The Summer News
×
Tuesday, 21 May 2024

ਭਾਸ਼ਾ ਵਿਭਾਗ ਵੱਲੋਂ ਭਾਸ਼ਾ ਚੇਤਨਾ ਰੈਲੀ ਕੱਢੀ ਗਈ

ਲੁਧਿਆਣਾ, 15 ਫਰਵਰੀ – 21 ਫ਼ਰਵਰੀ, 2023 ਅੰਤਰ-ਰਾਸ਼ਟਰੀ ਮਾਤ ਭਾਸ਼ਾ ਦਿਵਸ ਤੋਂ ਪਹਿਲਾਂ ਪਹਿਲਾਂ ਸਾਰੇ ਸਰਕਾਰੀ ਅਤੇ ਅਰਧ ਸਰਕਾਰੀ ਅਦਾਰਿਆਂ/ਨਿਗਮਾਂ/ਬੋਰਡਾਂ/ਕਾਰਪੋਰੇਸ਼ਨਾਂ ਅਤੇ ਵਪਾਰਕ ਅਦਾਰਿਆਂ ਦੇ ਬੋਰਡ ਅਤੇ ਨਾਮ ਪੱਟੀਆਂ ਆਦਿ ਪੰਜਾਬੀ ਭਾਸ਼ਾ/ਗੁਰਮੁਖੀ ਲਿਪੀ ਵਿੱਚ ਲਿਖੇ ਜਾਣ ਲਈ ਡਾਇਰੈਕਟਰ, ਭਾਸ਼ਾ ਵਿਭਾਗ , ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਲੁਧਿਆਣਾ ਵੱਲੋਂ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਮਾਡਲ ਟਾਊਨ ਲੁਧਿਆਣਾ ਦੇ ਸਹਿਯੋਗ ਨਾਲ ਮਾਡਲ ਟਾਉਨ ਇਲਾਕੇ ਵਿੱਚ ਰੈਲੀ ਕੱਢੀ ਗਈ।


ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਸੰਦੀਪ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ 21 ਫ਼ਰਵਰੀ, 2023 ਅੰਤਰ-ਰਾਸ਼ਟਰੀ ਮਾਤ ਭਾਸ਼ਾ ਦਿਵਸ ਤੋਂ ਪਹਿਲਾਂ ਪਹਿਲਾਂ ਸਾਰੇ ਸਰਕਾਰੀ ਅਤੇ ਅਰਧ ਸਰਕਾਰੀ ਅਦਾਰਿਆਂ/ਨਿਗਮਾਂ/ਬੋਰਡਾਂ/ਕਾਰਪੋਰੇਸ਼ਨਾਂ ਅਤੇ ਵਪਾਰਕ ਅਦਾਰਿਆਂ ਦੇ ਬੋਰਡ ਅਤੇ ਨਾਮ ਪੱਟੀਆਂ ਆਦਿ ਪੰਜਾਬੀ ਭਾਸ਼ਾ/ਗੁਰਮੁਖੀ ਲਿਪੀ ਵਿੱਚ ਲਿਖੇ ਜਾਣ ਦਾ ਟੀਚਾ ਮਿੱਥਿਆ ਗਿਆ ਹੈ। ਇਸ ਮੌਕੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸ.ਦਵਿੰਦਰ ਸਿੰਘ ਲੋਟੇ ਵੀ ਉਚੇਰੇ ਤੌਰ ਤੇ ਸ਼ਾਮਿਲ ਹੋਏ।


ਪ੍ਰਿੰਸੀਪਲ ਸ਼੍ਰੀਮਤੀ ਵਿਸ਼ਵਕੀਰਤ ਕਾਹਲੋਂ ਦੁਆਰਾ ਇਸ ਰੈਲੀ ਨੂੰ ਸਾਰਥਕ ਬਣਾਉਣ ਲਈ ਪੂਰਨ ਸਹਿਯੋਗ ਦਿੱਤਾ ਗਿਆ ਜਿਸਦੇ ਤਹਿਤ ਰੈਲੀ ਵਿੱਚ 60 ਦੇ ਲੱਗਭਗ ਵਿਦਿਆਰਥੀ ਅਤੇ ਸਕੂਲ ਸਟਾਫ ਵਿੱਚੋਂ ਸ਼੍ਰੀਮਤੀ ਰੇਖਾ ਬੱਗਾ, ਸ਼੍ਰੀਮਤੀ ਸੁਪਰਜੀਤ ਕੌਰ, ਸ਼੍ਰੀਮਤੀ ਦਮਨਪ੍ਰੀਤ ਕੌਰ, ਸ਼੍ਰੀਮਤੀ ਅਮਨਪ੍ਰੀਤ ਕੌਰ, ਸ਼੍ਰੀਮਤੀ ਨੀਤਿਕਾ ਆਦਿ ਅਧਿਆਪਕ ਸ਼ਾਮਿਲ ਹੋਏ। ਦਫ਼ਤਰ, ਜ਼ਿਲ੍ਹਾ ਭਾਸ਼ਾ ਅਫ਼ਸਰ, ਲੁਧਿਆਣਾ ਦੇ ਸਟਾਫ਼ ਵਿੱਚੋਂ ਸੁਖਦੀਪ ਸਿੰਘ ਅਤੇ ਰਾਜੀਵ ਸ਼ਰਮਾ ਵੀ ਹਾਜ਼ਰ ਰਹੇ।


ਜ਼ਿਲ੍ਹਾ ਅਫ਼ਸਰ ਡਾ. ਸ਼ਰਮਾ ਨੇ ਦੱਸਿਆ ਕਿ ਵਿਦਿਆਰਥੀਆਂ ਦੁਆਰਾ ਮਾਤ ਭਾਸ਼ਾ ਦੇ ਮਹੱਤਵ ਨੂੰ ਦਰਸਾਉਂਦੇ ਬੈਨਰ ਵੀ ਤਿਆਰ ਕੀਤੇ ਗਏ ਅਤੇ ਰੈਲੀ ਦੌਰਾਨ ਮਾਡਲ ਟਾਉਨ ਦੀ ਗੋਲ ਮਾਰਕੀਟ ਦੀਆਂ ਦੁਕਾਨਾਂ ਉੱਤੇ ਜਾ ਕੇ ਦੁਕਾਨ ਮਾਲਕਾਂ ਨੂੰ ਪੰਜਾਬ ਸਰਕਾਰ ਦੀ ਚਿੱਠੀ ਦੀ ਕਾਪੀ ਦੇ ਕੇ ਨਿਰਧਾਰਿਤ ਸਮਾਂ ਸੀਮਾ ਦੇ ਅੰਦਰ-ਅੰਦਰ ਦੁਕਾਨਾਂ ਦੇ ਬੋਰਡਾਂ ਨੂੰ ਪੰਜਾਬੀ ਭਾਸ਼ਾ/ਗੁਰਮੁਖੀ ਲਿੱਪੀ ਵਿੱਚ ਤਬਦੀਲ ਕਰਨ ਲਈ ਪ੍ਰੇਰਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਦੁਕਾਨਦਾਰਾਂ ਨਾਲ਼ ਗੱਲ ਕਰਦਿਆਂ ਉਨ੍ਹਾ ਦਾ ਸਕਾਰਾਤਮਕ ਰਵੱਈਆ ਵੇਖਣ ਨੂੰ ਮਿਲਿਆ ਅਤੇ ਉਨ੍ਹਾਂ ਵਿੱਚੋਂ ਜ਼ਿਆਦਾਤਰ ਲੋਕਾਂ ਦੁਆਰਾ ਇਹ ਕਾਰਜ਼ ਪਹਿਲ ਦੇ ਅਧਾਰ ਉਤੇ ਕਰਵਾ ਲੈਣ ਦਾ ਭਰੋਸਾ ਵੀ ਦਿੱਤਾ ਗਿਆ।

Story You May Like