The Summer News
×
Tuesday, 21 May 2024

ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਸੰਭਾਲਣ ਦੀ ਰਣਨੀਤੀ ਉਲੀਕਣ ਲਈ ਡਿਪਟੀ ਕਮਿਸ਼ਨਰ ਵੱਲੋਂ ਮੀਟਿੰਗ

ਪਟਿਆਲਾ, 30 ਜੂਨ: ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜ਼ਿਲ੍ਹੇ ਅੰਦਰ ਪਰਾਲੀ ਪ੍ਰਬੰਧਨ ਲਈ ਜ਼ਿਲ੍ਹੇ ਵਿੱਚ ਉਪਲਬੱਧ ਮਸ਼ੀਨਰੀ ਦੀ ਪੂਰੀ ਸਮਰੱਥਾ ਮੁਤਾਬਕ ਵੱਧ ਤੋਂ ਵੱਧ ਵਰਤੋਂ ਯਕੀਨੀ ਬਣਾਉਣ ਲਈ ਰਣਨੀਤੀ ਉਲੀਕਣ ਲਈ ਅੱਜ ਖੇਤੀਬਾੜੀ ਵਿਭਾਗ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ, ਬੇਲਰ ਐਸੋਸੀਏਸ਼ਨ, ਪਰਾਲੀ ਵਰਤਣ ਵਾਲੇ ਉਦਯੋਗਾਂ ਅਤੇ ਕਿਸਾਨਾਂ ਨਾਲ ਚਰਚਾ ਕੀਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਅਨੂਪ੍ਰਿਤਾ ਜੌਹਲ ਵੀ ਮੌਜੂਦ ਸਨ।


ਡਿਪਟੀ ਕਮਿਸ਼ਨਰ ਨੇ ਮੀਟਿੰਗ ਦੌਰਾਨ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਵਿੱਚ ਦੋ ਲੱਖ 31 ਹਜ਼ਾਰ ਹੈਕਟੇਅਰ ਰਕਬੇ ਵਿੱਚ ਝੋਨੇ ਦੀ ਪੈਦਾਵਾਰ ਕੀਤੀ ਜਾਂਦੀ ਹੈ, ਜਿਸ ਤੋਂ ਤਕਰੀਬਨ 14 ਲੱਖ ਮੀਟਰਿਕ ਟਨ ਪਰਾਲੀ ਪੈਦਾ ਹੁੰਦੀ ਹੈ ਜਿਸ 'ਚੋ ਐਕਸ ਸੀਟੂ ਤਕਨੀਕ ਨਾਲ ਤਕਰੀਬਨ 2 ਲੱਖ ਮੀਟਰਿਕ ਟਨ ਪਰਾਲੀ ਦੀ ਵਰਤੋਂ ਉਦਯੋਗਾਂ ਵਿੱਚ ਕੀਤੀ ਜਾਂਦੀ ਹੈ, ਜਿਸ ਨੂੰ ਵਧਾਉਣ ਲਈ ਹੁਣੇ ਤੋਂ ਹੀ ਬੇਲਰ ਐਸੋਸੀਏਸ਼ਨਾਂ ਅਤੇ ਪਰਾਲੀ ਵਰਤਣ ਵਾਲੇ ਉਦਯੋਗਾਂ ਦਾ ਤਾਲਮੇਲ ਕਰਵਾਕੇ ਇਸ ਵਿੱਚ ਵਾਧਾ ਕਰਨ ਲਈ ਕੰਮ ਸ਼ੁਰੂ ਕੀਤਾ ਗਿਆ ਹੈ।


ਉਨ੍ਹਾਂ ਬੇਲਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੂੰ ਝੋਨੇ ਦੇ ਵਾਢੀ ਸੀਜ਼ਨ ਤੋਂ ਪਹਿਲਾ ਆਪਣੀ ਪਿੰਡਾਂ ਵਿੱਚ ਜਾਣ ਦੀ ਸਮਾਂ ਸਾਰਣੀ ਜ਼ਿਲ੍ਹਾ ਪ੍ਰਸ਼ਾਸਨ ਨਾਲ ਸਾਂਝੀ ਕਰਨ ਲਈ ਕਿਹਾ ਤਾਂ ਜੋ ਸਬੰਧਤ ਵਿਭਾਗ ਕਿਸਾਨਾਂ ਨੂੰ ਐਕਸ ਸੀਟੂ ਤਕਨੀਕ ਸਬੰਧੀ ਜਾਗਰੂਕ ਕਰ ਸਕਣ ਅਤੇ ਇਸ ਨਾਲ ਜ਼ਮੀਨ ਨੂੰ ਹੋਣ ਵਾਲੇ ਫਾਇਦੇ ਸਬੰਧੀ ਦੱਸਿਆ ਜਾ ਸਕੇ। ਉਨ੍ਹਾਂ ਕਿਹਾ ਕਿ ਪਰਾਲੀ ਦੀਆਂ ਗੰਢਾ ਸਾਂਭਣ ਲਈ ਜੇਕਰ ਬੇਲਰ ਮਾਲਕਾਂ ਨੂੰ ਜਗ੍ਹਾ ਦੀ ਜ਼ਰੂਰਤ ਹੋਵੇ ਤਾਂ ਉਸ ਸਬੰਧੀ ਵੀ ਜ਼ਿਲ੍ਹਾ ਪ੍ਰਸ਼ਾਸਨ ਨਾਲ ਜਾਣਕਾਰੀ ਸਾਂਝੀ ਕੀਤੀ ਜਾਵੇ ਤਾਂ ਜੋ ਜ਼ਮੀਨ ਉਪਲਬੱਧ ਕਰਵਾਉਣ ਲਈ ਵੀ ਰਣਨੀਤੀ ਤਿਆਰ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਸਬਸਿਡੀ 'ਤੇ ਮਸ਼ੀਨਰੀ ਲੈਣ ਲਈ ਪੋਰਟਲ ਖੁੱਲਾ ਹੈ ਚਾਹਵਾਨ ਕਿਸਾਨ ਅਪਲਾਈ ਕਰਨ ਅਤੇ ਵਧੇਰੇ ਜਾਣਕਾਰੀ ਲਈ ਖੇਤੀਬਾੜੀ ਵਿਭਾਗ ਨਾਲ ਸੰਪਰਕ ਕੀਤਾ ਜਾ ਸਕਦਾ ਹੈ।


ਸਾਕਸ਼ੀ ਸਾਹਨੀ ਨੇ ਪਰਾਲੀ ਵਰਤਣ ਵਾਲੇ ਉਦਯੋਗਾਂ ਤੋਂ ਆਏ ਨੁਮਾਇੰਦਿਆਂ ਨੂੰ ਹੁਣੇ ਤੋਂ ਹੀ ਆਪਣੀ ਲੋੜ ਸਬੰਧੀ ਬੇਲਰ ਮਾਲਕਾਂ ਨਾਲ ਸੰਪਰਕ ਕਰਨ ਲਈ ਕਿਹਾ ਤਾਂ ਜੋ ਖੇਤਾਂ ਵਿੱਚ ਇਕੱਠੀਆਂ ਹੋਈਆਂ ਗੰਢਾ ਨੂੰ ਨਾਲੋ ਨਾਲ ਚੁਕਾਇਆ ਜਾ ਸਕੇ ਅਤੇ ਖੇਤ ਅਗਲੀ ਫਸਲ ਲਈ ਤਿਆਰ ਹੋ ਸਕਣ। ਉਨ੍ਹਾਂ ਕਿਹਾ ਕਿ ਆਪਸੀ ਤਾਲਮੇਲ ਨਾਲ ਕੀਤੇ ਕੰਮ ਨਾਲ ਜਿਥੇ ਉਦਯੋਗਾਂ ਨੂੰ ਲਾਭ ਹੋਵੇਗਾ, ਉਥੇ ਹੀ ਬੇਲਰ ਮਾਲਕਾਂ ਅਤੇ ਕਿਸਾਨਾਂ ਸਮੇਤ ਸਮਾਜ ਦੇ ਹਰੇਕ ਵਰਗ ਨੂੰ ਪਰਾਲੀ ਨੂੰ ਅੱਗ ਨਾ ਲੱਗਣ ਨਾਲ ਲਾਭ ਹੋਵੇਗਾ।


ਡੀ.ਸੀ. ਨੇ ਕਿਹਾ ਕਿ ਕਿਸਾਨਾਂ ਨੂੰ ਆਪਣੇ ਜੀਵਨ, ਵਾਤਾਵਰਣ ਤੇ ਧਰਤੀ ਨੂੰ ਸੰਭਾਲਣ ਲਈ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਸੰਭਾਲਣ ਜਾਂ ਜਮੀਨ ਵਿੱਚ ਹੀ ਵਾਹੁਣ ਲਈ ਆਪਣੀ ਸੋਚ ਬਦਲਣੀ ਪਵੇਗੀ। ਉਨ੍ਹਾਂ ਨੇ ਹਾਜ਼ਰੀਨ ਦੀਆਂ ਮੁਸ਼ਕਿਲਾਂ ਅਤੇ ਸੁਝਾਓ ਵੀ ਜਾਣੇ।


ਮੀਟਿੰਗ ਦੌਰਾਨ ਆਰ.ਟੀ.ਏ. ਬਬਨਦੀਪ ਸਿੰਘ ਵਾਲੀਆ, ਮੁੱਖ ਖੇਤੀਬਾੜੀ ਅਫ਼ਸਰ ਗੁਰਨਾਮ ਸਿੰਘ, ਡੀ.ਆਈ.ਸੀ ਤੋਂ ਨਵਨੀਤ ਕੌਰ, ਅਰਵਿੰਦਰ ਸਿੰਘ, ਰਵਿੰਦਰ ਸਿੰਘ, ਪ੍ਰਦੂਸ਼ਨ ਰੋਕਥਾਮ ਬੋਰਡ, ਸਹਿਕਾਰੀ ਸਭਾਵਾਂ ਦੇ ਅਧਿਕਾਰੀ ਸਮੇਤ ਬ੍ਰਿਕੇਟਸ ਵਰਤਣ ਵਾਲੇ ਪਟਿਆਲਾ ਆਰ.ਐਨ.ਜੀ., ਹਿੰਦੁਸਤਾਨ ਯੂਨੀਲੀਵਰ, ਨਾਭਾ ਪਾਵਰ ਪਲਾਂਟ ਰਾਜਪੁਰਾ, ਏ ਐਂਡ ਪੀ ਐਨਰਜੀ ਸਲੀਉਸ਼ਨਜ਼ ਅਤੇ ਐਸ.ਪੀ.ਐਸ. ਈਕੋ ਫਰੈਡਲੀ ਫੀਊਲ ਸਮਾਣਾ ਪੈਪਸੀਕੋ, ਬੇਲਰ ਐਸੋਸੀਏਸ਼ਨ ਤੋਂ ਇਲਾਵਾ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ।
ਫੋਟੋ ਕੈਪਸ਼ਨ-ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਪਰਾਲੀ ਪ੍ਰਬੰਧਨ ਸਬੰਧੀ ਬੈਠਕ ਦੀ ਪ੍ਰਧਾਨਗੀ ਕਰਦੇ ਹੋਏ।

Story You May Like