The Summer News
×
Tuesday, 21 May 2024

ਡਾ. ਨਵਜੋਤ ਕੌਰ ਸਿਵਲ ਸਰਜਨ ਵਲੋਂ ਵਿਸ਼ਵ ਓਰਲ ਦਿਵਸ ਦੇ ਸਬੰਧ ਵਿਚ ਜਾਗਰੂਕਤਾ ਬੈਨਰ ਜਾਰੀ ਕੀਤੇ :

ਸ੍ਰੀ ਮੁਕਤਸਰ ਸਾਹਿਬ 15 ਮਾਰਚ- ਡਾ. ਨਵਜੋਤ ਕੌਰ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਵੱਲੋਂ ਅੱਜ ਵਿਸ਼ਵ ਓਰਲ ਦਿਵਸ ਦੇ ਸਬੰਧ ਵਿਚ ਜਾਗਰੂਕਤਾ ਬੈਨਰ ਜਾਰੀ ਕੀਤੇ। ਇਸ ਮੌਕੇ ਉਨ੍ਹਾਂ ਦੱਸਿਆ ਕਿ ਹਰ ਸਾਲ 20 ਮਾਰਚ ਨੂੰ ਵਿਸ਼ਵ ਓਰਲ ਦਿਵਸ ਮਨਾਇਆ ਜਾਂਦਾ ਹੈ ਜਿਸ ਦਾ ਮਕਸਦ ਲੋਕਾਂ ਨੂੰ ਆਪਣੇ ਦੰਦਾਂ ਦੀ ਅਤੇ ਮੂੰਹ ਦੀ ਸਫਾਈ ਅਤੇ ਦੇਖਭਾਲ ਕਰਨ ਲਈ ਜਾਗਰੂਕ ਕਰਨਾ ਹੈ। ਉਨ੍ਹਾ ਕਿਹਾ ਕਿ ਜਿਲ੍ਹੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਮੂੰਹ ਅਤੇ ਦੰਦਾਂ ਦੀ ਸੰਭਾਲ ਸਬੰਧੀ ਜਾਗਰੂਕ ਕਰਨ ਲਈ ਸਟਾਫ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਅਤੇ ਨਾਲ ਹੀ ਜਾਗਰੂਕਤਾ ਬੈਨਰ ਬਣਾ ਕੇ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ 20 ਮਾਰਚ ਨੂੰ  ਜਿਲ੍ਹੇ ਦੀਆਂ ਸਰਕਾਰੀ ਸੰਸਥਾਵਾਂ ਵਿੱਚ ਦੰਦਾਂ ਅਤੇ ਮੂੰਹ ਦੀ ਸਫ਼ਾਈ ਸਬੰਧੀ ਚੈਕਅੱਪ ਕੈਂਪ ਲਗਾ ਕੇ ਮੁਫ਼ਤ ਇਲਾਜ ਕੀਤਾ ਜਾਵੇਗਾ ਅਤੇ ਨਾਲ ਹੀ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ ਉੋਹਨਾਂ ਕਿਹਾ ਕਿ ਸਰੀਰ ਨੂੰ ਤੰਦਰੁਸਤ ਰੱਖਣ ਲਈ ਮੂੰਹ ਅਤੇ ਦੰਦਾਂ ਦੀ ਸੰਭਾਲ ਅਤੇ ਸਫ਼ਾਈ ਬਹੁਤ ਜਰੂਰੀ ਹੈ। ਮੂੰਹ ਅਤੇ ਦੰਦਾਂ ਦੀ ਸਫਾਈ ਨਾ ਕਰਨ ਕਾਰਣ ਦੰਦਾਂ ਅਤੇ ਪੇਟ ਨੂੰ ਕਈ ਕਿਸਮ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ। ਜਿਸ ਕਾਰਨ ਆਮ ਜੀਵਨ ਵਿੱਚ ਅਨੇਕਾਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਮੇਂ ਡਾ ਯੁਗਵੀਰ ਬੱਤਰਾ ਦੰਦਾਂ ਦੇ ਰੋਗਾਂ ਦੇ ਮਾਹਿਰ ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਨੇ ਕਿਹਾ ਕਿ ਸਭ ਨੂੰ ਦੰਦਾਂ ਨੂੰ ਤੰਦਰੁਸਤ ਰੱਖਣ ਲਈ ਹਰ ਰੋਜ਼ ਦਿਨ ਵਿੱਚ ਦੋ ਵਾਰ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਅਤੇ ਸਵੇਰੇ ਨਾਸ਼ਤੇ ਤੋਂ ਬਾਅਦ ਬਰੁਸ਼ ਜਰੂਰ ਕਰਨਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਰਾਤ ਸਮੇਂ ਸਿਹਤਮੰਦ ਭੋਜਨ ਦਾ ਸੇਵਨ ਕਰੋ, ਚਿਪਚਿਪੇ ਅਤੇ ਮਿੱਠਾ ਖਾਣ ਤੋਂ ਪ੍ਰਹੇਜ਼ ਕਰੋ, ਖਾਣਾ ਚੰਗੀ ਤਰ੍ਹਾਂ ਚਬਾ ਕੇ ਖਾਓ। ਵਿਟਾਮਿਨਾਂ ਅਤੇ ਖਣਿਜ ਪਦਾਰਥਾਂ ਭਰਪੂਰ ਭੋਜਨ ਦਾ ਸੇਵਨ ਕਰੋ ਅਤੇ ਹਰੇਕ 6 ਮਹੀਨੇ ਬਾਅਦ ਆਪਣੇ ਦੰਦਾਂ ਦੇ ਡਾਕਟਰ ਦੀ ਸਲਾਹ ਜਰੂਰ ਲਵੋ। ਇਸ ਮੌਕੇ ਡਾ ਪ੍ਰਭਜੀਤ ਸਿੰਘ ਸਹਾਇਕ ਸਿਵਲ ਸਰਜਨ, ਡਾ ਕੁਲਤਾਰ ਸਿੰਘ ਜਿਲਾ ਪਰਿਵਾਰ ਭਲਾਈ ਅਫਸਰ, ਡਾ. ਦੁਪਿੰਦਰ ਕੁਮਾਰ ਜਿਲ੍ਹਾ ਸਿਹਤ ਅਫਸਰ, ਡਾ. ਯੁਗਵੀਰ ਬੱਤਰਾ, ਸੁਖਮੰਦਰ ਸਿੰਘ ਜਿਲ੍ਹਾ ਮਾਸ ਮੀਡੀਆ ਅਫਸਰ, ਲਾਲ ਚੰਦ ਜਿਲ੍ਹਾ ਸਿਹਤ ਇੰਸਪੈਕਟਰ, ਰਵੀ ਕੁਮਾਰ ਹਾਜਰ ਸਨ।


 

Story You May Like