The Summer News
×
Monday, 20 May 2024

ਰਾਏਕੋਟ ਤਹਿਸੀਲ ਦੇ ਬਲਾਕ ਪੱਖੋਵਾਲ ਦੇ ਪਿੰਡ ਖੰਡੂਰ ਦਾ ਕਿਸਾਨ ਸੰਭੂ ਬਾਰਡਰ ’ਤੇ ਹੋਇਆ ਸ਼ਹੀਦ

ਹਰਿਆਣੇ ਦੇ ਬਾਰਡਰਾਂ ’ਤੇ ਚੱਲ ਰਹੇ ਕਿਸਾਨੀ ਮੋਰਚੇ ਦੌਰਾਨ ਆਏ ਦਿਨ ਕਿਸੇ ਨਾ ਕਿਸੇ ਕਿਸਾਨ ਦੇ ਸ਼ਹੀਦ ਹੋਣ ਦਾ ਦੁੱਖਦਾਈ ਸਮਾਚਾਰ ਸਾਹਮਣੇ ਆ ਰਿਹਾ ਹੈ, ਅਜਿਹਾ ਹੀ ਇੱਕ ਮਾਮਲਾ ਰਾਜਪੁਰਾ ਨਜ਼ਦੀਕ ਸੰਭੂ ਬਾਰਡਰ ’ਤੇ ਅੱਜ ਸਵੇਰੇ ਉਸ ਸਮੇਂ ਸਾਹਮਣੇ ਆਇਆ, ਜਦੋਂ ਰਾਏਕੋਟ ਤਹਿਸੀਲ ਅਧੀਨ ਪੈਂਦੇ ਬਲਾਕ ਪੱਖੋਵਾਲ ਦੇ ਪਿੰਡ ਖੰਡੂਰ ਦਾ ਬਜ਼ੁਰਗ ਕਿਸਾਨ ਬਿਸਨ ਸਿੰਘ(81) ਪੂਰਨ ਸਿੰਘ ਹੰਝੂ ਗੈਸ ਦੇ ਗੋਲੇ ਨਾਲ ਦਮ ਘੁਟਣ ਕਾਰਨ ਸ਼ਹੀਦ ਹੋ ਗਿਆ। ਮਿ੍ਰਤਕ ਕਿਸਾਨ ਭਾਰਤੀ ਕਿਸਾਨ ਯੂਨੀਅਨ(ਸਿੱਧੂਪੁਰ) ਦਾ ਸਰਗਰਮ ਮੈਂਬਰ ਸੀ ਅਤੇ ਕਿਸਾਨੀ ਮੋਰਚੇ ਦੀ ਆਰੰਭਤਾ ਤੋਂ ਸੰਭੂ ਬਾਰਡਰ ’ਤੇ ਡੱਟਿਆ ਹੋਇਆ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਹੰਝੂ ਗੈਸ ਦੇ ਸੁੱਟੇ ਗੋਲੇ ਦੇ ਧੂੰਏ ਕਾਰਨ ਉਸ ਨੂੰ ਸਾਹ ਲੈਣ ਵਿਚ ਦਿਕਤ ਪੇਸ਼ ਆਉਣ ਲੱਗ ਪਈ ਅਤੇ ਪਟਿਆਲਾ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਜਿੱਥੇ ਅੱਜ ਸਵੇਰੇ 5 ਵਜੇ ਉਹ ਦਮ ਤੋੜ ਗਿਆ। ਉਨ੍ਹਾਂ ਦੱਸਿਆ ਕਿ ਸ਼ਹੀਦ ਕਿਸਾਨ ਸਿਰਫ ਇੱਕ ਏਕੜ ਜ਼ਮੀਨ ਦਾ ਮਾਲਕ ਸੀ ਪਰ ਕਿਸਾਨੀ ਹੱਕਾਂ ਲਈ ਲੜਨ ਦਾ ਜਜ਼ਬਾ ਪੂਰਾ ਸੀ ਅਤੇ ਕਿਸਾਨੀ ਸੰਘਰਸ਼ ਵਿਚ ਮੋਹਰੀ ਰਹਿੰਦਾ ਸੀ। ਕਿਸਾਨ ਦੇ ਪਰਿਵਾਰਿਕ ਮੈਂਬਰਾਂ ਨੇ ਮੰਗ ਕੀਤੀ ਕਿ ਕਿਸਾਨ ਦੀ ਮੌਤ ਤੋਂ ਬਾਅਦ ਬਣਦਾ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਅੱਜ ਕਿਸਾਨ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਕੱਲ੍ਹ ਸਵੇਰੇ ਮੰਗਲਵਾਰ ਨੂੰ ਉਸਦਾ ਅੰਤਿਮ ਸਸਕਾਰ ਜੱਦੀ ਪਿੰਡ ਖੰਡੂਰ ਵਿਖੇ ਕੀਤਾ ਜਾਵੇਗਾ।

Story You May Like