ਜਵੱਦੀ ਟਕਸਾਲ ਵਿਖੇ ਹਫਤਾਵਾਰੀ ਨਾਮ ਅਭਿਆਸ ਸਮਾਗਮ ਬੜੀ ਸ਼ਰਦਾ ਭਾਵਨਾ ਨਾਲ ਮਨਾਇਆ
ਲੁਧਿਆਣਾ, 14 ਅਗਸਤ : ਸਿੱਖ ਪੰਥ ਦੀ ਮਹਾਨ ਸੰਸਥਾ ਜਵੱਦੀ ਟਕਸਾਲ ਦੇ ਬਾਨੀ ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ ਸੱਚਖੰਡਵਾਸੀ ਸੰਤ ਬਾਬਾ ਸੁਚਾ ਸਿੰਘ ਜੀ ਵੱਲੋਂ ਗੁਰਮਤਿ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਆਰੰਭੇ ਕਾਰਜਾਂ ਦੀ ਲੜੀ ਤਹਿਤ ਅੱਜ ਹਫਤਾਵਾਰੀ ਨਾਮ ਅਭਿਆਸ ਸਮਾਗਮ ਹੋਇਆ। ਸ਼੍ਰੋਮਣੀ ਸਿੱਖ ਪ੍ਰਚਾਰਕ ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ ਦੀ ਦੇਖ ਰੇਖ ਹੇਠ ਨਾਮ ਸਿਮਰਨ ਹੋਇਆ।
ਜਵੱਦੀ ਟਕਸਾਲ ਦੇ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਨੇ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਨਾਮ ਸਿਮਰਨ ਅਤੇ ਗੁਰਮਤਿ ਵੀਚਾਰਾਂ ਨਾਲ ਜੋੜਿਆ। ਬਾਬਾ ਜੀ ਨੇ ਗੁਰਮਤਿ ਵੀਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਸਤਿਗੁਰੂ ਜੀ ਨੇ ਇਸ ਮਨੁੱਖ ਨੂੰ ਬਾਰੰਬਾਰ ਇਹ ਹਦਾਇਤ ਕੀਤੀ ਹੈ ਕਿ ਜਿਹੜਾ ਵਾਹਿਗੁਰੂ ਪਰਮੇਸ਼ਰ ਦੁਨੀਆ ਦੇ ਸਾਰੇ ਸੁੱਖ ਦੇਣ ਵਾਲਾ ਹੈ ਉਸ ਨੂੰ ਇੱਕ ਤਿਲ ਮਾਤਰ ਵੀ ਨਹੀ ਭੁੱਲਣਾ ਚਾਹੀਦਾ ਹੈ ਉਸ ਵਾਹਿਗੁਰੂ ਪਰਮੇਸ਼ਰ ਨੇ ਮਨੁੱਖ ਨੂੰ ਰਿਸ਼ਟ ਪੁਸ਼ਟ ਸਰੀਰ ਗਿਆਨ ਇੰਦ੍ਰੇ ਦਿੱਤੇ ਹਨ ਰਿਜ਼ਕ ਦਿੱਤਾ ਹੈ ਐਸੇ ਦਾਤੇ ਦਿਆਲ ਪ੍ਰਭੂ ਨੂੰ ਕਦੇ ਵੀ ਨਹੀ ਵਿਸਾਰਨਾ ਚਾਹੀਦਾ ਹੈ ਸਦਾ ਉਸ ਦਾ ਸਿਮਰਨ ਕਰਨਾ ਚਾਹੀਦਾ ਹੈ ਤੇ ਬਾਬਾ ਜੀ ਨੇ ਦੱਸਿਆ ਹੈ ਕਿ ਨਾਮ ਜੱਪਣ ਵਾਸਤੇ ਦੋ ਗੱਲਾਂ ਮੁੱਖ ਹਨ ਇੱਕ ਸਰੀਰ ਦਾ ਅਰੋਗ ਹੋਣਾਂ ਤੇ ਦੂਜਾ ਬਾਹਰਲਾ ਵਾਤਾਵਰਣ ਠੀਕ ਹੋਣਾਂ ਜਦੋਂ ਮਨ ਅਤੇ ਤਨ ਕਰਕੇ ਮਹੌਲ ਆਨੰਦਮਈ ਹੋਵੇ ਫਿਰ ਸਹਿਜੇ ਹੀ ਪ੍ਰਾਣੀ ਮਾਤਰ ਸਿਮਰਨ ਵਿੱਚ ਜੁੜੇ ਤੇ ਉਸ ਨੂੰ ਸਿਮਰਨ ਕਰਦਿਆਂ ਗੁਰੂ ਕਿਰਪਾ ਨਾਲ ਟਿਕਾਅ ਮਿਲ ਸਕਦਾ ਹੈ ਇਸ ਕਰਕੇ ਵੱਧ ਤੋਂ ਵੱਧ ਸਿਮਰਨ ਵਿੱਚ ਜੁੜਨਾਂ ਚਾਹੀਦਾ ਹੈ। ਸਮਾਪਤੀ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤੇ।