The Summer News
×
Monday, 20 May 2024

ਨਸ਼ੇ ਦੀ ਓਵਰਡੋਜ਼ ਨਾਲ ਵਿਅਕਤੀ ਦੀ ਹੋਈ ਮੌ+ਤ, ਪੜੋ ਖਬਰ

ਤਰਨ ਤਾਰਨ/ ਬਲਜੀਤ ਸਿੰਘ : ਦੱਸ ਦੇਈਏ ਕਿ ਨਸ਼ੇ ਕਰਨ ਵਾਲਿਆਂ ਦੀ ਗਿਣਤੀ ਵੱਧਦੀਹੈ ਜਾਂਦੀ ਹੈ,ਬਹੁਤ ਸਾਰੇ ਲੋਕ ਅਜਿਹੇ ਹਨ ਜਿਨ੍ਹਾਂ ਦੇ ਨਸ਼ਿਆਂ ਕਾਰਨ ਘਰ ਬਰਬਾਦ ਹੋ ਗਏ ਹਨ।ਹਰ ਰੋਜ ਇਨ੍ਹਾਂ ਨਸ਼ਿਆਂ ਕਾਰਨ ਪਤਾ ਨਹੀਂ ਕਿੰਨੇ ਲੋਕਾਂ ਨੂੰ ਜਾਨ ਜਾਂਦੀ ਹੈ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਖੇਮਕਰਨ ਦੇ ਪਿੰਡ ਪੂਹਲਾ ਤੋਂ, ਜਿੱਥੇ ਨਸ਼ੇ ਦੀ ਓਵਰਡੋਜ਼ ਨਾਲ 45 ਸਾਲਾ ਵਿਅਕਤੀ ਦੀ ਮੌਤ ਹੋ ਗਈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਨਸ਼ੇ ਦੀ ੳਵਰਡੋਜ਼ ਨਾਲ ਮਰਨ ਵਾਲੇ ਵਿਅਕਤੀ ਦੀ ਪਛਾਣ ਰਵੇਲ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਪਿੰਡ ਪੂਹਲਾ ਵਜੋਂ ਦੱਸੀ ਜਾ ਰਹੀ ਹੈ।


ਕਥਿਤ ਤੌਰ 'ਤੇ ਮ੍ਰਿਤਕ ਰਵੇਲ ਸਿੰਘ ਨੂੰ ਉਸਦੀ ਪਤਨੀ ਸੀਤਾ ਕੌਰ ਬੀਤੇ ਛੇ ਮਹੀਨੇ ਪਹਿਲਾਂ ਨਸ਼ਾ ਛੁਡਾਉਣ ਦੇ ਮਕਸਦ ਨਾਲ ਆਪਣੇ ਪੇਕੇ ਪਿੰਡ ਬੋਹੜ ਲੈ ਗਈ ਸੀ, ਜਿੱਥੇ ਰਵੇਲ ਸਿੰਘ ਕੱਪੜੇ ਸਿਊਣ ਦਾ ਕੰਮ ਕਰਦਾ ਸੀ। ਬੀਤੇ ਤਿੰਨ ਦਿਨ ਪਹਿਲਾਂ ਹੀ ਮਿਰਤਕ ਰਵੇਲ ਸਿੰਘ ਆਪਣੇ ਘਰ ਵਾਪਿਸ ਪਰਤਿਆ ਸੀ। ਇਸ ਮਾਮਲੇ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕ ਰਵੇਲ ਸਿੰਘ ਦੀ ਮਾਂ ਅਮਰਜੀਤ ਕੌਰ ਨੇ ਦੱਸਿਆ ਕਿ ਪੂਹਲੇ ਵਿੱਚ ਸ਼ਰੇਆਮ ਨਸ਼ਾ ਵਿਕ ਰਿਹਾ ਹੈ, ਜਿਸ ਕਾਰਨ ਦੋ ਦਿਨ ਪਹਿਲਾਂ ਵੀ ਇੱਕ ਨੌਜਵਾਨ ਦੀ ਮੌਤ ਹੋਈ ਹੈ ਅਤੇ ਅੱਜ ਉਸਦਾ ਪੁੱਤਰ ਨਸ਼ੇ ਦੀ ਭੇਟ ਚੜ ਗਿਆ ਹੈ।


ਪੀੜਤ ਮਾਂ ਨੇ ਕਿਹਾ ਕਿ ਹਰ ਰੋਜ਼ ਨੌਜਵਾਨ ਨਸ਼ੇ ਦੀ ੳਵਰਡੋਜ਼ ਕਾਰਨ ਜਾਨਾਂ ਗੁਆ ਰਹੇ ਹਨ, ਪਰ ਪੁਲਸ ਪ੍ਰਸ਼ਾਸਨ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਕੋਈ ਵੀ ਕਾਰਵਾਈ ਨਹੀਂ ਕਰ ਰਿਹਾ। ਇਸ ਮੌਕੇ ਉਨ੍ਹਾਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਡੀਜੀਪੀ ਪੰਜਾਬ ਨੂੰ ਅਪੀਲ ਕੀਤੀ ਕਿ ਸੂਬੇ ਦੀ ਜਵਾਨੀ ਨੂੰ ਬਚਾਉਣ ਲਈ ਨਸ਼ਾ ਸਮੱਗਲਰਾਂ ਨੂੰ ਕਾਬੂ ਕਰਕੇ ਸਲਾਖਾਂ ਪਿੱਛੇ ‌ਡੱਕਿਆ ਜਾਵੇ। ਇਸ ਮੌਕੇ ਪਿੰਡ ਪੂਹਲਾ ਦੇ ਨੰਬਰਦਾਰ ਸੁਖਚੈਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਵੱਡੇ ਪੱਧਰ 'ਤੇ ਨਸ਼ਾ ਵਿਕਦਾ ਹੈ, ਪ੍ਰੰਤੂ ਪੁਲਸ ਪ੍ਰਸ਼ਾਸ਼ਨ ਨਸ਼ਾ ਵੇਚਣ ਵਾਲਿਆਂ ਨੂੰ ਕਾਬੂ ਕਰਨ 'ਚ ਨਾਕਾਮ ਸਾਬਤ ਹੋ ਰਿਹਾ ਹੈ। ਦੱਸ ਦਈਏ ਕਿ ਮ੍ਰਿਤਕ ਰਵੇਲ ਸਿੰਘ ਆਪਣੇ ਪਿੱਛੇ ਪਤਨੀ ਅਤੇ ਦੋ ਬੱਚਿਆਂ ਨੂੰ ਛੱਡ ਗਿਆ ਹੈ।


 

Story You May Like