The Summer News
×
Friday, 10 May 2024

‘ਅਜ਼ਾਦੀ ਕਾ ਅੰਮ੍ਰਿਤ’ ਮਹਾਂਉਤਸਵ ਦੇ ਤਹਿਤ ਰਾਸ਼ਟਰੀ ਰਾਜ ਮਾਰਗਾਂ ਦੇ ਨਾਲ ਰੁੱਖ ਲਗਾਉਣ ਦੀ ਮੁਹਿੰਮ ਹੋਈ ਸ਼ੁਰੂ

ਲੁਧਿਆਣਾ, 17 ਜੁਲਾਈ  – ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨ.ਐਚ.ਏ.ਆਈ.), ਲੁਧਿਆਣਾ ਵੱਲੋਂ ਅਜ਼ਾਦੀ ਦਾ ਅੰਮ੍ਰਿਤ ਮਹੋਤਸਵ (ਏ.ਕੇ.ਏ.ਐਮ.) ਤਹਿਤ ਅੱਜ ਜ਼ਿਲ੍ਹੇ ਦੇ ਹਾਈਵੇਅ ਦੇ ਨਾਲ-ਨਾਲ ਬੂਟੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ।


ਲਾਡੋਵਾਲ ਟੋਲ ਪਲਾਜ਼ਾ ਵਿਖੇ ਮੁਹਿੰਮ ਦੀ ਅਗਵਾਈ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀ ਅਮਿਤ ਕੁਮਾਰ ਪੰਚਾਲ ਵੱਲੋਂ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਦੇ ਪ੍ਰੋਜੈਕਟ ਡਾਇਰੈਕਟਰ ਸ੍ਰੀ ਕੇ.ਐਲ. ਸਚਦੇਵਾ ਦੇ ਨਾਲ ਲਾਡੋਵਾਲ ਟੋਲ ਪਲਾਜ਼ਾ ਦੇ ਦੋਵੇਂ ਪਾਸੇ ਬੂਟੇ ਲਗਾਏ ਗਏ.


ਸ੍ਰੀ ਪੰਚਾਲ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਦੇ 75ਵੀਂ ਵਰ੍ਹੇਗੰਢ ਨੂੰ ਮਨਾਉਣ ਲਈ ਅਜ਼ਾਦੀ ਦਾ ਅੰਮ੍ਰਿਤ ਮਹੋਤਸਵ (ਏ.ਕੇ.ਏ.ਐਮ.) ਤਹਿਤ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਦਾ ਇੱਕ ਹਿੱਸਾ ਹੈ, ਜਿਸ ਵਿੱਚ ਅੱਜ 2080 ਬੂਟੇ ਲਗਾਏ ਗਏ। ਉਨ੍ਹਾਂ ਕਿਹਾ ਕਿ ਵਾਤਾਵਰਨ ਵਿੱਚ ਪ੍ਰਦੂਸ਼ਣ ਦੀ ਰੋਕਥਾਮ ਦੇ ਨਾਲ-ਨਾਲ ਹਰਿਆਵਲ ਵਧਾਉਣ ਲਈ ਇਹ ਮੁਹਿੰਮ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਜ਼ਿਲ੍ਹੇ ਵਿੱਚ ਇਸ ਮੌਨਸੂਨ ਦੌਰਾਨ ਵੱਡੇ ਪੱਧਰ ‘ਤੇ ਪੌਦੇ ਲਗਾਉਣ ਦੀ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਲੋਕਾਂ ਨੂੰ ਇਸ ਕਾਰਜ਼ ਵਿੱਚ ਪ੍ਰਸ਼ਾਸਨ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਅਤੇ ਆਪਣੇ ਇਲਾਕੇ ਵਿੱਚ ਬੂਟੇ ਲਗਾਉਣ ਦਾ ਸੱਦਾ ਦਿੱਤਾ।


ਉਨ੍ਹਾ ਐਨ.ਜੀ.ਓ. ‘ਲੈਟਸ ਕਲੀਨ ਲੁਧਿਆਣਾ ਫਾਊਂਡੇਸ਼ਨ ਦੇ ਚੇਅਰਪਰਸਨ ਸ੍ਰੀ ਮ੍ਰਿਦੁਲਾ ਜੈਨ ਦੇ ਸਹਿਯੋਗ ਲਈ ਵੀ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਜਿਨ੍ਹਾਂ ਲੁਧਿਆਣਾ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਪੌਦੇ ਲਗਾਏ।


ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਲੁਧਿਆਣਾ ਦੇ ਪ੍ਰੋਜੈਕਟ ਡਾਇਰੈਕਟਰ ਸ੍ਰੀ ਕੇ.ਐਲ. ਸਚਦੇਵਾ ਨੇ ਕਿਹਾ ਕਿ ਇਹ ਮੁਹਿੰਮ ਦੇਸ਼ ਭਰ ਵਿੱਚ ਵਾਤਾਵਰਣ ਪੱਖੀ ਹਾਈਵੇਅ ਵਿਕਸਤ ਕਰਨ ਲਈ ਚਲਾਈ ਗਈ ਹੈ ਅਤੇ ਕਿਹਾ ਕਿ ਬੂਟਿਆਂ ਦੀ ਸਹੀ ਸੰਭਾਲ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ।


Story You May Like