The Summer News
×
Tuesday, 21 May 2024

ਸਿਵਲ ਸਰਜਨ ਵੱਲੋਂ ਖ਼ੁਸ਼ਕ ਦਿਵਸ ਤੇ ਘਰ ਘਰ ਲਾਰਵਾ ਚੈਕ ਕਰ ਰਹੀਆਂ ਟੀਮਾਂ ਦਾ ਕੀਤਾ ਨਿਰੀਖਣ

ਪਟਿਆਲਾ 28 ਅਪ੍ਰੈਲ: ਮਲੇਰੀਆ/ ਡੇਂਗੂ ਬਿਮਾਰੀ ਦੀ ਰੋਕਥਾਮ ਲਈ ਮਨਾਏ ਜਾ ਰਹੇ ਹਰੇਕ ਸ਼ੁੱਕਰਵਾਰ ਡਰਾਈ-ਡੇ ਮੁਹਿੰਮ ਤਹਿਤ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਗਲੀ /ਮੁਹੱਲਿਆਂ ਵਿਚ ਘਰ ਘਰ ਜਾ ਕੇ ਪਾਣੀ ਦੇ ਖੜੇ ਸਰੋਤਾ ਦੀ ਚੈਕਿੰਗ ਕੀਤੀ ਗਈ। ਪਟਿਆਲਾ ਸ਼ਹਿਰ ਦੇ ਗੁਰੂ ਨਾਨਕ ਨਗਰ, ਪੈਪਸੂ ਭਾਖੜਾ, ਟੋਭਾ ਧਿਆਨਾ, ਦੀਨ ਦਿਆਲ ਉਪਾਧਿਆਇ ਕਲੋਨੀ, ਸਿਕਲੀਗਰ ਬਸਤੀ, ਅਸਤਬਲ ਨਗਰ ਆਦਿ ਕਲੋਨੀਆਂ/ ਥਾਂਵਾਂ ਤੇ ਘਰ ਘਰ ਡੇਂਗੂ ਲਾਰਵੇ ਦੀ ਜਾਂਚ ਲਈ ਪਾਣੀ ਦੇ ਖੜੇ ਸਰੋਤਾਂ ਦੀ ਚੈਕਿੰਗ ਕਰ ਰਹੀਆਂ ਟੀਮਾਂ ਦਾ ਸਿਵਲ ਸਰਜਨ ਡਾ. ਰਮਿੰਦਰ ਕੌਰ ਵੱਲੋਂ ਨਿਰੀਖਣ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਐਪੀਡੈਮੋਲੋਜਿਸਟ ਡਾ. ਸੁਮੀਤ ਸਿੰਘ ਵੀ ਮੌਜੂਦ ਸਨ।


ਸਿਵਲ ਸਰਜਨ ਡਾ. ਰਮਿੰਦਰ ਕੌਰ ਵੱਲੋਂ ਖੁਦ ਵੀ ਘਰ ਘਰ ਜਾ ਕੇ ਖੜੇ ਪਾਣੀ ਦੇ ਸਰੋਤਾਂ ਦੀ ਚੈਕਿੰਗ ਕੀਤੀ। ਸਿਵਲ ਸਰਜਨ ਡਾ. ਰਮਿੰਦਰ ਕੌਰ ਨੇ ਕਿਹਾ ਕਿ ਬੇਸ਼ਕ ਜ਼ਿਲ੍ਹੇ ਵਿੱਚ ਹੁਣ ਤੱਕ ਇਸ ਸੀਜ਼ਨ ਦੌਰਾਨ ਮਲੇਰੀਆ ਜਾਂ ਡੇਂਗੂ ਦਾ ਕੋਈ ਵੀ ਕੇਸ ਰਿਪੋਰਟ ਨਹੀਂ ਹੋਇਆ ਪ੍ਰੰਤੂ ਫਿਰ ਵੀ ਇਸ ਪ੍ਰਤੀ ਸੁਚੇਤ ਰਹਿਣਾ ਜ਼ਰੂਰੀ ਹੈ। ਉਹਨਾਂ ਕਿਹਾ ਕਿ ਲੋਕ ਆਪਣੇ ਘਰਾਂ ਅਤੇ ਆਲੇ ਦੁਆਲੇ ਪਾਣੀ ਦੇ ਖੜੇ ਸਰੋਤਾ ਦੀ ਚੈਕਿੰਗ ਕਰਕੇ ਖੜੇ ਪਾਣੀ ਨੂੰ ਨਸ਼ਟ ਕਰਨਾ ਯਕੀਨੀ ਬਣਾਉਣ ਅਤੇ ਸ਼ੁਰੂ ਤੋਂ ਹੀ ਇਸ ਬਿਮਾਰੀ ਨੂੰ ਦੱਬਣ ਲਈ ਸਭਨਾਂ ਦਾ ਸਹਿਯੋਗ ਜ਼ਰੂਰੀ ਹੈ।


ਨੋਡਲ ਅਫ਼ਸਰ ਡਾ. ਸੁਮੀਤ ਸਿੰਘ ਨੇ ਕਿਹਾ ਕਿ ਜਿਥੇ ਸਿਹਤ ਟੀਮਾਂ ਵੱਲੋਂ ਹਰੇਕ ਸ਼ੁੱਕਰਵਾਰ ਨੂੰ ਘਰ ਘਰ ਜਾ ਕੇ ਖੜੇ ਪਾਣੀ ਦੇ ਸਰੋਤਾ ਦੀ ਚੈਕਿੰਗ ਕਰਕੇ ਮੱਛਰਾਂ ਦਾ ਲਾਰਵਾ ਨਸ਼ਟ ਕਰਵਾਇਆ ਜਾ ਰਿਹਾ ਹੈ। ਉਥੇ ਲੋਕਾਂ ਨੂੰ ਵੀ ਮੱਛਰਾਂ ਦੀ ਪੈਦਾਇਸ਼ ਨੂੰ ਰੋਕਣ ਲਈ ਘਰਾਂ ਦੀਆਂ ਛੱਤਾਂ ਜਾਂ ਵਿਹੜੇ ਵਿੱਚ ਪਏ ਟੁੱਟੇ-ਫੁੱਟੇ ਬਰਤਨਾਂ ਨੂੰ ਮੁੱਧਾ ਮਾਰਨ ਜਾਂ ਨਸ਼ਟ ਕਰਨ, ਗਮਲਿਆਂ, ਕੂਲਰਾਂ,ਫ਼ਰਿਜਾਂ ਦੀਆਂ ਟਰੇਆਂ ਨੂੰ ਹਰੇਕ ਹਫ਼ਤੇ ਸਾਫ਼ ਕਰਨ ਸਬੰਧੀ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਡੇਂਗੂ ਦਾ ਮੱਛਰ ਸਾਫ਼ ਖੜੇ ਪਾਣੀ ਵਿੱਚ ਪੈਦਾ ਹੁੰਦਾ ਹੈ ਜੋ ਕਿ ਦਿਨ ਵੇਲੇ ਕੱਟਦਾ ਹੈ। ਤੇਜ਼ ਬੁਖ਼ਾਰ, ਸਿਰ ਦਰਦ, ਮਾਸ ਪੇਸ਼ੀਆਂ ਵਿੱਚ ਦਰਦ, ਚਮੜੀ ਤੇ ਦਾਣੇ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ, ਮੁਸੜਿਆਂ ਅਤੇ ਨੱਕ ਵਿਚੋਂ ਖੂਨ ਦਾ ਵਗਣਾ ਡੇਂਗੂ ਬੁਖ਼ਾਰ ਦੇ ਲੱਛਣ ਹਨ।ਕਿਸੇ ਕਿਸਮ ਦਾ ਬੁਖ਼ਾਰ ਹੋਣ ਤੇ ਉਸ ਦੀ ਜਾਂਚ ਯਕੀਨੀ ਬਣਾਈ ਜਾਵੇ।ਅੱਜ ਸ਼ੁੱਕਰਵਾਰ ਨੂੰ ਖ਼ੁਸ਼ਕ ਦਿਵਸ ਹੋਣ ਕਾਰਨ ਸਿਹਤ ਟੀਮਾਂ ਵੱਲੋਂ ਜ਼ਿਲ੍ਹੇ ਵਿੱਚ 13975 ਘਰਾਂ/ਥਾਂਵਾਂ ਤੇ ਖੜੇ ਪਾਣੀ ਦੇ ਸਰੋਤਾਂ ਦੀ ਚੈਕਿੰਗ ਕੀਤੀ ਅਤੇ ਚੈਕਿੰਗ ਦੌਰਾਨ 30 ਥਾਂਵਾਂ ਤੇ ਮੱਛਰਾਂ ਦਾ ਲਾਰਵਾ ਪਾਇਆ ਗਿਆ।ਜਿਸ ਨੂੰ ਸਿਹਤ ਟੀਮਾਂ ਵੱਲੋਂ ਮੌਕੇ ਤੇ ਨਸ਼ਟ ਕਰਵਾ ਦਿੱਤਾ ਗਿਆ ਅਤੇ ਲੋਕਾਂ ਨੂੰ ਡੇਂਗੂ ਦੇ ਨਾਲ ਨਾਲ ਕੋਰੋਨਾ ਤੋਂ ਵੀ ਬਚਾਅ ਸਬੰਧੀ ਯੋਗ ਸਾਵਧਾਨੀਆਂ ਅਪਣਾਉੁਣ ਬਾਰੇ ਜਾਗਰੂਕ ਕੀਤਾ ਗਿਆ।

Story You May Like