The Summer News
×
Monday, 20 May 2024

ਕਣਕ ਦੀ ਫਸਲ ਨੂੰ ਪੀਲੀ ਕੁੰਗੀ ਅਤੇ ਵਾਧੇ ਤਾਪਮਾਨ ਤੋਂ ਬਚਾਉਣ ਲਈ ਕਿਸਾਨ ਨਿਰੀਖਣ ਕਰਦੇ ਰਹਿਣ:-ਮੁੱਖ ਖੇਤੀਬਾੜੀ ਅਫ਼ਸਰ

ਐਸ. ਏ. ਐਸ ਨਗਰ 16 ਫਰਵਰੀ | ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਐਸ.ਏ.ਐਸ ਨਗਰ ਵੱਲੋ ਕਣਕ ਦੀ ਫਸਲ ਨੂੰ ਕੀੜਿਆਂ/ਬਿਮਾਰੀਆਂ ਤੋਂ ਬਚਾਉਣ ਅਤੇ ਝਾੜ ਵਿੱਚ ਵਾਧਾ ਕਰਨ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਕਿ ਕਣਕ ਦੀ ਫਸਲ ਦਾ ਨਿਰੰਤਰ ਧਿਆਨ ਰੱਖਿਆ ਜਾਵੇ। ਪੀਲੀ ਕੁੰਗੀ ਅਤੇ ਚੇਪੇ ਦੇ ਹਮਲੇ ਦਾ ਨਿਰੀਖਣ ਕਰਨ ਲਈ ਖੇਤੀਬਾਡ਼ੀ ਮਾਹਿਰਾਂ ਦੀ ਟੀਮ ਵੱਲੋ ਮਾਜਰੀ ਬਲਾਕ ਦੇ ਪਿੰਡ ਪਲਹੇੜੀ,ਤਿਉੜ, ਨੰਗਲੀਆ ਅਤੇ ਝਿੰਗੜਾਂ ਦਾ ਦੌਰਾ ਕੀਤਾ। ਪਿੰਡ ਝਿੰਗੜਾਂ ਵਿਖੇ ਹਰਿੰਦਰ ਸਿੰਘ ਵੱਲੋ ਬੀਜੀ ਕਣਕ ਦੀ ਫਸਲ ਦੀਆਂ ਕਿਸਮਾਂ ਡੀ.ਬੀ.ਡਬਲਿਊ 303, ਡੀ.ਬੀ.ਡਬਲਿਊ 332 ਅਤੇ ਡੀ.ਬੀ.ਡਬਲਿਊ 327 ਦਾ ਨਿਰੀਖਣ ਕਰਦੇ ਹੋਏ ਡਾਂ ਗੁਰਬਚਨ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਹੁਣ ਕਣਕ ਦੀ ਫ਼ਸਲ ਤੇ ਪੀਲੀ ਕੁੰਗੀ ਦੀ ਬਿਮਾਰੀ ਦੇ ਸੰਕਰਮਣ, ਵਿਕਾਸ ਅਤੇ ਫੈਲਣ ਲਈ ਮੌਸਮ ਦੀਆ ਸਥਿਤੀਆਂ ਅਨੁਕੂਲ ਹਨ,ਇਸ ਲਈ ਕਿਸਾਨ ਸੁਚੇਤ ਰਹਿਣ ਅਤੇ ਖੇਤਾਂ ਦਾ ਨਿਰੰਤਰ ਨਿਰੀਖਣ ਕਰਦੇ ਰਹਿਣ। ਪੀਲੀ ਕੁੰਗੀ ਦਾ ਹਮਲਾ ਹੋਣ ਤੇ ਲੋੜ ਅਨੁਸਾਰ ਜਿਥੇ ਹਮਲਾ ਹੋਵੇ,ਸਪਰੇਅ ਕੀਤੀ ਜਾਏ। ਇਸ ਤੋਂ ਇਲਾਵਾ ਹੁਣ ਕਣਕ ਦੀ ਫ਼ਸਲ ਨੂੰ ਦਾਣੇ ਭਰਨ ਸਮੇਂ ਵੱਧ ਤਾਪਮਾਨ ਤੋਂ ਬਚਾਉਣ ਅਤੇ ਝਾੜ ਵਧਾਉਣ ਲਈ 2% ਪੋਟਾਸ਼ੀਅਮ ਨਾਈਟ੍ਰੇਟ (13:0:45) (4 ਕਿਲੋਗ੍ਰਾਮ ਪੋਟਾਸ਼ੀਅਮ ਨਾਈਟ੍ਰੇਟ) ਜਾਂ 15 ਗ੍ਰਾਮ ਸੈਲੀਸਾਈਲਿਕ ਈਥਾਈਲ ਨੂੰ 450 ਮਿਲੀਲਿਟਰ ਈਥਾਈਲ ਅਲਕੋਹਲ ਵਿੱਚ ਘੋਲਣ ਉਪਰੰਤ 200 ਲਿਟਰ ਪਾਣੀ ਵਿੱਚ ਘੋਲਕੇ ਪ੍ਰਤੀ ਏਕੜ ਪਹਿਲਾ ਛਿੜਕਾਅ ਗੋਭ ਵਾਲਾ ਪੱਤਾ ਨਿਕਲਣ / ਬੂਰ ਪੈਣ ਸਮੇਂ ਕਰੋ ਅਤੇ ਦੂਸਰਾ ਸਿੱਟੇ ਵਿੱਚ ਦੁੱਧ ਪੈਣ ਸਮੇਂ ਕਰੋ। ਇਸ ਮੌਕੇ ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਅਗਰ ਕਿਸੇ ਫਸਲ ਤੇ ਕੀੜੇ/ਬਿਮਾਰੀਆਂ ਦੇ ਹਮਲੇ ਸਬੰਧੀ ਸਮੱਸਿਆ ਆਉਂਦੀ ਹੈ ਤਾਂ ਤੁਰੰਤ ਖੇਤੀਬਾੜੀ ਵਿਭਾਗ ਨਾਲ ਸੰਪਰਕ ਕੀਤਾ ਜਾਵੇ ਨਾ ਕਿ ਇਕ ਦੂਜੇ ਨੂੰ ਦੇਖੋ ਦੇਖੀ ਸਪਰੇਅ ਵਗੈਰਾਂ ਕੀਤਾ ਜਾਵੇ।ਇਸ ਮੌਕੇ ਮਨਪਾਲ ਸਿੰਘ ਏ.ਈ.ੳ, ਸਵਿੰਦਰ ਕੁਮਾਰ,ਮਨਪ੍ਰੀਤ ਸਿੰਘ ਏ.ਟੀ.ਐਮ ਅਤੇ ਕਿਸਾਨ ਰਣਧੀਰ ਸਿੰਘ,ਕਲਵਿੰਦਰ ਸਿੰਘ, ਕਾਲਾ ਹਾਜ਼ਰ ਸਨ।

Story You May Like