ਐਮਪੀ ਸੰਜੀਵ ਅਰੋੜਾ ਨੇ ਸਰਕਾਰ ਨੂੰ ਸਾਈਕਲ ਉਦਯੋਗ ਦੀ ਸੁਧਾਰਾਂ ਨਾਲ ਮਦਦ ਕਰਨ ਦੀ ਕੀਤੀ ਅਪੀਲ
ਵਾਤਾਵਰਣ ਰੱਖਿਆ ਦਾ ਕਰਤੱਵ ਨਿਭਾਉਣ ਦਾ ਵੇਲਾ: ਡੀਐਫਓ ਵਿੱਦਿਆ ਸਾਗਰੀ
ਪਟਿਆਲਾ, 14 ਅਗਸਤ : ਵਾਤਾਵਰਣ ਨੂੰ ਦਰਪੇਸ਼ ਚੁਨੌਤੀਆਂ ਦੇ ਮੱਦੇਨਜ਼ਰ ਉਹ ਸਮਾਂ ਆ ਚੁੱਕਿਆ ਹੈ ਕਿ ਸਾਨੂੰ ਇੱਕਜੁੱਟ ਹੋਕੇ ਕੁਦਰਤੀ ਸਾਧਨਾਂ, ਵਾਤਾਵਰਣ ਅਤੇ ਜੰਗਲੀ ਜੀਵਾਂ ਦੀ ਸੁਰੱਖਿਆ ਅਤੇ ਸੰਭਾਲ ਸਬੰਧੀ ਸੰਵਿਧਾਨ ਵਿੱਚ ਦਰਜ ਆਪਣੇ ਮੌਲਿਕ ਕਰਤੱਵ ਨੂੰ ਪੂਰੀ ਈਮਾਨਦਾਰੀ ਨਾਲ ਨਿਭਾਈਏ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਣ ਮੰਡਲ ਅਫਸਰ (ਵਿਸਥਾਰ) ਪਟਿਆਲਾ ਸੁਸ੍ਰੀ ਵਿੱਦਿਆ ਸਾਗਰੀ ਆਰ.ਯੂ., ਆਈਐਫ਼ਐਸ ਨੇ ਕੀਤਾ।
ਉਹ ਸ਼ਹਿਰ ਦੇ ਉੱਘੇ ਵਾਤਾਵਰਣ ਅਤੇ ਸਮਾਜ ਸੇਵੀ ਸੰਗਠਨ ਉਮੰਗ ਵੈਲਫੇਅਰ ਫਾਉਂਡੇਸ਼ਨ ਵੱਲੋਂ ਆਯੋਜਿਤ ਵਾਤਾਵਰਣ ਜਾਗਰੂਕਤਾ ਰੈਲੀ ਨੂੰ ਬਤੌਰ ਮੁੱਖ ਮਹਿਮਾਨ ਹਰੀ ਝੰਡੀ ਦਿਖਾਕੇ ਰਵਾਨਾ ਕਰਨ ਤੋਂ ਪਹਿਲਾਂ ਪ੍ਰਤੀਭਾਗੀਆਂ ਨੂੰ ਸੰਬੋਧਿਤ ਕਰ ਰਹੇ ਸਨ। ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਅਤੇ ਸ਼ਹੀਦ-ਏ-ਆਜ਼ਮ ਸ੍ਰ. ਭਗਤ ਸਿੰਘ ਹਰਿਆਵਲ ਲਹਿਰ ਨੂੰ ਸਮਰਪਿਤ ਇਸ ਰੈਲੀ ਦਾ ਆਯੋਜਨ ਵਣ ਰੇਂਜ (ਵਿਸਥਾਰ) ਪਟਿਆਲਾ ਦੇ ਸਹਿਯੋਗ ਨਾਲ ਕੀਤਾ ਗਿਆ। ਪ੍ਰਸਿੱਧ ਸਿੱਖਿਆ ਸ਼ਾਸ਼ਤਰੀ ਡਾ. ਸ਼ਵਿੰਦਰ ਸਿੰਘ, ਉਮੰਗ ਫਾਉਂਡੇਸ਼ਨ ਦੇ ਪ੍ਰਧਾਨ ਅਰਵਿੰਦਰ ਸਿੰਘ ਅਤੇ ਅੰਤਰਰਾਸ਼ਟਰੀ ਤਾਈਕਵਾਂਡੋ ਕੋਚ ਸਤਵਿੰਦਰ ਸਿੰਘ ਨੇ ਰੈਲੀ ਦੀ ਅਗੁਵਾਈ ਕੀਤੀ। ਵਣ ਰੇਂਜ ਅਫ਼ਸਰ (ਵਿਸਥਾਰ) ਪਟਿਆਲਾ ਸੁਰਿੰਦਰ ਸ਼ਰਮਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।
ਬੇਸਿਕ ਸਿੱਖਿਆ ਕੇੰਦਰ ਬਾਜਵਾ ਕਲੋਨੀ ਵਿਖੇ ਰੈਲੀ ਦੇ ਰਵਾਨਗੀ ਸਥਲ ਤੇ ਪ੍ਰਤੀਭਾਗੀਆਂ ਨਾਲ ਰੂਬਰੂ ਹੁੰਦੇ ਹੋਏ ਡੀਐਫਓ ਵਿੱਦਿਆ ਸਾਗਰੀ ਨੇ ਕਿਹਾ ਕਿ ਸਹੀ ਮਾਅਨਿਆਂ ਵਿੱਚ ਆਜ਼ਾਦੀ ਤਦ ਹੀ ਸਾਕਾਰ ਰੂਪ ਲਵੇਗੀ ਜਦੋਂ ਹਰੇਕ ਨਾਗਰਿਕ ਨੂੰ ਸਵੱਛ ਪਾਣੀ, ਭੋਜਨ ਅਤੇ ਹਵਾ ਉਪਲੱਬਧ ਹੋਵੇਗੀ। ਇਸ ਮਕਸਦ ਨੂੰ ਪੂਰਾ ਕਰਨ ਲਈ ਹਰੇਕ ਨਾਗਰਿਕ ਨੂੰ ਹਰ ਸਾਲ ਬਰਸਾਤ ਦੇ ਮੌਸਮ ਵਿੱਚ ਘੱਟ ਤੋਂ ਘੱਟ ਇੱਕ ਪੌਦਾ ਜ਼ਰੂਰ ਲਗਾਉਣਾ ਅਤੇ ਸੰਭਾਲਣਾ ਚਾਹੀਦਾ ਹੈ। ਉਨ੍ਹਾਂ ਵਾਤਾਵਰਣ ਜਾਗਰੂਕਤਾ ਰੈਲੀ ਦੇ ਸਫਲ ਆਯੋਜਨ ਲਈ ਉਮੰਗ ਫਾਉਂਡੇਸ਼ਨ ਅਤੇ ਵਣ ਰੇਂਜ (ਵਿਸਥਾਰ) ਪਟਿਆਲਾ ਦੀ ਟੀਮ ਦੀ ਪ੍ਰਸ਼ੰਸਾ ਕੀਤੀ। ਨਾਲ ਹੀ ਫਾਉਂਡੇਸ਼ਨ ਨੂੰ ਹਰ ਸੰਭਵ ਸਹਿਯੋਗ ਦਾ ਭਰੋਸਾ ਵੀ ਦਿੱਤਾ। ਪ੍ਰਧਾਨ ਅਰਵਿੰਦਰ ਸਿੰਘ ਨੇ ਸਮਾਜ ਅਤੇ ਵਾਤਾਵਰਣ ਸੇਵਾ ਦੇ ਖੇਤਰ ਵਿੱਚ ਫਾਉਂਡੇਸ਼ਨ ਵੱਲੋਂ ਕੀਤੇ ਦਾ ਰਹੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਵਣ ਬੀਟ ਅਫਸਰ ਅਮਨ ਅਰੋੜਾ ਅਤੇ ਹਰਦੀਪ ਸ਼ਰਮਾ ਨੇ ਫਾਉਂਡੇਸ਼ਨ ਦਾ ਧੰਨਵਾਦ ਪ੍ਰਗਟ ਕੀਤਾ।
ਫੁਆਰਾ ਚੌਕ ਵਿਖੇ ਰੈਲੀ ਦੇ ਸਮਾਪਨ ਸਥਾਨ ਤੇ ਪ੍ਰਤੀਭਾਗੀਆਂ ਨੂੰ ਡੀਐਫਓ ਵੱਲੋਂ ਬੂਟੇ ਦੇਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਵਣ ਬਲਾਕ ਅਫਸਰ ਮਹਿੰਦਰ ਚੌਧਰੀ, ਬੀਟ ਅਫਸਰ ਮਨਵੀਨ ਕੌਰ ਸਾਹੀ, ਪੂਜਾ ਜਿੰਦਲ, ਫਾਉਂਡੇਸ਼ਨ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਯੋਗੇਸ਼ ਪਾਠਕ, ਜਨਰਲ ਸਕੱਤਰ ਰਜਿੰਦਰ ਸਿੰਘ ਲੱਕੀ, ਸੰਤੋਸ਼ ਸੰਧੀਰ, ਜਸਵਿੰਦਰ ਸਿੰਘ ਠੇਕੇਦਾਰ, ਹਰਜੀਤ ਸਿੰਘ ਮੋਨੂੰ, ਗੁਰਜੀਤ ਸਿੰਘ ਸੋਨੀ, ਭਾਵਨਾ ਆਚਾਰੀਆ, ਆਮ ਆਦਮੀ ਪਾਰਟੀ ਦੇ ਜਿਲਾ ਪ੍ਰਧਾਨ ਤਜਿੰਦਰ ਮਹਿਤਾ, ਹਰੀਸ਼ ਸਿੰਘ ਰਾਵਤ, ਸਤਵੀਰ ਸਿੰਘ ਗਿੱਲ, ਨਰਿੰਦਰ ਗੋਲਡੀ, ਇਲੈਕਟ੍ਰਾਨਿਕ ਮੀਡੀਆ ਕਲੱਬ ਦੇ ਪ੍ਰਧਾਨ ਅਨੁਰਗ ਸ਼ਰਮਾ, ਪ੍ਰਦੀਪ ਸ਼ਰਮਾ, ਕ੍ਰਿਸ਼ਨ ਕੁਮਾਰ ਦਾਦੂ, ਰਵੀ ਮਹਿਤਾ, ਮਨਦੀਪ ਸਿੰਘ, ਅਕਾਂਸ਼ਾ, ਰਵਿਆ, ਰਿਆਨ ਮਹਿਤਾ ਅਤੇ ਹੋਰ ਪਤਵੰਤੇ ਲੋਕ ਮੌਜੂਦ ਸਨ।