ਕਈ ਫਿਲਮਾਂ ਫਲਾਪ ਹੋਣ ਤੋਂ ਬਾਅਦ “ਛੱਲਾ ਮੁੜਕੇ ਨਹੀਂ ਆਇਆ” ਨੇ ਪੰਜਾਬੀ ਇੰਡਸਟਰੀ ‘ਚ ਇਕ ਵਾਰ ਫੂਕੀ ਜਾਨ
ਚੰਡੀਗੜ੍ਹ : ਕੋਵਿਡ ਤੋਂ ਬਾਅਦ ਜਦੋਂ ਪੰਜਾਬੀ ਸਿਨਮਾ ਵੈਂਟੀਲੇਟਰ ‘ਤੇ ਪੈ ਗਿਆ ਸੀ ਤਾਂ “ਚੱਲ ਮੇਰਾ ਪੁੱਤ 2” ਨੇ “ਸੰਜੀਵਨੀ ਬੂਟੀ” ਦਾ ਕੰਮ ਕੀਤਾ। ਹੁਣ ਜਦੋਂ ਪਿਛਲੇ ਕੁਝ ਮਹੀਨਿਆਂ ਤੋਂ ਪੰਜਾਬੀ ਫਿਲਮਾਂ ਧੜਾਧੜ ਫਲਾਪ ਹੋ ਰਹੀਆਂ ਹਨ। ਵੱਡੇ-ਵੱਡੇ ਸਟਾਰਾਂ ਦੀਆਂ ਲੋਟਣੀਆਂ ਲੱਗ ਰਹੀਆਂ ਹਨ ਤਾਂ ਇਸ ਆਲਮ ਵਿੱਚ “ਛੱਲਾ ਮੁੜਕੇ ਨਹੀਂ ਆਇਆ” ਨੇ ਮੁੜ ਪੰਜਾਬੀ ਸਿਨਮਾ ਵਿੱਚ ਜਾਨ ਫੂਕੀ। ਪੰਜਾਬੀ ਫਿਲਮਾਂ ਤੋਂ ਨਿਰਾਸ਼ ਹੋ ਚੁੱਕੇ ਦਰਸ਼ਕਾਂ ਨੂੰ ਮੁੜ ਸਿਨਮਾ ਵਿੱਚ ਲਿਆਂਦਾ। ਇੱਥੇ ਇਹ ਦੱਸਣਾ ਬਣਦਾ ਹੈ ਕਿ ਪੰਜਾਬੀ ਫਿਲਮਾਂ ਦਾ ਹਸ਼ਰ ਦੇਖਕੇ ਬਹੁਤ ਸਾਰੇ ਫ਼ਿਲਮ ਮੇਕਰਾਂ ਨੇ ਆਪਣੀਆਂ ਫਿਲਮਾਂ ਦੀ ਰਿਲੀਜ ਡੇਟ ਅੱਗੇ ਪਾ ਲਈ ਸੀ। ਜਦਕਿ ਜੂਨ-ਜੁਲਾਈ ਦਾ ਮਹੀਨਾ ਫਿਲਮਾਂ ਲਈ ਬੈਸਟ ਸਮਾਂ ਮੰਨਿਆਂ ਜਾਂਦਾ ਹੈ। ਇਹਨਾਂ ਮਹੀਨਿਆਂ ਵਿੱਚ ਫਿਲਮਾਂ ਦੀ ਮਾਰਾ ਮਾਰ ਹੁੰਦੀ ਹੈ। ਪਰ ਫਿਲਮਾਂ ਦਾ ਹਾਲ ਦੇਖਕੇ ਸਭ ਮੈਦਾਨ ਛੱਡ ਰਹੇ ਸਨ। ਅਜਿਹੇ ਵਿੱਚ “ਛੱਲਾ ਮੁੜਕੇ ਨਹੀਂ ਆਇਆ” ਨੇ ਸਭ ਦੇ ਚਿਹਰਿਆਂ ‘ਤੇ ਖੁਸ਼ੀ ਲਿਆਂਦੀ ਹੈ।
ਇਹ “ਰਿਦਮ ਬੁਆਏਜ ਇੰਟਰਟੇਨਮੈਂਟ” ਦਾ ਪੰਜਾਬੀ ਸਿਨਮਾ ਪ੍ਰਤੀ ਸਿਦਕ, ਜਜ਼ਬਾ ਤੇ ਸਮਝ ਦਾ ਕਮਾਲ ਹੈ ਕਿ ਉਹ ਅਚਾਨਕ ਆਉਂਦੇ ਹਨ ਤੇ “ਮੁਰਦੇ ਚ ਰੂਹ ਫੂਕ ਕੇ” ਮੁੜ ਆਪਣੇ ਕੰਮੀ ਲੱਗ ਜਾਂਦੇ ਹਨ। ਪੰਜਾਬੀ ਸਿਨਮਾ ਨੂੰ ਅਜਿਹੀਆਂ ਮਿਆਰੀ ਫਿਲਮਾਂ ਤੇ ਚੰਗੀਆਂ ਟੀਮਾਂ ਹੀ ਤਾਰ ਸਕਦੀਆਂ ਹਨ।