The Summer News
×
Monday, 20 May 2024

ਮੱਛੀ ਪਾਲਣ ਦੇ ਕਿੱਤੇ ਨੂੰ ਹੋਰ ਉਤਸ਼ਾਹਿਤ ਕਰਨ ਲਈ ‘ਵਰਲਡ ਫਿਸ਼ਰੀ’ ਦਿਵਸ ਮੌਕੇ ਤਿੰਨ ਦਿਨਾਂ ਵਿਸ਼ੇਸ਼ ਟਰੇਨਿੰਗ ਕੈਂਪ 21 ਤੋਂ ਸ਼ੁਰੂ - ਸੰਦੀਪ ਵਸ਼ਿਸ਼ਟ

ਜਲੰਧਰ, 18 ਨਵੰਬਰ : ਪੰਜਾਬ ਸਰਕਾਰ ਵਲੋਂ ਮੱਛੀ ਪਾਲਣ ਦੇ ਕਿੱਤੇ ਨੂੰ ਹੋਰ ਉਤਸ਼ਾਹਿਤ ਕਰਨ ਲਈ 21 ਨਵੰਬਰ ਤੋਂ ‘ਵਰਲਡ ਫਿਸ਼ਰੀ’ ਦਿਵਸ ਮੌਕੇ ਤਿੰਨਾਂ ਦਿਨਾਂ ਵਿਸ਼ੇਸ਼ ਟਰੇਨਿੰਗ ਕੈਂਪ ਮੱਛੀ ਮੰਡੀ, ਬਸਤੀ ਬਾਵਾ ਖੇਲ, ਜਲੰਧਰ ਵਿਖੇ ਲਗਾਇਆ ਜਾ ਰਿਹਾ ਹੈ।
ਸਹਾਇਕ ਡਾਇਰੈਕਟਰ ਮੱਛੀ ਪਾਲਣ ਸੰਦੀਪ ਵਸ਼ਿਸ਼ਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ ਵਿੱਚ ਸਥਾਪਿਤ ਕੀਤੇ ਗਏ ਪੰਜਾਬ ਰਾਜ ਮੱਛੀ ਪਾਲਕ ਵਿਕਾਸ ਬੋਰਡ ਦੀ ਸਹਾਇਤਾ ਨਾਲ ਮੱਛੀ ਪਾਲਣ ਦੇ ਧੰਦੇ ਵਿੱਚ ਉਭਰ ਕੇ ਆਈਆਂ ਮਾਡਰਨ ਤਕਨੀਕਾਂ ਅਤੇ ਰਵਾਇਤੀ ਮੱਛੀ ਪਾਲਣ ਨੂੰ ਉਤਸ਼ਾਹਿਤ ਕਰਨ ਲਈ ਅਤੇ ਮੱਛੀ ਨੂੰ ਖ਼ੁਰਾਕ ਦਾ ਅੰਗ ਬਣਾਉਣ ਤੇ ਇਸ ਧੰਦੇ ਦੀ ਹੋਰ ਪ੍ਰਫੁੱਲਤਾ/ਵਿਕਾਸ ਲਈ ਤਿੰਨ ਦਿਨਾਂ ਵਿਸ਼ੇਸ਼ ਟਰੇਨਿੰਗ ਕੈਂਪ 21 ਤੋਂ 23 ਨਵੰਬਰ 2022 ਤੱਕ ਲਗਾਇਆ ਜਾ ਰਿਹਾ ਹੈ।


ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਭਾਰਤ ਸਰਕਾਰ ਦੀ ਪੀਐਮਐਮਐਸਵਾਈ ਸਕੀਮ ਅਧੀਨ ਮਿਲਣ ਵਾਲੇ ਵਿੱਤੀ ਲਾਭਾਂ ਅਤੇ ਹੋਰ ਮਾਡਰਨ ਤਕਨੀਕਾਂ ਜਿਸ ਵਿੱਚ ਘੱਟ ਪਾਣੀ ਅਤੇ ਥੋੜ੍ਹੀ ਜਗ੍ਹਾ ਵਿੱਚ ਮੱਛੀ ਪਾਲਣ ਦਾ ਧੰਦਾ ਕਰਨ ਸਬੰਧੀ ਵੀ ਵੱਖ-ਵੱਖ ਮਾਹਿਰਾਂ ਵਲੋਂ ਵਿਸਥਾਰਿਤ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ।


ਉਨ੍ਹਾਂ ਮੱਛੀ ਪਾਲਣ ਦਾ ਧੰਦਾ ਕਰਨ ਦੇ ਚਾਹਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਇਸ ਤਿੰਨ ਦਿਨਾਂ ਕੈਂਪ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਤਾਂ ਜੋ ਮੱਛੀ ਪਾਲਣ ਕਿੱਤੇ ਸਬੰਧੀ ਵੱਧ ਤੋਂ ਵੱਧ ਜਾਣਕਾਰੀ ਹਾਸਿਲ ਕਰਕੇ ਆਪਣੀ ਆਮਦਨ ਵਿੱਚ ਚੋਖਾ ਵਾਧਾ ਕਰਨ ਦੇ ਯੋਗ ਬਣ ਸਕਣ।

Story You May Like