The Summer News
×
Thursday, 16 May 2024

ਦੱਸਵੀਂ ਜਮਾਤ ਵਿਚੋਂ 99.2 ਫੀਸਦੀ ਅੰਕ ਪ੍ਰਾਪਤ ਕਰਨ ਵਾਲੀ ਵਿਦਿਆਰਥਣ ਨੂੰ ਮੰਤਰੀ ਨੇ ਕੀਤਾ ਸਨਮਾਨਿਤ

ਜੰਡਿਆਲਾ ਗੁਰੂ : ਇਥੋਂ ਨੇੜੇ ਪਿੰਡ ਧੀਰੇਕੋਟ ਦੀ ਦੱਸਵੀਂ ਜਮਾਤ ਦੀ ਵਿਦਿਆਰਥਣ ਅਰਪਨ ਕੌਰ, ਜਿਸਨੇ ਬੀਤੇ ਦਿਨ ਆਈ ਸੀ ਐਸ ਈ ਦੇ ਆਏ ਨਤੀਜੇ ਵਿੱਚ, 99.2 ਫੀਸਦੀ ਅੰਕ ਪ੍ਰਾਪਤ ਕੀਤੇ ਹਨ, ਨੂੰ ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈ ਟੀ ਓ ਨੇ 5100 ਰੁਪਏ ਦਾ ਇਨਾਮ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਸਾਡੇ ਇਲਾਕੇ ਦੀ ਬੱਚੀ ਨੇ ਪੜਾਈ ਵਿੱਚ ਉਤਮ ਦਰਜਾ ਪ੍ਰਾਪਤ ਕੀਤਾ ਹੈ। ਉਨ੍ਹਾਂ ਕਿਹਾ ਕਿ ਅਰਪਨ ਕੌਰ ਵੱਲੋਂ ਆਈ ਆਈ ਟੀ ਦੀ ਪੜਾਈ ਕਰਨ ਅਤੇ ਦੇਸ ਵਿੱਚ ਰਹਿ ਕੇ ਸੇਵਾ ਕਰਨ ਦਾ ਜੋ ਜਜਬਾ ਵਿਖਾਇਆ ਗਿਆ ਹੈ, ਉਹ ਕਈ ਬੱਚਿਆਂ ਲਈ ਪ੍ਰੇਰਨਾ ਸਰੋਤ ਬਣੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦਾ ਵੀ ਇਹ ਸੁਪਨਾ ਹੈ ਕਿ ਸਾਡੇ ਬੱਚੇ ਦੇਸ਼ ਵਿਚ ਰਹਿ ਕੇ ਉਚ ਪਦਵੀਆਂ ਪ੍ਰਾਪਤ ਕਰਨ ਅਤੇ ਇਹ ਸਾਰਾ ਕੁੱਝ ਅਜਿਹੇ ਹੋਣਹਾਰ ਬੱਚਿਆਂ ਦੀ ਬਦੌਲਤ ਸੰਭਵ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਜਿਹੇ ਬੱਚਿਆਂ ਨਾਲ ਹਰ ਵੇਲੇ ਖੜੀ ਹੈ। ਉਨ੍ਹਾਂ ਬੱਚੀ ਅਤੇ ਬੱਚੀ ਦੇ ਮਾਪਿਆਂ ਨੂੰ ਵਧਾਈ ਦਿੰਦੇ ਉਜਲ ਭਵਿੱਖ ਦੀ ਕਾਮਨਾ ਕੀਤੀ। ਸ ਹਰਭਜਨ ਸਿੰਘ ਨੇ ਕਿਹਾ ਕਿ ਅਜਿਹੀ ਸਿੱਖਿਆ ਦੇਣ ਲਈ ਸਾਡੇ ਇਲਾਕੇ ਦੇ ਸਕੂਲ ਵੀ ਵਧਾਈ ਦੇ ਪਾਤਰ ਹਨ, ਜਿਨ੍ਹਾਂ ਨੇ ਬੱਚੇ ਨੂੰ ਸੇਧ ਦਿੱਤੀ।

Story You May Like