The Summer News
×
Monday, 29 April 2024

ਲੰਪੀ ਸਕਿੰਨ ਬਿਮਾਰੀ ਦੀ ਰੋਕਥਾਮ ਲਈ ਖਰੀਦੀਆਂ ਜਾ ਰਹੀਆਂ ਨੇ 3 ਲੱਖ ਰੁਪਏ ਦੀਆਂ ਦਵਾਈਆਂ

ਮੋਗਾ, 7 ਅਗਸਤ (ਕਸ਼ਿਸ਼ ਸਿੰਗਲਾ) – ਪਸ਼ੂਆਂ ਵਿੱਚ ਲੰਪੀ ਸਕਿਨ (ਐਲ.ਐਸ.ਡੀ) ਦੀ ਬਿਮਾਰੀ ਇੱਕ ਨਵਾਂ ਵਾਇਰਸ ਹੈ ਅਤੇ ਦੂਜੇ ਜਿ਼ਲ੍ਹੇ ਦੇ ਮੁਕਾਬਲੇ ਮੋਗਾ ਜ਼ਿਲ੍ਹੇ ਵਿੱਚ ਇਸ ਦਾ ਪ੍ਰਭਾਵ ਘੱਟ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ 24 ਘੰਟੇ ਇਸ ਬਿਮਾਰੀ ਦੀ ਰੋਕਥਾਮ ਅਤੇ ਇਲਾਜ ਵਿੱਚ ਜੁਟੀਆਂ ਹੋਈਆਂ ਹਨ ਅਤੇ ਪਸ਼ੂਆਂ ਵਿੱਚ ਪਾਏ ਜਾ ਰਹੇ ਨਵੇਂ ਵਾਇਰਸ ਲੰਪੀ ਸਕਿਨ (ਐਲ.ਐਸ.ਡੀ) ਤੋਂ ਬਚਾਅ ਅਤੇ ਇਸ ਤੋਂ ਪ੍ਰਭਾਵਿਤ ਪਸ਼ੂਆਂ ਦੇ ਇਲਾਜ ਲਈ ਪਸ਼ੂ ਪਾਲਣ ਵਿਭਾਗ ਮੋਗਾ ਦੁਆਰਾ ਵੈਟਰਨਰੀ ਡਾਕਟਰਾਂ ਅਤੇ ਸਹਾਇਕ ਸਟਾਫ ਦੀਆਂ 25 ਟੀਮਾਂ ਦਾ ਗਠਨ ਕੀਤਾ ਗਿਆ ਹੈ।


ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬਿਮਾਰੀ ਦੀ ਰੋਕਥਾਮ ਲਈ ਜ਼ਿਲ੍ਹੇ ਲਈ ਹੁਣ ਤੱਕ 3 (ਢਾਈ ਲੱਖ) ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ ਜਿਸ ਨਾਲ ਦਵਾਈਆਂ ਖਰੀਦ ਪ੍ਰਕਿਰਿਆ ਅਧੀਨ ਹਨ, ਜਿਸ ਨਾਲ ਪੀੜਤ ਪਸ਼ੂਆਂ ਦਾ ਇਲਾਜ ਮੁਫਤ ਕੀਤਾ ਜਾਵੇਗਾ।

ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ.ਹਰਵੀਨ ਕੌਰ ਨੇ ਦੱਸਿਆ ਕਿ ਇਹ ਲਾਗ ਦੀ ਬਿਮਾਰੀ ਗਾਵਾਂ ਵਿੱਚ ਜ਼ਿਆਦਾ ਫੈਲਦੀ ਹੈ ਅਤੇ ਮੱਖੀ, ਮੱਛਰ, ਚਿੱਚੜ ਆਦਿ ਇਸ ਬਿਮਾਰੀ ਨੂੰ ਫੈਲਾਉਣ ਦਾ ਕਾਰਨ ਬਣਦੇ ਹਨ। ਉਨ੍ਹਾਂ ਕਿਹਾ ਕਿ ਚਮੜੀ ਦੀ ਇਸ ਬਿਮਾਰੀ ਤੋਂ ਪ੍ਰਭਾਵਿਤ ਪਸ਼ੂਆਂ ਨੂੰ ਪਹਿਲ ਦੇ ਆਧਾਰ ’ਤੇ ਸਿਹਤਮੰਦ ਪਸ਼ੂਆਂ ਤੋਂ ਅਲੱਗ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਭਾਵੇਂ ਇਸ ਬਿਮਾਰੀ ਦੀ ਮਨੁੱਖਾਂ ਵਿੱਚ ਲਾਗ ਦੀ ਪੁਸ਼ਟੀ ਨਹੀਂ ਹੋਈ ਹੈ ਫਿਰ ਵੀ ਪਸ਼ੂਆਂ ਦੀ ਦੇਖਭਾਲ ਕਰਨ ਵਾਲੇ ਕਾਮਿਆਂ, ਪਸ਼ੂ ਪਾਲਕਾਂ ਨੂੰ ਹੈਂਡ ਸੈਨੇਟਾਈਜ਼ਰ, ਦਸਤਾਨੇ, ਫੇਸ ਮਾਸਕ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਸ਼ੂ ਪਾਲਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਤੰਦਰੁਸਤ ਗਾਵਾਂ ਨੂੰ ਗੋਟ ਪੌਕਸ ਵੈਕਸੀਨ ਲਗਵਾਉਣ। ਉਨ੍ਹਾਂ ਕਿਹਾ ਕਿ ਪਸ਼ੂ ਪਾਲਕ ਕਿਸੇ ਦੇ ਘਰ ਤੋਂ ਵੀ ਨਵਾਂ ਪਸ਼ੂ ਖਰੀਦ ਨਾ ਕਰਨ ਅਤੇ ਪਸ਼ੂ ਪਾਲਕ ਕਿਸੇ ਵੀ ਬਾਹਰਲੇ ਬੰਦੇ ਨੂੰ ਪਸ਼ੂਆਂ ਦੇ ਨੇੜੇ ਨਾ ਜਾਣ ਦੇਣ। ਖਾਸ ਕਰਕੇ ਇਸ ਬਿਮਾਰੀ ਨਾਲ ਪ੍ਰਭਾਵਿਤ ਖੇਤਰਾਂ ਵਿਚੋਂ ਪਸ਼ੂਆਂ ਦੀ ਖਰੀਦੋ ਫਰੋਖ਼ਤ ਬੰਦ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਲੰਪੀ ਸਕਿਨ ਬਿਮਾਰੀ ਨਾਲ ਸਬੰਧਤ ਲੱਛਣ ਮਿਲਣ ਦੀ ਸੂਰਤ ਵਿੱਚ ਪਸ਼ੂ ਪਾਲਕਾਂ ਨੂੰ ਬਿਨਾਂ ਕਿਸੇ ਦੇਰੀ ਦੇ ਸਰਕਾਰੀ ਪਸ਼ੂ ਹਸਪਤਾਲ ਦੇ ਡਾਕਟਰਾਂ, ਸਟਾਫ ਨਾਲ ਸੰਪਰਕ ਕਰਨਾ ਚਾਹੀਦਾ ਹੈ।


ਬਿਮਾਰੀ ਦੇ ਲੱਛਣਾਂ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਇਸ ਬਿਮਾਰੀ ਨਾਲ ਪਸ਼ੂ ਨੂੰ ਤੇਜ਼ ਬੁਖ਼ਾਰ ਤੇ ਚਮੜੀ ਤੇ ਗੰਢਾਂ ਬਣ ਜਾਂਦੀਆਂ ਹਨ, ਜੋ ਕਿ ਸਾਰੇ ਸ਼ਰੀਰ ਉਤੇ ਵੀ ਹੋ ਸਕਦੀਆਂ ਹਨ। ਉਨ੍ਹਾਂ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਪਸ਼ੂਆਂ ਵਿੱਚ ਇਹ ਬਿਮਾਰੀ ਆਉਣ ਦੀ ਸੂਰਤ ਵਿੱਚ ਬਿਲਕੁਲ ਘਬਰਾਉਣ ਨਾ ਬਲਕਿ ਨੇੜੇ ਦੇ ਸਰਕਾਰੀ ਪਸ਼ੂ ਹਸਪਤਾਲ ਨਾਲ ਸੰਪਰਕ ਕਰਨ।


ਉਨ੍ਹਾਂ ਕਿਹਾ ਕਿ ਮੋਗਾ ਜ਼ਿਲ੍ਹੇ ਵਿੱਚ ਪਸ਼ੂ ਪਾਲਣ ਵਿਭਾਗ ਮੋਗਾ ਦੀਆਂ ਟੀਮਾਂ ਪੂਰੀ ਚੌਕਸੀ ਨਾਲ ਜਿਥੇ ਪਸ਼ੂਆਂ ਦਾ ਇਲਾਜ ਕਰ ਰਹੀਆਂ ਹਨ ਉਥੇ ਲੋਕਾਂ ਨੂੰ ਬਿਮਾਰੀ ਦੀ ਰੋਕਥਾਮ ਪ੍ਰਤੀ ਜਾਗਰੂਕ ਵੀ ਕਰ ਰਹੀਆਂ ਹਨ। ਸਮੂਹ ਸਟਾਫ਼ ਹਦਾਇਤਾਂ ਅਨੁਸਾਰ ਆਪਣੇ ਆਪਣੇ ਅਧੀਨ ਆਉਂਦੇ ਇਲਾਕੇ ਦੇ ਪਸ਼ੂਆਂ ਦੀ ਰੋਜਾਨਾ ਪੱਧਰ ’ਤੇ ਨਿਗਰਾਨੀ ਰੱਖਣ ਅਤੇ ਬਿਮਾਰੀ ਦੇ ਲੱਛਣ ਵੇਖਣ ਤੇ ਲੋੜੀਂਦਾ ਇਲਾਜ ਤੁਰੰਤ ਸ਼ੁਰੂ ਕਰਨ ਅਤੇ ਰੋਜਾਨਾ ਰਿਪੋਰਟ ਕਰਨ ਲਈ ਪਾਬੰਦ ਕੀਤੇ ਹਨ। ਬਿਮਾਰੀ ਸਬੰਧੀ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਧਾਰਮਿਕ ਸਥਾਨਾਂ ਤੋਂ ਅਨਾਊਂਸਮੈਟ ਕਰਵਾਉਣ ਅਤੇ ਸਰਕਾਰ ਵੱਲੋਂ ਜਾਰੀ ਕੀਤੀ ਅਡਵਾਇਜ਼ਰੀ ਅਤੇ ਗਾਈਡਲਾਈਨਜ਼ ਬਾਰੇ ਜਾਗਰੂਕਤਾ ਅਮਲ ਵਿੱਚ ਲਿਆਉਣ ਲਈ ਪਿੰਡਾਂ ਦੀਆਂ ਪੰਚਾਇਤਾਂ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਇਲਾਜ ਅਤੇ ਰੋਕਥਾਮ ਸਬੰਧੀ ਲੋਕ ਸੁਚੇਤ ਰਹਿਣ।


Story You May Like