ਜੁਲਾਈ ‘ਚ ਰਿਕਾਰਡ 31.02 ਬਿਲਿਅਨ ਡਾਲਰ ਰਿਹਾ ਵਪਾਰ ਘਾਟਾ
ਲੁਧਿਆਣਾ, 3 ਅਗਸਤ (ਸ਼ਾਕਸ਼ੀ ਸ਼ਰਮਾ) :ਕੇਂਦਰ ਸਰਕਾਰ ਵੱਲੋਂ ਘਰੇਲੂ ਪੱਧਰ ਤੇ ਮਹਿੰਗਾਈ ਨੂੰ ਰੋਕਣ ਲਈ ਕਣਕ, ਸਟੀਲ, ਆਇਰਨ ਅਤੇ ਪੈਟਰੋਲੀਅਮ ਉਤਪਾਦਾਂ ਦੀ ਐਕਸਪੋਰਟ ਤੇ ਲਗਾਈਆਂ ਗਈਆਂ ਪਾਬੰਦੀਆਂ ਕਾਰਨ ਜੁਲਾਈ ਮਹੀਨੇ ‘ਚ ਭਾਰਤ ਦਾ ਵਪਾਰ ਘਾਟਾ ਰਿਕਾਰਡ 31.02 ਬਿਲੀਅਨ ਡਾਲਰ ਤੇ ਪਹੁੰਚ ਗਿਆ ਹੈ। ਦੇਸ਼ ਦੇ ਕਾਮਰਸ ਸੈਕਟਰੀ ਬੀ.ਵੀ.ਆਰ ਸੁਬਰਾਮਣੀਅਮ ਵੱਲੋਂ ਇਹ ਜਾਣਕਾਰੀ ਦਿੱਤੀ ਗਈ।
ਜੁਲਾਈ ‘ਚ ਡਿੱਗੀ 12 ਫੀਸਦੀ ਐਕਸਪੋਰਟ :
ਦੱਸਣਯੋਗ ਹੈ ਕਿ ਜੁਲਾਈ ਮਹੀਨੇ ‘ਚ ਭਾਰਤ ਵੱਲੋਂ ਕੀਤੀ ਗਈ ਐਕਸਪੋਰਟ ‘ਚ ਪਿਛਲੇ ਸਾਲ ਦੇ ਮੁਕਾਬਲੇ ਕੋਈ ਉਛਾਲ ਨਹੀਂ ਆਇਆ ਹੈ ਅਤੇ ਇਹ 35.24 ਬਿਲੀਅਨ ਡਾਲਰ ਰਿਹਾ ਹੈ। ਜਦਕਿ ਜੂਨ ਦੇ ਮੁਕਾਬਲੇ ਜੁਲਾਈ ‘ਚ ਐਕਸਪੋਰਟ ‘ਚ 12 ਫੀਸਦੀ ਡਿੱਗੀ ਜੁਲਾਈ ਮਹੀਨੇ ‘ਚ ਇਲੈਕਟ੍ਰੋਨਿਕਸ ਗੁਡਸ ਦੀ ਐਕਸਪੋਰਟ ਪਿਛਲੇ ਸਾਲ ਦੇ ਮੁਕਾਬਲੇ 46 ਫ਼ੀਸਦੀ ਵੱਧ 1.82 ਬਿਲੀਅਨ ਡਾਲਰ ਰਹੀ ਹੈ ਜਦਕਿ ਇਸ ਦੌਰਾਨ ਚੌਲਾਂ ਦੀ ਐਕਸਪੋਰਟ ‘ਚ 30 ਫੀਸਦੀ ਦਾ ਵਾਧਾ ਹੋਇਆ ਹੈ ਅਤੇ ਇਹ ਵਧ ਕੇ 0.93 ਬਿਲੀਅਨ ਡਾਲਰ ਹੋ ਗਈ ਹੈ। ਇਸ ਦਰਮਿਆਨ ਭਾਰਤ ਨੇ ਜੁਲਾਈ ਮਹੀਨੇ ‘ਚ 21.13 ਬਿਲੀਅਨ ਡਾਲਰ ਦੇ ਪੈਟਰੋਲੀਅਮ ਪ੍ਰੋਡਕਟਸ ਦੀ ਇੰਪੋਰਟ ਕੀਤੀ ਹੈ ਅਤੇ ਇਹ ਪਿਛਲੇ ਸਾਲ ਦੇ ਮੁਕਾਬਲੇ 70 ਫ਼ੀਸਦੀ ਵੱਧ ਹੈ ਜਦਕਿ ਕੋਲੇ ਦੀ ਇੰਪੋਰਟ 164 ਫੀਸਦੀ ਵਧ ਕੇ 5.18 ਬਿਲੀਅਨ ਡਾਲਰ ਰਹੀ ਹੈ।
ਰੂਸ, ਯੂਕਰੇਨ ਅਤੇ ਸ਼੍ਰੀਲੰਕਾ ‘ਚ ਤਣਾਅ ਨਾਲ ਐਕਸਪੋਰਟ ਤੇ ਅਸਰ :
ਸਰਕਾਰ ਵੱਲੋਂ ਮਹਿੰਗਾਈ ਤੇ ਕਾਬੂ ਕਰਨ ਲਈ ਕਣਕ, ਆਇਰਨ ਅਤੇ ਸਟੀਲ ਦੇ ਨਾਲ ਨਾਲ ਪੈਟਰੋਲੀਅਮ ਪ੍ਰੋਡਕਟ ਦੀ ਐਕਸਪੋਰਟ ਤੇ ਵੀ ਪਾਬੰਦੀਆਂ ਲਗਾਈਆਂ ਗਈਆਂ ਹਨ। ਇਸ ਨਾਲ ਵੀ ਭਾਰਤ ਦੀ ਐਕਸਪੋਰਟ ਪ੍ਰਭਾਵਿਤ ਹੋਈ ਅਤੇ ਲਗਭਗ 1 ਤੋਂ 2 ਬਿਲੀਅਨ ਡਾਲਰ ਦੀ ਕਣਕ ਦੀ ਐਕਸਪੋਰਟ ਹੀ ਰੁਕ ਗਈ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਅਨਾਜ ਸੁਰੱਖਿਆ ਵਧੇਰੇ ਜ਼ਰੂਰੀ ਹੈ ਪਰ ਇਸ ਨਾਲ ਐਕਸਪੋਰਟ ਤੇ ਅਸਰ ਪਿਆ ਹੈ। ਯੂਕਰੇਨ ਅਤੇ ਰੂਸ ਦਰਮਿਆਨ ਚੱਲ ਰਹੀ ਜੰਗ ਅਤੇ ਸ਼੍ਰੀਲੰਕਾ ‘ਚ ਪੈਦਾ ਹੋਏ ਹਾਲਾਤਾਂ ਨਾਲ ਵੀ ਭਾਰਤ ਦੀ ਐਕਸਪੋਰਟ ਪ੍ਰਭਾਵਿਤ ਹੋਈ ਹੈ ਅਤੇ ਰੂਸ ਨੂੰ ਹੋਣ ਵਾਲੀ ਐਕਸਪੋਰਟ ਲਗਭਗ ਅੱਧੀ ਰਹਿ ਗਈ ਹੈ ਜਦਕਿ ਸ਼ੀਲੰਕਾ ਨੂੰ ਐਕਸਪੋਰਟ ਪੂਰੀ ਤਰ੍ਹਾਂ ਬੰਦ ਹੋ ਗਈ ਹੈ।