The Summer News
×
Monday, 20 May 2024

ਯਾਦਗਾਰੀ ਹੋ ਨਿਭੜਿਆ ਤੀਆਂ ਦਾ ਮੇਲਾ, ਸੀਨੀਅਰ ਸਿਟੀਜ਼ਨ ਨੇ ਲਾਈਆਂ ਸੱਭਿਆਚਾਰਕ ਗੀਤਾਂ ਦੀਆਂ ਛਹਿਬਰਾਂ

ਲੁਧਿਆਣਾ,2 ਅਗਸਤ। ਤੀਆਂ ਦਾ ਤਿਉਹਾਰ ਜਿੱਥੇ ਸਾਨੂੰ ਆਪਣੇ ਰਵਾਇਤੀ ਸੱਭਿਆਚਾਰ ਤੇ ਵਿਰਸੇ ਨਾਲ ਜੋੜਦਾ ਹੈ, ਉਥੇ ਨਾਲ ਹੀ ਇਸਤਰੀ ਜਾਤੀ ਅੰਦਰ ਛੁਪੀਆਂ ਹੋਈਆਂ ਕਲਾਤਮਕ ਅਤੇ ਗੁਣਨਾਤਮਕ ਪ੍ਰਤੀਭਾਵਾ ਨੂੰ ਉਜਾਗਰ ਕਰਨ ਵਿੱਚ ਵੀ ਅਹਿਮ ਰੋਲ ਅਦਾ ਕਰਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੁਧਿਆਣਾ ਸ਼ਹਿਰ ਦੀ ਪ੍ਰਮੁੱਖ ਸ਼ਖਸ਼ੀਅਤ ਅਤੇ ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਲੁਧਿਆਣਾ ਦੀ ਪ੍ਰਧਾਨ ਸ਼੍ਰੀਮਤੀ ਨੀਲਮ ਖੋਸਲਾ ਨੇ ਬੀਤੀ ਸ਼ਾਮ ਸਰਾਭਾ ਨਗਰ ਸਥਿਤ ਰੋਟਰੀ ਭਵਨ ਵਿਖੇ ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋ. ਲੁਧਿਆਣਾ ਵੱਲੋ ਲਗਾਏ ਗਏ ਤੀਆਂ ਦੇ ਮੇਲੇ ਦੌਰਾਨ ਵੱਡੀ ਗਿਣਤੀ ਵਿੱਚ ਇਕੱਤਰ ਹੋਈਆਂ ਪ੍ਰਮੁੱਖ ਸ਼ਖਸ਼ੀਅਤਾਂ ਅਤੇ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦੇ ਮੈਬਰਾਂ ਨੂੰ ਸੰਬੋਧਨ ਕਰਦਿਆ ਹੋਇਆ ਕੀਤਾ। ਉਹਨਾਂ ਨੇ ਤੀਆਂ ਦੇ ਮੇਲੇ ਦਾ ਆਨੰਦ ਮਾਣਨ ਲਈ ਪੁੱਜੇ ਸਮੂਹ ਸੀਨੀਅਰ ਸਿਟੀਜ਼ਨ ਮੈਬਰਾਂ ਨੂੰ ਜੋਰਦਾਰ ਸੱਦਾ ਦੇਦਿਆ ਹੋਇਆ ਕਿਹਾ ਕਿ ਉਹ ਆਪਣੇ ਰਵਾਇਤੀ ਪੰਜਾਬੀ ਵਿਰਸੇ ਤੇ ਸੱਭਿਆਚਾਰ ਨਾਲ ਵੱਧ ਤੋਂ ਵੱਧ ਜੁੜਨ ਤਾਂ ਹੀ ਅਸੀ ਪੰਜਾਬ ਦੀ ਅਮੀਰ ਵਿਰਾਸਤ ਨੂੰ ਸੰਭਾਲਣ ਵਿੱਚ ਕਾਮਯਾਬ ਹੋ ਸਕਾਂਗੇ।


ਇਸ ਦੌਰਾਨ ਆਯੋਜਿਤ ਕੀਤੇ ਗਏ ਤੀਆਂ ਦੇ ਮੇਲੇ ਵਿੱਚ ਸ਼੍ਰੀਮਤੀ ਨੀਲਮ ਖੋਸਲਾ ਤੇ ਡਾ.ਆਈ.ਐਮ ਛਿੱਬਾ ਦੀ ਅਗਵਾਈ ਹੇਠ ਕਈ ਸੀਨੀਅਰ ਸਿਟੀਜ਼ਨ ਮੈਬਰਾਂ ਨੇ ਆਪਣੀ ਸੁਰੀਲੀ ਆਵਾਜ਼ ’ਚ ਪੰਜਾਬੀ ਸੱਭਿਆਚਾਰਕ ਗੀਤਾਂ ਤੇ ਪੰਜਾਬੀ ਲੋਕ ਬੋਲੀਆਂ ਦੀ ਛਹਿਬਰ ਲਗਾ ਕੇ ਐਸੋਸੀਏਸ਼ਨ ਦੇ ਮੈਬਰਾਂ ਨੂੰ ਨੱਚਣ ਲਈ ਮਜ਼ਬੂਤ ਕਰ ਦਿੱਤਾ। ਰੋਟਰੀ ਭਵਨ ਦੇ ਹਾਲ ਅੰਦਰ ਬਣਾਈ ਗਈ ਵਿਰਾਸਤੀ ਪਿੰਡ ਦੀ ਸਟੇਜ਼ ਉਪਰ ਰਵਾਇਤੀ ਪੰਜਾਬੀ ਪਹਿਰਾਵੇ ਵਿੱਚ ਸੱਜੀਆਂ ਹੋਈਆਂ ਸੀਨੀਅਰ ਸਿਟੀਜ਼ਨ ਮਹਿਲਾਵਾਂ ਨੇ ਜਿੱਥੇ ਪੰਜਾਬੀ ਲੋਕ ਨਾਚ ਗਿੱਧਾ ਤੇ ਸੰਮੀ ਦੀ ਜ਼ੋਰਦਾਰ ਪੇਸ਼ਕਸ਼ ਮਹਿਮਾਨ ਸ਼ਖਸ਼ੀਅਤਾਂ ਦੇ ਸਨਮੁੱਖ ਪੇਸ਼ ਕਰਕੇ ਵਾਹ ਵਾਹ ਖੱਟੀ ਉਥੇ ਨਾਲ ਹੀ ਸਾਵਣ ਮਹੀਨੇ ਦੀਆਂ ਬੋਲੀਆਂ ਪਾ ਕੇ ਪੀਘਾਂ ਝੂਟਣ ਦਾ ਆਨੰਦ ਮਾਣਦਿਆਂ ਹੋਇਆ ਵਿਰਾਸਤੀ ਪਿੰਡ ਵਿੱਚ ਬਣਾਏ ਗਏ ਖਾਣ ਪੀਣ ਦੇ ਸਟਾਲਾਂ ਵਿੱਚ ਵੱਖ-ਵੱਖ ਤਰ੍ਹਾਂ ਦੇ ਲਜ਼ੀਜ਼ ਪਕਵਾਨਾਂ ਦਾ ਸਵਾਦ ਵੀ ਚਖਿਆ। ਤੀਜ਼ ਦੇ ਮੇਲੇ ਅੰਦਰ ਪੰਜਾਬੀ ਸੂਟ, ਜੁੱਤੀ ਅਤੇ ਫੁੱਲਕਾਰੀ ਆਦਿ ਲਗਾਏ ਗਏ ਸਟਾਲ ਸੀਨੀਅਰ ਸਿਟੀਜ਼ਨ ਲਈ ਖਿੱਚ ਦਾ ਕੇਂਦਰ ਬਣੇ ਰਹੇ।ਇਸ ਮੌਕੇ ਬ੍ਰਿਗੇਡੀਅਰ( ਰਿਟਾਂ.)ਮਸਤਇੰਦਰ ਸਿੰਘ ਅਤੇ ਡਾ.ਵਾਈ.ਆਰ ਚਾਨਾ ਦੀ ਅਗਵਾਈ ਹੇਠ ਉਚੇਚੇ ਤੌਰ ਤੇ ਤੰਬੋਲਾ ਖੇਡ ਦਾ ਆਯੋਜਨ ਵੀ ਕੀਤਾ ਗਿਆ। ਤੀਜ਼ ਦੇ ਮੇਲੇ ਦੀ ਸਮਾਪਤੀ ਮੌਕੇ ਐਸੋਸੀਏਸ਼ਨ ਦੇ ਚੇਅਰਮੈਨ ਇੰਜੀਨੀਅਰ ਬਲਬੀਰ ਸਿੰਘ,ਪ੍ਰਧਾਨ ਸ਼੍ਰੀ ਮਤੀ ਨੀਲਮ ਖੋਸਲਾ, ਵਾਇਸ ਪ੍ਰਧਾਨ ਇੰਜੀ.ਰਘਬੀਰ ਸਿੰਘ ਬਹਿਲ, ਜਨ.ਸੈਕਟਰੀ ਇੰਜੀ. ਐਸ.ਕੇ.ਸੇਠ,ਫਾਈਨਾਂਸ ਸੈਕਟਰੀ ਜੇ.ਪੀ ਸਿੰਘ ਪਾਹੂਜਾ ਤੇ ਆਰਗੇਨਾਈਜਿੰਗ ਸੈਕਟਰੀ ਧਰਮਵੀਰ ਸਿੰਘ ਮਲਹੋਤਰਾ ਅਤੇ ਰੋਟਰੀਅਨ ਸ਼ੁਰੇਸ਼ ਚੋਧਰੀ ਨੇ ਜਿੱਥੇ ਤੀਜ਼ ਦੇ ਮੇਲੇ ਵਿੱਚ ਇਕੱਤਰ ਹੋਈਆਂ ਸਮੂਹ ਮਹਿਮਾਨ ਸ਼ਖਸ਼ੀਅਤਾਂ ਤੇ ਐਸੋਸੀਏਸ਼ਨ ਦੇ ਮੈਬਰਾਂ ਨੂੰ ਆਪਣੀ ਨਿੱਘੀ ਮੁਬਾਰਕਬਾਦ ਦਿੱਤੀ, ਉਥੇ ਨਾਲ ਹੀ ਉਹਨਾਂ ਨੂੰ ਆਪਣੇ ਪੁਰਾਤਨ ਵਿਰਸੇ ਤੇ ਸੱਭਿਆਚਾਰ ਨਾਲ ਜੁੜਨ ਲਈ ਪ੍ਰੇਰਿਤ ਵੀ ਕੀਤਾ। ਇਸ ਦੌਰਾਨ ਉਹਨਾਂ ਨੇ ਤੀਆਂ ਦੇ ਮੇਲੇ ਵਿੱਚ ਆਪਣੀ ਗਾਇਕੀ ਦੀ ਕਲਾ ਦੇ ਰੰਗ ਬਖੇਰਨ ਲਈ ਪੁੱਜੇ ਸੀਨੀਅਰ ਸਿਟੀਜ਼ਨ ਮੈਬਰਾਂ ਨੂੰ ਫੁੱਲਾਂ ਦੇ ਗੁਲਦਸਤੇ ਤੇ ਤੀਜ਼ ਦੇ ਤਿਉਹਾਰ ਨਾਲ ਸਬੰਧਿਤ ਮਨਮੋਹਕ ਤਸਵੀਰਾਂ ਤੇ ਦਿਲਕਸ਼ ਇਨਾਮ ਭੇਂਟ ਕਰਕੇ ਉਹਨਾਂ ਨੂੰ ਸਨਮਾਨਿਤ ਕੀਤਾ। ਇਸ ਸਮੇਂ ਉਹਨਾਂ ਦੇ ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਲੁਧਿਆਣਾ ਦੇ ਪ੍ਰਮੁੱਖ ਮੈਬਰ ਸਾਹਿਬਾਨ ਵਿਸ਼ੇਸ ਤੌਰ ਤੇ ਹਾਜ਼ਿਰ ਸਨ।


Story You May Like