The Summer News
×
Monday, 20 May 2024

ਸਕੂਲਾਂ ਦੇ ਬੱਚਿਆਂ ਦੀ ਸੁਰੱਖਿਆ ਤਹਿਤ 17 ਆਟੋ ਰਿਕਸ਼ਾ ਦੇ ਕੀਤੇ ਚਲਾਨ

ਪਟਿਆਲਾ, 13 ਅਪ੍ਰੈਲ :ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਜ਼ਿਲ੍ਹਾ ਪੱਧਰੀ ਸੇਫ਼ ਸਕੂਲ ਵਾਹਨ ਕਮੇਟੀ ਵੱਲੋਂ ਅੱਜ ਲੀਲ੍ਹਾ ਭਵਨ ਦੇ ਨੇੜੇ ਪੈਂਦੇ ਸਕੂਲਾਂ 'ਚ ਬੱਸਾਂ ਅਤੇ ਆਟੋ ਰਿਕਸ਼ਾ ਦੀ ਅਚਨਚੇਤ ਚੈਕਿੰਗ ਕੀਤੀ ਗਈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਡਾ. ਸ਼ਾਇਨਾ ਕਪੂਰ ਨੇ ਦੱਸਿਆ ਕਿ ਸੇਫ਼ ਸਕੂਲ ਵਾਹਨ ਪਾਲਿਸੀ ਚੈਕਿੰਗ ਵਿੱਚ ਆਮ ਤੌਰ 'ਤੇ ਇਹ ਸਾਹਮਣੇ ਆਉਂਦਾ ਹੈ ਕਿ ਸਕੂਲ ਪ੍ਰਬੰਧਕ ਆਪਣੀਆਂ ਬੱਸਾਂ ਨੂੰ ਨਿਯਮਾਂ ਅਨੁਸਾਰ ਨਹੀ ਚਲਾ ਰਹੇ ਇਹਨਾ ਬੱਸਾਂ ਦੇ ਚਲਾਨ ਸਮੇਂ-ਸਮੇਂ 'ਤੇ ਕੀਤੇ ਜਾ ਰਹੇ ਹਨ।


ਇਸਦੇ ਨਾਲ ਹੀ ਇਹ ਵੀ ਦੇਖਣ ਵਿੱਚ ਆਇਆ ਹੈ ਕਿ ਆਟੋ ਰਿਕਸ਼ਾ ਸਕੂਲੀ ਬੱਚਿਆਂ ਨੂੰ ਓਵਰਲੋਡ ਕਰਕੇ ਲੈ ਜਾ ਰਹੇ ਹਨ ਜਿਸ ਕਾਰਨ ਹਾਦਸੇ ਵਾਪਰਦੇ ਹਨ ਇਸ ਤਹਿਤ ਅੱਜ 17 ਆਟੋ ਰਿਕਸ਼ਾ ਦੇ ਚਲਾਨ ਕੱਟੇ ਗਏ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਨਾਲ਼ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਸਖ਼ਤੀ ਅੱਗੇ ਵੀ ਬਰਕਰਾਰ ਰਹੇਗੀ। ਇਸਦੇ ਨਾਲ਼ ਹੀ ਬੱਚਿਆਂ ਦੇ ਮਾਪਿਆਂ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਅਣਸੁਰੱਖਿਅਤ ਵਾਹਨਾਂ ਵਿੱਚ ਬੱਚਿਆਂ ਨੂੰ ਨਾ ਭੇਜਣ। ਇਸ ਮੌਕੇ ਇਸ ਟੀਮ ਵਿੱਚ ਬਾਲ ਸੁਰੱਖਿਆ ਦਫ਼ਤਰ ਵਲੋਂ ਬਾਲ ਸੁਰੱਖਿਆ ਅਫ਼ਸਰ (ਆਈ.ਸੀ) - ਰੂਪਵੰਤ ਕੌਰ, ਡਾਟਾ ਐਨਾਲਿਸਟ - ਪ੍ਰਦੀਪ ਕੁਮਾਰ, ਏ.ਐਸ.ਆਈ ਦਰਸ਼ਨ ਸਿੰਘ, ਏ.ਐਸ.ਆਈ ਅਵਤਾਰ ਸਿੰਘ, ਅਤੇ ਟਰਾਂਸਪੋਰਟ ਵਿਭਾਗ ਤੋਂ ਪ੍ਰਵੀਨ ਕੁਮਾਰ ਸ਼ਾਮਿਲ ਸਨ।

Story You May Like