The Summer News
×
Friday, 10 May 2024

ਲੇਖਕ ਤੇ ਸਭਿਆਚਾਰ ਦੇ ਬਾਕੀ ਕਾਮੇ ਵਾਤਾਵਰਣ,ਸਮਾਜਿਕ ਤਾਣਾ ਬਾਣਾ ਸਹੀ ਰੱਖਣ ਲਈ ਹੋਰ ਸਮਰਪਿਤ ਹੋਣ- ਬਲਬੀਰ ਸਿੰਘ ਸੀਚੇਵਾਲ

ਲੁਧਿਆਣਾ, 17 ਜੁਲਾਈ। ਵਾਤਾਵਰਣ ਸੰਭਾਲ ਵਿੱਚ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਬਾਬਾ ਬਲਬੀਰ ਸਿੰਘ ਸੀਚੇਵਾਲ ਮੈਂਬਰ ਪਾਰਲੀਮੈਂਟ ਨੇ ਕਾਲ਼ੀ ਬੇਈਂ ਸਫ਼ਾਈ ਤੇ ਸੰਭਾਲ ਮੁਹਿੰਮ ਦੀ 22ਵੀਂ ਵਰ੍ਹੇਗੰਢ ਮੌਕੇ ਕਰਵਾਏ ਕਵੀ ਦਰਬਾਰ ਉਪਰੰਤ ਪੰਜਾਬੀ ਕਵੀ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੂੰ ਦਸਤਾਰ ਤੇ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ।

ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਲਿਖਾਰੀਆਂ, ਬੁੱਧੀਜੀਵੀਆਂ ਅਤੇ ਸੱਭਿਆਚਾਰਕ ਕਾਮਿਆਂ ਨੂੰ ਪ੍ਰੇਰਨਾ ਦਿੰਦਿਆਂ ਕਿਹਾ ਕਿ ਵਾਤਾਵਰਣ ਸੰਭਾਲ,ਸਮਾਜਿਕ ਤਾਣਾ ਬਾਣਾ ਸਹੀ ਰੱਖਣ ਤੇ ਲੋਕ ਹੱਕ ਚੇਤਨਾ ਲਈ ਸਮਰਪਿਤ ਲਿਖਤਾਂ ਲਿਖਣ ਤਾਂ ਜੋ ਆਦ਼ਾਦੀ ਦੇ ਸਹੀ ਅਰਥ ਸਮਝ ਆ ਸਕਣ ਤੇ ਸਮਾਜਿਕ ਵਿਕਾਸ ਸਾਵਾਂ ਹੋਵੇ। ਉਨ੍ਹਾਂ ਕਿਹਾ ਕਿ ਵਿਗਿਆਨ ਨੇ ਜਿੱਥੇ ਸਾਨੂੰ ਬਹੁਤ ਕੁਝ ਦਿੱਤਾ ਹੈ, ਉਸ ਨਾਲੋਂ ਕਿਤੇ ਵੱਧ ਖੋਹਿਆ ਹੈ। ਪੌਣ ਪਾਣੀ ਤੇ ਪਲੀਤ ਧਰਤੀ ਨੂੰ ਗੁਰੂ ਨਾਨਕ ਆਸ਼ੇ ਅਨੁਸਾਰ ਸਵੱਛ ਕਰਨ ਦੀ ਲੋੜ ਹੈ।

ਇਸ ਮੌਕੇ ਕਰਵਾਏ ਕਵੀ ਦਰਬਾਰ ਵਿੱਚ ਸ਼ਾਮਿਲ ਪੰਜਾਬੀ ਕਵੀਆਂ ਤੇ ਲਿਖਾਰੀਆਂ ਤ੍ਰੈਲੋਚਨ ਲੋਚੀ, ਮੁਖਤਾਰ ਸਿੰਘ ਚੰਦੀ, ਡਾ. ਆਸਾ ਸਿੰਘ ਘੁੰਮਣ ਸੰਚਾਲਕ ਸਿਰਜਣਾ ਕੇਂਦਰ ਕਪੂਰਥਲਾ, ਡਾ. ਸਵਰਾਜ ਸਿੰਘ , ਮਨਜਿੰਦਰ ਧਨੋਆ ਬਲਬੀਰ ਸ਼ੇਰਪੁਰੀ, ਸੰਤ ਸੰਧੂ, ਡਾ. ਰਾਮ ਮੂਰਤੀ, ਬਹਾਦਰ ਸਿੰਘ ਸੰਧੂ, ਮੋਤਾ ਸਿੰਘ ਸਰਾਏ, ਕੁਲਵਿੰਦਰ ਸਿੰਘ ਸਰਾਏ, ਕਰਮਜੀਤ ਸਿੰਘ ਗਰੇਵਾਲ ਨੂੰ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਸਨਮਾਨਿਤ ਕੀਤਾ। ਬਾਦ ਵਿੱਚ ਇਨ੍ਹਾਂ ਲੇਖਕਾਂ ਨੇ ਕਾਲ਼ੀ ਬੇਈਂ ਕੰਢੇ ਯਾਦਗਾਰੀ ਬੂਟੇ ਵੀ ਲਗਾਏ।

ਬਾਬਾ ਗੁਰੂ ਨਾਨਕ ਦੇਵ ਜੀ ਦੀ ਦੀ ਕਾਲ਼ੀ ਵੇਈਂ ਕੰਢੇ ਸ਼ਬਦ-ਏ-ਨਾਦ ਜੱਥੇ ਵਿੱਚ ਸ਼ਾਮਿਲ ਰਬਾਬੀਆਂ ਭਾਈ ਰਣਜੋਧ ਸਿੰਘ,ਨਵਜੋਧ ਸਿੰਘ ਤੇ ਸਿਮਰਨਜੀਤ ਸਿੰਘ ਨੇ ਤੰਤੀ ਸਾਜ਼ਾਂ ਨਾਲ ਸ਼ਬਦ ਗਾਇਨ ਕਰਕੇ ਪੁਰਤਨ ਸਮੇਂ ਦੀ ਯਾਦ ਨੂੰ ਤਾਜ਼ਾ ਕਰ ਦਿੱਤਾ। ਸਮਾਗਮ ਦੀ ਸ਼ੁਰੂਆਤ ਵਿੱਚ ਸੰਤ ਅਵਤਾਰ ਸਿੰਘ ਯਾਦਗਾਰੀ ਸਕੂਲ ਸੀਚੇਵਾਲ ਦੇ ਬੱਚਿਆਂ ਨੇ ਰਸ-ਭਿੰਨਾ ਕੀਰਤਨ ਕੀਤਾ।

ਇਸ ਤੋਂ ਪਹਿਲਾਂ ਅਮਰੀਕਾ ਤੋਂ ਆਏ ਚਿੰਤਕ ਡਾ. ਸਵਰਾਜ ਸਿੰਘ ਜੀ ਨੇ ਕਿਹਾ ਕਿ ਯੂਕਰੇਨ ਤੇ ਰੂਸ ਵਿੱਚ ਜੋ ਜੰਗ ਚੱਲ ਰਹੀ ਹੈ ਇਸ ਦੇ ਖਾਤਮੇ ਤੋਂ ਬਾਅਦ ਇਹ ਸੰਸਾਰ ਬਹੁ-ਧਰੁਵੀ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸੰਸਾਰ ਨੂੰ ਇੱਕ ਦਿਨ ਗੁਰੁ ਨਾਨਕ ਦੇ ਫਲਸਫੇ ਅਨੁਸਾਰ ਹੀ ਚੱਲਣਾ ਪਵੇਗਾ।

ਇਸ ਮੌਕੇ ਭਾਈ ਪਰਮਜੀਤ ਸਿੰਘ ਦੀ ਅਗਵਾਈ ਵਾਲੇ ਇੰਟਰਨੈਸ਼ਨਲ ਮੀਰੀ-ਪੀਰੀ ਢਾਡੀ ਜੱਥੇ ਵੱਲੋਂ ਤਿਆਰ ਕੀਤੀ ਐਲਬਮ ‘ਗੁਰੁ ਮਨਾਓ ਗ੍ਰੰਥ’ ਦਾ ਪੋਸਟਰ ਜਾਰੀ ਕੀਤਾ ਗਿਆ। ਪੰਜਾਬੀ ਸਾਹਿੱਤ ਅਕਾਡਮੀ ਮੈਂਬਰ, ਕੌਮੀ ਪੁਰਸਕਾਰ ਵਿਜੇਤਾ ਅਧਿਆਪਕ ਤੇ ਲੇਖਕ ਕਰਮਜੀਤ ਸਿੰਘ ਗਰੇਵਾਲ ਦੇ ਗੀਤ ‘ਵਿਗਿਆਨ ਦਾ ਯੁੱਗ’ ਦਾ ਪੋਸਟਰ ਲੋਕ ਅਰਪਨ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੋਤਾ ਸਿੰਘ ਸਰਾਏ ਯੂ ਕੇ ਸੰਚਾਲਕ ਯੋਰਪੀਨ ਪੰਜਾਬੀ ਸੱਥ, ਸਃ ਕੁਲਵਿੰਦਰ ਸਿੰਘ ਸਰਾਏ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਨਵਾਂ ਸ਼ਹਿਰ,ਸਾਬਕਾ ਚੇਅਰਮੈਨ ਮੋਹਣ ਲਾਲ ਸੂਦ,ਪ੍ਰੋ: ਆਸਾ ਸਿੰਘ ਘੁੰਮਣ,ਸੁਰਜੀਤ ਸਿੰਘ ਸ਼ੰਟੀ, ਸਰਪੰਚ ਜੋਗਾ ਸਿੰਘ ਤੇ ਹੋਰ ਸਖਸ਼ੀਅਤਾਂ ਹਾਜ਼ਰ ਸਨ। ਸਟੇਜ ਸਕੱਤਰ ਦੀ ਡਿਊਟੀ ਸੰਤ ਸੁਖਜੀਤ ਸਿੰਘ ਸੀਚੇਵਾਲ ਨੇ ਬੜੇ ਜੀਵੰਤ ਢੰਗ ਨਾਲ ਨਿਭਾਈ।


Story You May Like