The Summer News
×
Tuesday, 21 May 2024

ਪਟਿਆਲਾ ਥਇਏਟਰ ਉਤਸਵ ਜਸਪ੍ਰੀਤ ਸਿੰਘ ਦੀ ਸਟੈਂਡ ਅੱਪ ਕਮੇਡੀ ਨਾਲ ਦਰਸ਼ਕਾਂ ਨੂੰ ਹਸਾਉਂਦਾ ਹੋਇਆ ਸਮਾਪਤ

ਪਟਿਆਲਾ, 15 ਫਰਵਰੀ: ਪਟਿਆਲਾ ਹੈਰੀਟੇਜ ਫੈਸਟੀਵਲ-2023 ਦੇ ਸਮਾਰੋਹਾਂ ਦੀ ਲੜੀ ਤਹਿਤ ਤਿੰਨ ਦਿਨਾਂ ਪਟਿਆਲਾ ਥਇਏਟਰ ਫੈਸਟੀਵਲ ਨੌਜਵਾਨ ਕਮੇਡੀਅਨ ਜਸਪ੍ਰੀਤ ਸਿੰਘ ਦੀ ਸਟੈਂਡਅਪ ਕਮੇਡੀ ਨਾਲ ਦਰਸ਼ਕਾਂ ਨੂੰ ਹਸਾਉਂਦਾ ਹੋਇਆ ਬੀਤੀ ਰਾਤ ਇੱਥੇ ਹਰਪਾਲ ਟਿਵਾਣਾ ਕਲਾ ਕੇਂਦਰ ਵਿਖੇ ਸਮਾਪਤ ਹੋ ਗਿਆ। ਇਸ ਸਮਾਗਮ ਦੀ ਸ਼ੁਰੂਆਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਭੈਣ ਬੀਬਾ ਮਨਪ੍ਰੀਤ ਕੌਰ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਜਸਪ੍ਰੀਤ ਸਿੰਘ ਤੇ ਉੱਘੇ ਰੰਗਮੰਚ ਕਲਾਕਾਰ ਮਨਪਾਲ ਟਿਵਾਣਾ ਵੱਲੋਂ ਦੀਪ ਜਲਾਉਣ ਰਸਮ ਅਦਾ ਕਰਨ ਉਪਰੰਤ ਹੋਈ।


ਜਸਪ੍ਰੀਤ ਸਿੰਘ ਨੇ ਆਪਣੀ ਕਮੇਡੀ ਦਾ ਜਲਵਾ ਦਿਖਾਉਂਦੇ ਹੋਏ ਦਰਸ਼ਕਾਂ ਨੂੰ ਹਸਾ ਕੇ ਢਿੱਡੀਂ ਪੀੜਾਂ ਪਾਈਆਂ। ਉਸ ਨੇ ਆਪਣੇ ਵੱਖਰੇ ਅੰਦਾਜ 'ਚ ਦਰਸ਼ਕਾਂ ਨੂੰ ਹਸਾਇਆ ਅਤੇ ਸ਼ਰਾਬ ਸਮੇਤ ਹੋਰ ਨਸ਼ਿਆਂ ਤੋਂ ਦੂਰ ਰਹਿਣ ਅਤੇ ਨੌਜਵਾਨਾਂ ਨੂੰ ਮੋਬਾਇਲ ਤੇ ਇੰਟਰਨੈਟ ਸਮੇਤ ਆਧੁਨਿਕ ਸੰਚਾਰ ਯੰਤਰਾਂ ਦੀ ਸਦਵਰਤੋਂ ਕਰਨ ਦਾ ਸੁਨੇਹਾ ਵੀ ਦਿੱਤਾ। ਜਸਪ੍ਰੀਤ ਸਿੰਘ ਨੇ ਆਪਣੀ ਪਰਿਵਾਰਕ ਉਦਾਹਰਣ ਦਿੰਦਿਆਂ ਖੋ ਰਹੀਆਂ ਪਰਿਵਾਰਕ ਸਾਂਝਾਂ 'ਤੇ ਵੀ ਟਕੋਰ ਕੀਤੀ।


ਪਟਿਆਲਾ ਥਇਏਟਰ ਫੈਸਟੀਵਲ ਦੇ ਪਹਿਲੇ ਦਿਨ ਪ੍ਰਸਿੱਧ ਰੰਗਮੰਚ ਕਲਾਕਾਰ ਨਿਰਮਲ ਰਿਸ਼ੀ ਤੇ ਮਨਪਾਲ ਟਿਵਾਣਾ ਦੇ ਨਾਟਕ ਅੰਮੀ ਦਾ ਸਫ਼ਲ ਮੰਚਨ ਹੋਇਆ ਜਦਕਿ ਦੂਜੇ ਦਿਨ ਪੰਜਾਬੀ ਯੂਨੀਵਰਸਿਟੀ ਥਇਏਟਰ ਤੇ ਟੈਲੀਜਿਨ ਵਿਭਾਗ ਦੇ ਮੁਖੀ ਡਾ. ਜਸਪਾਲ ਕੌਰ ਦਿਉਲ ਦੇ ਵਿਉਂਤੇ ਅਤੇ ਨਾਟਕਕਾਰ-ਨਿਰਦੇਸ਼ਕ ਦਵਿੰਦਰ ਦਮਨ ਦੇ ਨਾਟਕ 'ਵਾਰਿਸ ਸ਼ਾਹ-ਸੁਖਨ ਦਾ ਵਾਰਿਸ' ਨਾਟਕ ਖੇਡਿਆ ਗਿਆ। ਇਸ ਮੌਕੇ ਰੰਗਲਾ ਪੰਜਾਬ ਕਰਾਫ਼ਟ ਮੇਲੇ ਦਾ ਪੋਸਟਰ ਵੀ ਜਾਰੀ ਕੀਤਾ ਗਿਆ।


ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਇਸ ਪਟਿਆਲਾ ਹੈਰੀਟੇਜ ਮੇਲੇ ਅਧੀਨ ਕਰਵਾਏ ਗਏ ਥਇਏਟਰ ਉਤਸਵ ਦਾ ਮੰਤਵ ਸਾਡੀ ਨੌਜਵਾਨ ਪੀੜ੍ਹੀ ਨੂੰ ਸਾਡੀ ਵਿਰਾਸਤ ਨਾਲ ਜੋੜਨਾਂ ਤਾਂ ਹੈ ਹੀ ਬਲਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚਿਤਵੇ ਰੰਗਲਾ ਪੰਜਾਬ ਦੇ ਸੁਪਨੇ ਨੂੰ ਵੀ ਸਾਕਾਰ ਕਰਨਾ ਹੈ। ਸਾਕਸ਼ੀ ਸਾਹਨੀ ਨੇ ਪਟਿਆਲਵੀਆਂ ਨੂੰ ਹੈਰੀਟੇਜ ਫੈਸਟੀਵਲ ਦਾ ਆਨੰਦ ਮਾਨਣ ਦਾ ਸੱਦਾ ਦਿੰਦਿਆਂ ਦੱਸਿਆ ਕਿ ਫਰਵਰੀ 25 ਨੂੰ ਸ਼ੀਸ਼ ਮਹਿਲ ਵਿਖੇ ਰੰਗਲਾ ਪੰਜਾਬ ਕਰਾਫ਼ਟ ਮੇਲਾ, ਪੋਲੋ ਗਰਾਊਂਡ ਵਿਖੇ ਘੋੜ ਸਵਾਰੀ ਦੇ ਕਰਤੱਬ, 26 ਫਰਵਰੀ ਨੂੰ ਟ੍ਰੈਜ਼ਰ ਹੰਟ ਅਤੇ 2 ਤੋਂ 4 ਮਾਰਚ ਤੱਕ ਕਿਲਾ ਮੁਬਾਰਕ ਵਿਖੇ ਸ਼ਾਸ਼ਤਰੀ ਸੰਗੀਤ ਦੇ ਪ੍ਰੋਗਰਾਮ ਕਰਵਾਏ ਜਾਣਗੇ।


ਇਸ ਮੌਕੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਮੇਘ ਚੰਦ ਸ਼ੇਰਮਾਜਰਾ, ਮੇਜਰ ਆਰ.ਪੀ.ਐਸ. ਮਲਹੋਤਰਾ, ਵੂਮੈਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਵੀਰਪਾਲ ਕੌਰ ਚਹਿਲ, ਏ.ਡੀ.ਸੀਜ ਗੌਤਮ ਜੈਨ, ਗੁਰਪ੍ਰੀਤ ਸਿੰਘ ਥਿੰਦ ਤੇ ਈਸ਼ਾ ਸਿੰਘਲ, ਜੁਡੀਸ਼ੀਅਲ ਅਧਿਕਾਰੀ ਅਰੁਣ ਗੁਪਤਾ ਤੇ ਪਲਵਿੰਦਰ ਸਿੰਘ, ਐਸ.ਪੀ. ਸਿਟੀ ਸਰਫ਼ਰਾਜ ਆਲਮ, ਐਸ.ਡੀ.ਐਮ. ਡਾ. ਇਸਮਤ ਵਿਜੇ ਸਿੰਘ ਤੇ ਚਰਨਜੀਤ ਸਿੰਘ, ਸਹਾਇਕ ਕਮਿਸ਼ਨਰ (ਜ) ਕਿਰਪਾਲਵੀਰ ਸਿੰਘ, ਸਹਾਇਕ ਕਮਿਸ਼ਨਰ (ਆਈ.ਏ.ਐਸ. ਯੂ.ਟੀ.) ਡਾ. ਅਕਸ਼ਿਤਾ ਗੁਪਤਾ ਸਮੇਤ ਹੋਰ ਪਤਵੰਤੇ ਤੇ ਦਰਸ਼ਕ ਵੱਡੀ ਗਿਣਤੀ 'ਚ ਮੌਜੂਦ ਸਨ।

Story You May Like