ਨਾਲ ਹੋਣ ਵਾਲਾ ਇਹ ਕੰਮ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਇਮਾਨਦਾਰ ਸਰਕਾਰ ਵੱਲੋਂ 36 ਕਰੋੜ ਰੁਪਏ ਵਿੱਚ ਹੀ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਹਿਲੀਆਂ ਸਰਕਾਰਾਂ ਦਿਨਾਂ ਦੇ ਕੰਮਾਂ ਨੂੰ ਸਾਲਾਂ ਵਿੱਚ ਕਰਵਾਉਂਦੀਆਂ ਸਨ ਤੇ ਲਾਗਤ ਅੰਦਾਜ਼ੇ ਨਾਲੋਂ ਕਈ ਗੁਣਾਂ ਵੱਧ ਬਣਾਉਂਦੀਆਂ ਸਨ, ਉਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਾਲਾਂ ਵਿੱਚ ਹੋਣ ਵਾਲਾ ਕੰਮ ਸਵਾ ਮਹੀਨੇ ਵਿੱਚ ਅਤੇ ਖਰਚ ਵੀ ਅੰਦਾਜ਼ਨ ਲਾਗਤ ਨਾਲੋਂ 6 ਕਰੋੜ ਘੱਟ ਕਰਕੇ ਸੂਬਾ ਵਾਸੀਆਂ ਦੀਆਂ ਆਸਾ ਨੂੰ ਪੂਰਾ ਕੀਤਾ ਹੈ।

ਜਲ ਸਰੋਤ, ਖਨਣ ਤੇ ਜੀਓਲੋਜੀ ਅਤੇ ਭੂਮੀ ਤੇ ਜਲ ਰੱਖਿਆ ਵਿਭਾਗਾਂ ਦੇ ਮੰਤਰੀ ਬਰਿੰਦਰ ਗੋਇਲ ਨੇ ਪੱਤਰਕਾਰਾਂ ਨਾਲ ਗ਼ੈਰਰਸਮੀ ਗੱਲਬਾਤ ਕਰਦਿਆਂ ਦੱਸਿਆ ਕਿ ਜਿਥੇ ਸੂਬੇ ਦੇ ਕਈ ਖੇਤਰਾਂ ਵਿੱਚ ਪਿਛਲੇ 40 ਸਾਲਾਂ ਤੋਂ ਨਹਿਰੀ ਪਾਣੀ ਨਹੀਂ ਲੱਗਿਆ ਸੀ, ਉਥੇ ਕਿਸਾਨ ਹਿਤਾਇਸ਼ੀ ਸਰਕਾਰ ਨੇ ਕੁਝ ਮਹੀਨਿਆਂ ਅੰਦਰ ਹੀ ਪਾਣੀ ਪਹੁੰਚਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ, ਸੂਬੇ ਦੇ ਅਰਥਚਾਰੇ ਦੀ ਰੀੜ੍ਹ ਦੀ ਹੱਡੀ ਕਿਸਾਨੀ ਨੂੰ ਮਜ਼ਬੂਤ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਪਹਿਲਾਂ ਡੈਮਾਂ ਤੋਂ ਮਿਲਣ ਵਾਲੇ ਪਾਣੀ ਵਿੱਚੋਂ ਅਸੀਂ ਕਰੀਬ 68 ਪ੍ਰਤੀਸ਼ਤ ਵਰਤੋਂ ਕਰਦੇ ਸੀ ਅਤੇ 38 ਫ਼ੀਸਦੀ ਪਾਣੀ ਵਿਅਰਥ ਜਾ ਰਿਹਾ ਸੀ, ਜੋ ਸਾਡੀ ਸਰਕਾਰ ਵੱਲੋਂ ਪਿਛਲੇ ਕਰੀਬ ਤਿੰਨ ਸਾਲਾਂ ਵਿੱਚ ਇਹ 84 ਫ਼ੀਸਦੀ ਵਰਤੋਂ ਵਿੱਚ ਲਿਆਂਦਾ ਗਿਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਨੂੰ 100 ਪ੍ਰਤੀਸ਼ਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਹਿਰੀ ਪਾਣੀ ਦੀ ਵਰਤੋਂ ਕਰਨ ਨਾਲ ਜ਼ਮੀਨੀ ਪਾਣੀ ਦਾ ਪੱਧਰ ਉੱਪਰ ਉਠਦਾ ਹੈ, ਇਸ ਲਈ ਕਿਸਾਨ ਵੀ ਵੱਧ ਤੋਂ ਵੱਧ ਨਹਿਰੀ ਪਾਣੀ ਦੀ ਵਰਤੋਂ ਕਰਨ ਕਿਉਂਕਿ ਇਸ ਨਾਲ ਹੋਣ ਵਾਲੀ ਫ਼ਸਲ ਤੰਦਰੁਸਤ ਹੋਣ ਸਮੇਤ ਬਿਜਲੀ ਦੀ ਖਪਤ ਵੀ ਨਹੀਂ ਕਰਨੀ ਪੈਂਦੀ।


 


ਇਸ ਮੌਕੇ ਹਲਕਾ ਪਾਇਲ ਤੋਂ ਵਿਧਾਇਕ ਮਨਜਿੰਦਰ ਸਿੰਘ ਗਿਆਸਪੁਰਾ, ਵਿਧਾਇਕ ਅਮਰਗੜ੍ਹ ਪ੍ਰੋ ਜਸਵੰਤ ਸਿੰਘ ਗੱਜਣਮਾਜਰਾ ਤੇ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ, ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਮਾਲੇਰਕੋਟਲਾ ਸਾਕਬ ਅਲੀ ਰਾਜਾ, ਸਿੰਚਾਈ ਵਿਭਾਗ ਦੇ ਨਿਗਰਾਨ ਇੰਜੀਨੀਅਰ ਸੁਖਜੀਤ ਸਿੰਘ ਭੁੱਲਰ, ਲਹਿਲ ਡਵੀਜ਼ਨ ਦੇ ਕਾਰਜਕਾਰੀ ਇੰਜੀਨੀਅਰ ਕਿਰਨਦੀਪ ਕੌਰ, ਐਸ.ਡੀ.ਓਜ ਅਸ਼ੀਸ਼ ਕੁਮਾਰ ਤੇ ਗੁਰਪ੍ਰੀਤ ਸਿੰਘ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।

Story You May Like