The Summer News
×
Thursday, 16 May 2024

ਜਾਣੋ ਕਦੋ ਕੱਢਿਆ ਜਾਵੇਗਾ ਸੁਲਤਾਨਪੁਰ ਲੋਧੀ ਵਿਖੇ “ਕੇਸਰੀ ਦਸਤਾਰ ਮੋਟਰ ਸਾਈਕਲ ਮਾਰਚ “

ਸੁਲਤਾਨਪੁਰ ਲੋਧੀ 6 ਅਗਸਤ ( ਸੁਰਿੰਦਰ ਬੱਬੂ ) : ਇਸ ਮਾਰਚ ਵਿਚ ਨੌਜਵਾਨੀ ਨੂੰ ਸ਼ਾਮਲ ਹੋਣ ਦੀ ਅਪੀਲ ਕਰਦਿਆਂ ਪਾਲ ਸਿੰਘ ਫਰਾਂਸ ਨੇ ਦੱਸਿਆ ਕਿ ਦਸਤਾਰ ਸਿੱਖੀ ਦੀ ਆਨ ਸ਼ਾਨ ਅਤੇ ਪਹਿਚਾਣ ਹੈ। ਦਸਤਾਰ ਦੀ ਦਾਤ , ਦਸ ਗੁਰੂ ਸਾਹਿਬਾਨਾਂ, ਸਿੱਖਾਂ, ਸਿੰਘਾਂ ਤੇ ਸ਼ਹੀਦਾਂ ਵੱਲੋਂ ਬਖਸ਼ਿਆ ਮਾਣ ਤੇ ਸਤਿਕਾਰ ਹੈ। ਅੱਜ ਬਹੁਤ ਹੀ ਦੁੱਖ ਤੇ ਚਿੰਤਾ ਦਾ ਵਿਸ਼ਾ ਹੈ ਕਿ ਸਿੱਖਾਂ ਤੇ ਖ਼ਾਸ ਕਰ ਸਿੱਖ ਬੱਚਿਆਂ ਦੇ ਸਿਰਾਂ ਤੋਂ ਦਸਤਾਰਾਂ ਤੇ ਕੇਸਕੀਆਂ ਅਲੋਪ ਹੋ ਰਹੀਆਂ ਹਨ।


ਉਨ੍ਹਾਂ ਆਖਿਆ ਕਿ ਵਿਦੇਸ਼ਾਂ ਵਿਚ ਸਿੱਖ ਦਸਤਾਰ ਦੇ ਮਾਣ ਸਨਮਾਨ ਲਈ ਲੜਾਈ ਲੜ ਰਹੇ ਹਨ ,ਪਰ ਪੰਜਾਬ ਵਿਚ ਸ਼੍ਰੋਮਣੀ ਸਿੱਖ ਸੰਸਥਾਵਾਂ ਅਤੇ ਅਖੌਤੀ ਪੰਥਕ ਸਰਕਾਰਾਂ ਦੀ ਸਾਜ਼ਿਸ਼ੀ ਅਣਗਹਿਲੀ ਨੇ ਦਸਤਾਰਾਂ ਰੋਲ ਕੇ ਰੱਖ ਦਿੱਤੀਆਂ ਹਨ। ਪੰਜਾਬ ਅਤੇ ਦੇਸ਼ ਵਿਦੇਸ਼ ਵਿੱਚ ਸਿੱਖ ਇਤਿਹਾਸ ਅਤੇ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਰਾਹੀਂ ਹੀ ਸਿੱਖ ਪੰਥ ਅਤੇ ਦਸਤਾਰ ਫੁਲਵਾੜੀ ਨੂੰ ਬਚਾਇਆ ਅਤੇ ਵਧਾਇਆ ਫੁਲਾਇਆ ਜਾ ਸਕਦਾ ਸੀ, ਪਰ ਅਜਿਹਾ ਨਹੀਂ ਹੋਇਆ । ਸਾਡੇ ਸਿੱਖ ਆਗੂਆਂ ਨੇ ਆਪਣੇ ਸੌੜੇ ਰਾਜਸੀ ਹਿੱਤਾਂ ਅਤੇ ਲਾਲਚਾਂ ਤੇ ਸਵਾਰਥਾਂ ਕਰਕੇ ਇਸ ਪਾਸੇ ਧਿਆਨ ਨਹੀਂ ਦਿੱਤਾ । ਅੱਜ ਹਾਲਾਤ ਇਹ ਬਣ ਗਏ ਹਨ ਕਿ ਸਿੱਖ ਆਪਣੇ ਘਰ ਪੰਜਾਬ ਵਿਚ ਹੀ ਘੱਟ ਗਿਣਤੀ ਵੱਲ ਵੱਧ ਰਹੇ ਹਨ। ਇਥੋਂ ਦੇ ਹਾਲਾਤ ਨਸ਼ੇ, ਬੇਰੋਜ਼ਗਾਰੀ ਤੇ ਅਸੁਰੱਖਿਆ ਦੀ ਭਾਵਨਾ ਨੇ ਪੰਜਾਬੀਆਂ ਦਾ ਮੋਹ ਪੰਜਾਬ ਨਾਲੋਂ ਤੋੜ ਦਿੱਤਾ ਹੈ। ਸਾਨੂੰ ਸਾਰਿਆਂ ਤੇ ਖਾਸ ਕਰ ਸਾਡੇ ਸਿੱਖ ਆਗੂਆਂ ਤੇ ਸੰਸਥਾਵਾਂ ਨੂੰ ਇਸ ਪਾਸੇ ਤੁਰੰਤ ਵੇਖਣ ਤੇ ਤਵੱਜੋ ਦੇਣ ਦੀ ਲੋੜ ਹੈ।


ਇਹ ਮਾਰਚ ਸਵੇਰੇ 8 ਵਜੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਸ਼ੁਰੂ ਹੋਵੇਗਾ ਅਤੇ ਗੋਇੰਦਵਾਲ ਸਾਹਿਬ, ਖਡੂਰ ਸਾਹਿਬ ਅਤੇ ਤਰਨਤਾਰਨ ਤੋਂ ਹੁੰਦਾ ਹੋਇਆ ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜੇਗਾ । ਇਸ ਮੌਕੇ 14 ਅਗਸਤ ਦਿਨ ਐਤਵਾਰ ਨੂੰ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਦਸਤਾਰ ਸਿਖਲਾਈ ਕੈਂਪ ਅਤੇ ਦਸਤਾਰਾਂ ਦਾ ਲੰਗਰ ਵੀ ਲਗਾਇਆ ਜਾਵੇਗਾ ਅਤੇ ਚਾਹਵਾਨ ਸੰਗਤਾਂ ਦੇ ਦਸਤਾਰਾਂ ਵੀ ਬੰਨੀਆਂ ਜਾਣਗੀਆ ।


ਇਸ ਮੌਕੇ ਬਲਵਿੰਦਰ ਸਿੰਘ ਮੈਂਬਰ ਲੋਕ ਅਧਿਕਾਰ ਲਹਿਰ ਨੇ ਦੱਸਿਆ ਕਿ ਪਿਛਲੇ ਦਿਨੀਂ ਬਹੁਤ ਸਾਰੇ ਸਿੱਖ ਆਗੂਆਂ ਨਾਲ ਵਿਚਾਰ ਵਟਾਂਦਰਾ ਕਰਕੇ, ਦਰਬਾਰ – ਏ – ਪੰਜਾਬ ਨਾਮ ਹੇਠ ਪੰਥ ਤੇ ਪੰਜਾਬ ਪ੍ਰਸਤ ਲੋਕ ਪੱਖੀ , ਸੰਘਰਸ਼ ਕਰ ਰਹੀਆਂ ਧਿਰਾਂ ਅਤੇ ਜਥੇਬੰਦੀਆਂ ਦੇ ਆਗੂਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਗੁਰਦੀਪ ਸਿੰਘ ਬਠਿੰਡਾ ਅਤੇ ਭਾਈ ਸਤਨਾਮ ਸਿੰਘ ਖੰਡਾ ਇਸ ਲਈ ਯਤਨ ਕਰ ਰਹੇ ਹਨ। ਸਾਡਾ ਸਾਰਿਆਂ ਦਾ ਯਤਨ ਹੈ , ਪੰਜਾਬ ਦੀ ਧਰਤੀ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ, ” ਕਿਰਤ ਕਰੋ , ਨਾਮ ਜਪੋ ਤੇ ਵੰਡ ਛਕੋ ਵਾਲੀ ਸਾਂਝੀਵਾਲਤਾ ” ਵਾਲੀ ਜੀਵਨ ਸ਼ੈਲੀ ਦਾ ਸੁਨੇਹਾ ਸਮਾਜ ਵਿਚ ਜਾਣਾ ਚਾਹੀਦਾ ਹੈ।ਦਸਤਾਰ ਮਾਰਚ ਜਿੱਥੇ ਸਿੱਖੀ ਤੇ ਦਸਤਾਰ ਦੀ ਮਹੱਤਤਾ ਨੂੰ ਦਰਸਾਉਣ ਲਈ ਕੀਤਾ ਜਾ ਰਿਹਾ ਹੈ ਉਥੇ ਪੰਜਾਬੀਆਂ ਦੀ ਇਕਜੁੱਟਤਾ ਲਈ ਤਿਆਰ ਹੋਣ ਦਾ ਅਭਿਆਸ ਵੀ ਇਸ ਵਿੱਚ ਸ਼ਾਮਲ ਹੈ।


 


Story You May Like