The Summer News
×
Monday, 20 May 2024

ਪੀ.ਏ.ਯੂ.ਦੇ ਮਾਡਲ ਹਾਈ ਸਕੂਲ ਕਾਉਣੀ ਦਾ ਸਿਲਵਰ ਜੁਬਲੀ ਸਮਾਗਮ ਅਤੇ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ




ਸ੍ਰੀ ਮੁਕਤਸਰ ਸਾਹਿਬ, 24 ਫਰਵਰੀ : ਪੀ.ਏ.ਯੂ. ਵੱਲੋਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਕਾਉਣੀ ਪਿੰਡ ਵਿੱਚ ਸਥਾਪਿਤ ਪੀ.ਏ.ਯੂ.ਮਾਡਲ ਹਾਈ ਸਕੂਲ ਦਾ ਸਿਲਵਰ ਜੁਬਲੀ ਸਮਾਗਮ ਅਤੇ ਇਨਾਮ ਵੰਡ ਸਮਾਰੋਹ ਬੀਤੇ ਦਿਨੀਂ ਕਰਵਾਇਆ ਗਿਆ। ਇਸ ਸਮਾਰੋਹ ਵਿੱਚ ਪੀ.ਏ.ਯੂ.ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਵਿਸ਼ੇਸ਼ ਮਹਿਮਾਨ ਵਜੋਂ ਰਜਿਸਟਰਾਰ ਡਾ. ਰਿਸ਼ੀਪਾਲ ਸਿੰਘ ਮੌਜੂਦ ਰਹੇ। ਉਨ੍ਹਾਂ ਨਾਲ ਕਮਿਊਨਟੀ ਸਾਇੰਸ ਕਾਲਜ ਦੇ ਡੀਨ ਡਾ. ਕਿਰਨ ਬੈਂਸ ਵੀ ਇਸ ਸਮਾਰੋਹ ਦਾ ਹਿੱਸਾ ਬਣੇ।

 

ਇਸ ਮੌਕੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਨੇ ਆਪਣੇ ਭਾਸ਼ਣ ਵਿੱਚ 1998 ਵਿੱਚ ਸਥਾਪਿਤ ਇਸ ਸਕੂਲ ਦੀ ਸਿਲਵਰ ਜੁਬਲੀ ਸੰਪੂਰਨ ਹੋਣ ਉੱਪਰ ਖੁਸ਼ੀ ਦਾ ਪ੍ਰਗਟਾਵਾ ਕੀਤਾ। ਬੱਚਿਆਂ ਵਲੋਂ ਕੀਤੇ ਪ੍ਰਦਰਸ਼ਨ ਨੂੰ ਬਹੁਤ ਉੱਚ ਪੱਧਰੀ ਕਰਾਰ ਦਿੰਦਿਆਂ ਡਾ. ਗੋਸਲ ਨੇ ਅਧਿਆਪਕਾਂ ਦੀ ਮਿਹਨਤ ਦੀ ਪ੍ਰਸ਼ੰਸਾ ਕੀਤੀ। ਇਸ ਸਕੂਲ ਦੇ ਆਰੰਭ ਨੂੰ ਯਾਦ ਕਰਦਿਆਂ ਵਾਈਸ ਚਾਂਸਲਰ ਨੇ ਮੌਜੂਦਾ ਦੌਰ ਵਿੱਚ ਇਲਾਕਾ ਨਿਵਾਸੀਆਂ ਨੂੰ ਆਪਣੀ ਸੰਸਥਾ ਨਾਲ ਜੁੜਨ ਦੀ ਅਪੀਲ ਕੀਤੀ। ਇਸ ਲਈ ਸਕੂਲ ਵਿੱਚ ਅਕਾਦਮਿਕ ਅਤੇ ਹੋਰ ਗਤੀਵਿਧੀਆਂ ਵਧਾਉਣ ਲਈ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ ਅਤੇ ਸਕੂਲ ਨੂੰ ਅਗੇਰੇ ਲਿਜਾਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਇਸ ਯਤਨ ਵਿਚ ਇਲਾਕਾ ਨਿਵਾਸੀਆਂ ਦੀਆਂ ਕੋਸ਼ਿਸ਼ਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਪੀ ਏ ਯੂ ਦੀ ਰਵਾਇਤ ਦਾ ਜ਼ਿਕਰ ਕੀਤਾ। ਦੇਸ਼ ਦੀਆਂ 63 ਯੂਨੀਵਰਸਿਟੀਆਂ ਵਿੱਚੋਂ ਸਿਖਰ ਤੇ ਰਹਿਣ ਬਾਰੇ ਦੱਸਦਿਆਂ ਡਾ ਗੋਸਲ ਨੇ ਇਸ ਸਕੂਲ ਨੂੰ ਵੀ ਅੱਵਲ ਬਣਾਉਣ ਦਾ ਪ੍ਰਣ ਦੁਹਰਾਇਆ।

 

 ਉਨ੍ਹਾਂ ਕਿਹਾ ਕਿ ਇਸ ਸਕੂਲ ਦੇ ਪੜ੍ਹੇ ਬੱਚਿਆਂ ਨੂੰ ਪੀ ਏ ਯੂ ਵਿਚ ਦਾਖਲੇ ਲਈ ਸੀਟਾਂ ਰਾਖਵੀਆਂ ਕੀਤੀਆਂ ਗਈਆਂ ਹਨ। ਕਮਿਊਨਿਟੀ ਸਾਇੰਸ ਕਾਲਜ ਦੇ ਵੱਖ ਵੱਖ ਕੋਰਸਾਂ ਵਿਚ ਦਾਖਲੇ ਅਤੇ ਡਾ. ਗੁਰਦੇਵ ਸਿੰਘ ਖੁਸ਼ ਫਾਉਂਡੇਸ਼ਨ ਵਿੱਚੋਂ ਇਸ ਸਕੂਲ ਦੇ ਦਸਵੀਂ ਵਿਚੋਂ ਅੱਵਲ ਰਹਿਣ ਵਾਲੇ ਬੱਚੇ ਲਈ 10 ਹਜ਼ਾਰ ਦੇ ਇਨਾਮ ਦੀ ਘੋਸ਼ਣਾ ਕੀਤੀ। ਨਾਲ ਹੀ ਖੇਤੀ ਇੰਜਨੀਅਰਿੰਗ ਕਾਲਜ ਵਿੱਚ ਦਾਖਲੇ ਲਈ ਇਸ ਸਕੂਲ ਦੇ ਬੱਚਿਆਂ ਨੂੰ ਪਹਿਲ ਦੇ ਅਧਾਰ ਤੇ ਦਾਖਲ ਕਰਨ ਦਾ ਭਰੋਸਾ ਦਿਵਾਇਆ। ਇਸੇ ਪ੍ਰਸੰਗ ਵਿਚ ਉਨ੍ਹਾਂ ਫੈਸ਼ਨ ਡਿਜ਼ਾਇਨਿੰਗ ਅਤੇ ਖੇਤੀ ਪ੍ਰਬੰਧ ਵਿਚ ਐੱਮ ਬੀ ਏ ਦੀ ਵੀ ਗੱਲ ਕੀਤੀ। ਇਸ ਸਕੂਲ ਦੇ ਬੱਚਿਆਂ ਦੀ ਸਹਾਇਤਾ ਲਈ ਡਾ ਗੋਸਲ ਨੇ ਯੂਨੀਵਰਸਿਟੀਆਂ ਦੇ ਪੁਰਾਣੇ ਵਿਦਿਆਰਥੀਆਂ ਨਾਲ ਗੱਲ ਕਰਨ ਦਾ ਭਰੋਸਾ ਦਿੱਤਾ। ਇਸ ਸਕੂਲ ਦੇ ਬੱਚਿਆਂ ਨੂੰ ਪੀ ਏ ਯੂ ਦਾ ਦੌਰਾ ਕਰਵਾਇਆ ਜਾਵੇਗਾ ਤਾਂ ਜੋ ਉਨ੍ਹਾਂ ਨੂੰ ਆਪਣੀ ਸੰਸਥਾ ਉੱਪਰ ਮਾਣ ਹੋਵੇ। ਆਉਂਦੇ ਦਿਨਾਂ ਵਿਚ ਪੀ ਏ ਯੂ ਵਿਚ ਕਰਵਾਏ ਜਾਣ ਵਾਲੇ ਰਾਸ਼ਟਰੀ ਯੁਵਕ ਮੇਲੇ ਬਾਰੇ ਜਾਣਕਾਰੀ ਦਿੰਦਿਆਂ ਇਸ ਸਕੂਲ ਦੇ ਬੱਚਿਆਂ ਨੂੰ ਉਸ ਸਮਾਗਮ ਦੇ ਪ੍ਰਦਰਸ਼ਨਾਂ ਨੂੰ ਦੇਖਣ ਲਈ ਕੋਸ਼ਿਸ਼ਾਂ ਕਰਨ ਦਾ ਭਰੋਸਾ ਵੀ ਦਿੱਤਾ। ਆਉਂਦੇ ਦਿਨੀਂ ਦਾਖਲਾ ਵਧਾਉਣ ਲਈ ਇਲਾਕਾ ਨਿਵਾਸੀਆਂ ਨੂੰ ਅਪੀਲ ਕਰਦਿਆਂ ਉਨ੍ਹਾਂ ਨੇ ਸਭ ਨੂੰ ਸਹਿਯੋਗ ਲਈ ਕਿਹਾ।

 

ਰਜਿਸਟਰਾਰ ਡਾ ਰਿਸ਼ੀਪਾਲ ਸਿੰਘ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਇਹ ਮਾਣਮੱਤੀ ਘੜੀ ਹੈ ਕਿ ਇਸ ਸਕੂਲ ਨੇ ਆਪਣੀ ਸਥਾਪਨਾ ਦੇ ਪੱਚੀ ਸਾਲ ਮੁਕੰਮਲ ਕੀਤੇ ਹਨ। ਇਸ ਅਰਸੇ ਦੌਰਾਨ ਸਕੂਲ ਵਲੋਂ ਇਲਾਕੇ ਲਈ ਨਿਭਾਈ ਸੇਵਾ ਬੜੀ ਕੀਮਤੀ ਹੈ। ਬੱਚਿਆਂ ਦੀ ਪ੍ਰਤਿਭਾ ਉੱਪਰ ਤਸੱਲੀ ਪ੍ਰਗਟ ਕਰਦਿਆਂ ਰਜਿਸਟਰਾਰ ਨੇ ਇਨ੍ਹਾਂ ਬੱਚਿਆਂ ਨੂੰ ਅੱਗੇ ਲਿਜਾਣ ਲਈ ਯੂਨੀਵਰਸਿਟੀ ਵਲੋਂ ਹਰ ਸੰਭਵ ਸਹਿਯੋਗ ਦਾ ਭਰੋਸਾ ਦਿਵਾਇਆ। 

 

ਕਮਿਊਨਿਟੀ ਸਾਇੰਸ ਕਾਲਜ ਦੇ ਡੀਨ ਡਾ. ਕਿਰਨ ਬੈਂਸ ਨੇ ਵੀ ਇਸ ਸਮਾਰੋਹ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਅੱਜ ਇਸ ਸਕੂਲ ਨੂੰ 25 ਸਾਲ ਪੂਰੇ ਕਰਨ ਤੇ ਮੁਬਾਰਕਬਾਦ ਤਾਂ ਬਣਦੀ ਹੈ ਨਾਲ ਹੀ ਇਸ ਇਲਾਕੇ ਵਿਚ ਦਿੱਤੀਆਂ ਵਿਦਿਅਕ ਸੇਵਾਵਾਂ ਲਈ ਇਸਦੇ ਅਧਿਆਪਕਾਂ ਦੀ ਸ਼ਲਾਘਾ ਕਰਨੀ ਬਣਦੀ ਹੈ। ਪੀ ਏ ਯੂ ਭਾਰਤ ਦੀ ਅੱਵਲ ਖੇਤੀ ਯੂਨੀਵਰਸਿਟੀ ਹੈ ਤੇ ਇਸਦੇ ਸਕੂਲੀ ਅਦਾਰੇ ਨਾਲ ਜੁੜ ਕੇ ਇਨ੍ਹਾਂ ਵਿਦਿਆਰਥੀਆਂ ਵਿਚ ਮਾਣ ਦੀ ਭਾਵਨਾ ਪੈਦਾ ਹੋਣੀ ਚਾਹੀਦੀ ਹੈ। ਪੀ ਏ ਯੂ ਦਾ ਇੱਕੋ ਇੱਕ ਸਕੂਲ ਹੋਣ ਦੇ ਨਾਲ ਨਾਲ ਏਥੋਂ ਦੇ ਤਜਰਬੇਕਾਰ ਅਧਿਆਪਕਾਂ ਦੀ ਅਗਵਾਈ ਵਿੱਚ ਇਹ ਵਿਦਿਆਰਥੀ ਬਿਨਾਂ ਸ਼ੱਕ ਆਪਣੀ ਜ਼ਿੰਦਗੀ ਨੂੰ ਸਫਲਤਾ ਦੀ ਰਾਹ ਤੇ ਤੋਰ ਸਕਣਗੇ। 

 

ਉਨ੍ਹਾਂ ਸਕੂਲ ਦੇ ਪੁਰਾਣੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਮੌਜੂਦਾ ਵਿਦਿਆਰਥੀਆਂ ਨੂੰ ਉਨ੍ਹਾਂ ਤੋਂ ਪ੍ਰੇਰਨਾ ਲੈਣ ਲਈ ਕਿਹਾ। ਖੇਡਾਂ ਦੇ ਖੇਤਰ ਵਿਚ ਸਕੂਲ ਦੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਦਾ ਵੀ ਉਨ੍ਹਾਂ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ।

 

 ਡਾ ਕਿਰਨ ਬੈਂਸ ਨੇ ਕਿਹਾ ਕਿ ਇਹ ਸਕੂਲ ਬਿਨਾਂ ਕਿਸੇ ਮੁਨਾਫ਼ੇ ਦੀ ਲਾਲਸਾ ਤੋਂ ਸੇਵਾ ਭਾਵਨਾ ਨਾਲ ਚਲ ਰਿਹਾ ਹੈ ਜਿਸ ਲਈ ਇਲਾਕੇ ਦੇ ਲੋਕਾਂ ਤੋਂ ਸਹਿਯੋਗ ਦੀ ਲੋੜ ਹੈ। ਉਨ੍ਹਾਂ ਸਕੂਲ ਦੇ ਬਿਹਤਰ ਭਵਿੱਖ ਲਈ ਕਾਮਨਾ ਕੀਤੀ।

 

ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਿਨਾਂ ਕਿਸੇ ਪੇਸ਼ੇਵਰ ਸਿਖਲਾਈ ਦੇ ਇਨ੍ਹਾਂ ਬੱਚਿਆਂ ਵਲੋਂ ਕੀਤੇ ਪ੍ਰਦਰਸ਼ਨ ਦੀ ਸਲਾਹੁਤਾ ਕਰਨੀ ਬਣਦੀ ਹੈ। ਇਨ੍ਹਾਂ ਬੱਚਿਆਂ ਨੂੰ ਪੁਰਸਕਾਰ ਦੇਣ ਲਈ ਪੀ ਏ ਯੂ ਦੇ ਉੱਚ ਅਧਿਕਾਰੀਆਂ ਦਾ ਇਸ ਇਲਾਕੇ ਵਿਚ ਆਉਣ ਲਈ ਵੀ ਡਾ. ਜੌੜਾ ਨੇ ਧੰਨਵਾਦ ਕੀਤਾ। 

 

ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਇਸ ਸਕੂਲ ਵਿਚ ਆਪਣੇ ਬੱਚੇ ਦਾਖਲ ਕਰਾਉਣ ਲਈ ਅਪੀਲ ਕਰਦਿਆਂ ਕਿਹਾ ਕਿ ਇਸ ਸਕੂਲ ਨਾਲ ਜੁੜਿਆ ਪੀ ਏ ਯੂ ਦੀ ਵਿਰਾਸਤ ਬੱਚਿਆਂ ਦੀ ਸੁਚੱਜੀ ਅਕਾਦਮਿਕ ਪਰਵਰਿਸ਼ ਦਾ ਅਹਿਦ ਬਣਦੀ ਹੈ।

 

ਇਸ ਤੋਂ ਇਲਾਵਾ ਸ. ਨਵਤੇਜ ਸਿੰਘ ਕਾਉਣੀ, ਸਾਬਕਾ ਪ੍ਰਿੰਸੀਪਲ ਸ਼੍ਰੀਮਤੀ ਪਰਮਜੀਤ ਕੌਰ ਸੰਧੂ, ਸ਼੍ਰੀਮਤੀ ਸੀਮਾ ਚਾਵਲਾ ਸ਼੍ਰੀ ਰਾਜੇਸ਼ ਜੈਨ ਅਤੇ ਅਧਿਆਪਕ ਮਾਪੇ ਐਸੋਸੀਏਸ਼ਨ ਦੇ ਮੈਂਬਰ ਸ਼੍ਰੀਮਤੀ  ਕੁਲਦੀਪ ਕੌਰ ਨੇ ਵੀ ਸੰਬੋਧਨ ਕੀਤਾ।

ਸਕੂਲ ਦੀ ਸ਼ੁਰੂਆਤ ਤੋਂ ਜੁੜੇ ਮੋਢੀ ਮੈਂਬਰਾਂ ਦਾ ਵੀ ਇਸ ਮੌਕੇ ਸਨਮਾਨ ਕੀਤਾ ਗਿਆ। ਸਮਾਗਮ ਦੌਰਾਨ ਇਲਾਕੇ ਭਰ ਤੋਂ ਭਾਰੀ ਮਾਤਰਾ ਵਿਚ ਅਗਾਂਹਵਧੂ ਕਿਸਾਨ ਵੀ ਸ਼ਾਮਿਲ ਹੋਏ।  

 

ਇਸ ਮੌਕੇ ਸੰਸਥਾਈ ਸੰਪਰਕ ਦੇ ਸਹਿਯੋਗੀ ਨਿਰਦੇਸ਼ਕ ਡਾ ਵਿਸ਼ਾਲ ਬੈਕਟਰ, ਡਾ. ਜਗਦੀਪ ਸਿੰਘ ਸੰਧੂ, ਸੱਭਿਆਚਾਰਕ ਗਤੀਵਿਧੀਆਂ ਦੇ ਇੰਚਾਰਜ ਡਾ. ਜਸਵਿੰਦਰ ਕੌਰ ਬਰਾੜ ਅਤੇ ਪੱਤਰਕਾਰੀ ਵਿਭਾਗ ਦੇ ਪ੍ਰੋਫੈਸਰ ਡਾ ਸ਼ੀਤਲ ਥਾਪਰ,  ਕ੍ਰਿਸ਼ੀ ਵਿਗਿਆਨ ਕੇਂਦਰ ਮੁਕਤਸਰ ਸਾਹਿਬ ਦੇ ਡਾ ਕਰਮਜੀਤ ਸ਼ਰਮਾ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਦੇ ਡਾ. ਅਜੀਤਪਾਲ ਸਿੰਘ ਧਾਲੀਵਾਲ , ਡਾ ਗੁਰਮੀਤ ਸਿੰਘ ਢਿੱਲੋਂ, ਡਾ. ਸਰਵਪ੍ਰਿਆ ਸਿੰਘ ਅਤੇ ਇਲਾਕੇ ਦੇ ਪਤਵੰਤਿਆਂ ਤੋਂ ਇਲਾਵਾ ਵਿਦਿਆਰਥੀਆਂ ਦੇ ਮਾਪੇ ਤੇ ਹੋਰ ਨਾਗਰਿਕ ਵੱਡੀ ਗਿਣਤੀ ਵਿਚ ਹਾਜ਼ਰ ਸਨ।

 

ਇਸ ਮੌਕੇ ਬੀਤੇ ਵਰ੍ਹੇ ਵਿਚ ਵੱਖ ਵੱਖ ਖੇਤਰਾਂ ਅਕਾਦਮਿਕ, ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਵਿਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ। ਵਿਦਿਆਰਥੀਆਂ ਨੇ ਰੰਗਾ ਰੰਗ ਪ੍ਰੋਗਰਾਮ ਨਾਲ ਸੱਭਿਆਚਾਰ ਦੇ ਵਿਭਿੰਨ ਰੰਗਾਂ ਦੀ ਪੇਸ਼ਕਾਰੀ ਕੀਤੀ। ਸ਼ਬਦ ਕੀਰਤਨ ਨਾਲ ਸ਼ੁਰੂ ਹੋਏ ਸਮਾਰੋਹ ਵਿਚ ਲੋਕ ਗੀਤ, ਭੰਗੜਾ, ਗਿੱਧਾ, ਹਰਿਆਣਵੀ ਨਾਚ, ਰਾਜਸਥਾਨੀ ਨਾਚ, ਸਕਿੱਟ ਤੇ ਪੱਛਮੀ ਨਾਚ ਪੇਸ਼ ਕੀਤਾ ਗਿਆ। ਸਮਾਰੋਹ ਦਾ ਸੰਚਾਲਨ ਸ਼੍ਰੀਮਤੀ ਨਵਨੀਤ ਸ਼ਰਮਾ ਅਤੇ ਸ਼੍ਰੀਮਤੀ ਰਮਨਦੀਪ ਕੌਰ ਵਲੋਂ ਕੀਤਾ ਗਿਆ।


 

 



 

Story You May Like