The Summer News
×
Tuesday, 21 May 2024

ਰਾਏਕੋਟ ਦੇ ਪਿੰਡ ਬਰ੍ਹਮੀ ਵਿਖੇ ਮੁਸਲਿਮ ਭਾਈਚਾਰੇ ਵੱਲੋਂ ਈਦ ਮਿਲਣ ਪ੍ਰੋਗਰਾਮ ਕਰਵਾਇਆ

ਰਾਏਕੋਟ : ਪਿੰਡ ਬਰ੍ਹਮੀ ਵਿਖੇ ਇਸਲਾਮੀਆ ਕਮੇਟੀ ਵੱਲੋਂ ਨਗਰ ਦੇ ਸਮੂਹ ਮੁਸਲਮਾਨ ਭਾਈਚਾਰੇ ਦੇ ਸਹਿਯੋਗ ਨਾਲ ਈਦ ਮਿਲਣ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਖਾਸ ਤੌਰ 'ਤੇ ਸ਼ਿਰਕਤ ਕੀਤੀ। ਇਸ ਸਮਾਗਮ ਵਿੱਚ ਜਿੱਥੇ ਰਾਏਕੋਟ ਦੇ ਮੁਸਲਿਮ ਭਰਾਵਾਂ ਨੇ ਸ਼ਮੂਲੀਅਤ ਕੀਤੀ, ਉੱਥੇ ਹੀ ਪਿੰਡ ਦੇ ਸਾਰੇ ਵਰਗਾਂ ਤੇ ਧਰਮਾਂ ਦੇ ਲੋਕਾਂ ਨੇ ਹਾਜ਼ਰੀ ਭਰ ਕੇ ਆਪਸੀ ਭਾਈਚਾਰਕ ਸਾਂਝ ਦਾ ਸੰਦੇਸ਼ ਦਿੱਤਾ, ਜਿਨ੍ਹਾਂ ਸ਼ਾਹੀ ਇਮਾਮ ਦਾ ਫੁੱਲਾਂ ਦੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ, ਸਗੋਂ ਸਮਾਜ ਸੇਵੀ ਆਗੂ ਡਾ. ਪ੍ਰਕਾਸ਼ ਸਿੰਘ ਬਰ੍ਹਮੀ ਨੇ ਸ਼ਾਹੀ ਇਮਾਮ ਨੂੰ 'ਜੀ ਆਇਆਂ ਨੂੰ' ਆਖਿਆ।


ਇਸ ਮੌਕੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਜਿੱਥੇ ਧਾਰਮਿਕ ਮਰਿਯਾਦਾਵਾਂ ਤੇ ਸਿਧਾਂਤਾਂ 'ਚ ਪ੍ਰਪੱਕ ਹੋਣ ਦਾ ਸੰਦੇਸ਼ ਦਿੱਤਾ, ਉੱਥੇ ਹੀ ਉਨ੍ਹਾਂ ਸਮੂਹ ਪੰਜਾਬੀਆਂ ਨੂੰ ਆਪਣੀ ਪੰਜਾਬੀ ਮਾਂ ਬੋਲੀ ਦੀ ਰੱਖਿਆ ਲਈ ਅੱਗੇ ਆਉਣ ਲਈ ਆਖਿਆ।ਉਨ੍ਹਾਂ ਆਖਿਆ ਕਿ ਲੋਕਾਂ ਨੂੰ ਘਰਾਂ ਤੇ ਵਪਾਰਕ ਖੇਤਰ ਵਿੱਚ ਪੰਜਾਬੀ ਮਾਂ ਬੋਲੀ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਵੱਧ ਤੋਂ ਵੱਧ ਪੰਜਾਬੀ ਮਾਂ ਬੋਲੀ ਵਿੱਚ ਗੱਲਬਾਤ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਧਰਮ ਮਨੁੱਖ ਨੂੰ ਸਦਾਚਾਰੀ ਬਣਾਉਂਦਾ ਹੈ, ਨਾ ਕਿ ਵਿਭਚਾਰੀ, ਜੋ ਹੋਰਨਾਂ ਲੋਕਾਂ ਨਾਲ ਨਫ਼ਰਤ ਕਰੇ। ਇਸ ਲਈ ਮਨੁੱਖ ਨੂੰ ਧਾਰਮਿਕ ਮਰਿਯਾਦਾਵਾਂ ਤੇ ਸਿਧਾਂਤਾਂ ਦਾ ਪ੍ਰਪੱਕ ਹੋਣਾ ਚਾਹੀਦਾ ਹੈ, ਜਿਨ੍ਹਾਂ ਦੀ ਪਾਲਣਾ ਕਰਕੇ ਹੀ ਮਨੁੱਖ ਆਪਣੇ ਧਾਰਮਿਕ ਮਾਰਗ 'ਤੇ ਚੱਲ ਸਕਦਾ ਹੈ। ਉਨ੍ਹਾਂ ਕਿਹਾ ਕਿ ਈਦ ਆਪਸੀ ਭਾਈਚਾਰਕ ਸਾਂਝ ਦਾ ਸੁਨੇਹਾ ਦਿੰਦੀ ਹੈ, ਜੋ ਨਰਾਜਗੀਆ ਦੂਰ ਕਰਕੇ ਦਿਲਾਂ ਨੂੰ ਜੋੜਨ ਦਾ ਕੰਮ ਕਰਦੀ ਹੈ।

Story You May Like