The Summer News
×
Saturday, 11 May 2024

ਪੰਜਾਬੀ ਲੇਖਕ ਗੁਰਭਜਨ ਗਿੱਲ ਦਾ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਵੱਲੋਂ ਸਨਮਾਨ

ਲੁਧਿਆਣਾ, 14 ਅਗਸਤ – ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਤੇ ਭਾਸ਼ਾ ਵਿਭਾਗ ਵੱਲੋਂ 2014 ਵਿੱਚ ਸ਼੍ਰੋਮਣੀ ਪੰਜਾਬੀ ਕਵੀ ਪਿਰਸਕਾਰ ਵਿਜੇਤਾ ਕਵੀ ਗੁਰਭਜਨ ਗਿੱਲ ਨੂੰ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਿਜ ਲੁਧਿਆਣਾ ਦੇ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਵੱਲੋਂ ਕਰਵਾਏ ਚੌਥੇ ਅੰਤਰ ਰਾਸ਼ਟਰੀ ਸਾਹਿੱਤ ਸੰਮੇਲਨ ਮੌਕੇ ਸਨਮਾਨਿਤ ਕੀਤਾ ਗਿਆ ਹੈ। ਇਹ ਸਨਮਾਨ ਉਨ੍ਹਾਂ ਦੀਆਂ ਪਰਵਾਸੀ ਸਾਹਿੱਤ ਤੇ ਪਰਵਾਸੀ ਲੇਖਕਾਂ ਨੂੰ ਆਪਸੀ ਤਾਲਮੇਲ ਮੁਹੱਈਆ ਕਰਵਾਉਣ ਲਈ ਕੀਤਾ ਗਿਆ ਹੈ। ਇਹ ਸਨਮਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵੀ ਸੀ ਤੇ ਕਾਲਿਜ ਪਰਬੰਧਕ ਕਮੇਟੀ ਦੇ ਪ੍ਰਧਾਨ ਡਾ. ਸ ਪ ਸਿੰਘ, ਪੰਜਾਬ ਭਵਨ ਸਰੀ(ਕੈਨੇਡਾ) ਦੇ ਸੰਚਾਲਕ ਸੁੱਖੀ ਬਾਠ, ਕਾਲਿਜ ਕਮੇਟੀ ਦੇ ਸਕੱਤਰ ਅਰਬਿੰਦਰ ਸਿੰਘ ਤੇ ਕਾਲਿਜ ਪ੍ਰਿੰਸੀਪਲ ਅਰਵਿੰਦਰ ਸਿੰਘ ਭੱਲਾ ਨੇ ਪ੍ਰਦਾਨ ਕੀਤਾ।


ਗੁਰਭਜਨ ਗਿੱਲ ਨੇ ਕਿਹਾ ਕਿ ਉਹ ਇਸ ਕਾਲਿਜ ਦੇ ਪੁਰਾਣੇ ਵਿਦਿਆਰਥੀ ਹੋਣ ਨਾਤੇ ਇਥੋਂ ਦੀ ਮਿੱਟੀ ਦੇ ਕਰਜ਼ਦਾਰ ਹਨ। ਪਰਵਾਸੀ ਸਾਹਿੱਤ ਅਧਿਐਨ ਕੇਂਦਰ ਦੀ ਕੋਆਰਡੀਨੇਟਰ ਤੇਜਿੰਦਰ ਕੌਰ ਨੇ ਦੱਸਿਆ ਕਿ ਗੁਰਭਜਨ ਗਿੱਲ ਹੁਣ ਤੀਕ ਸ਼ੀਸ਼ਾ ਝੂਠ ਬੋਲਦਾ ਹੈ (ਕਾਵਿ ਸੰਗ੍ਰਹਿ), ਹਰ ਧੁਖਦਾ ਪਿੰਡ ਮੇਰਾ ਹੈ (ਗਜ਼ਲਾਂ), ਸੁਰਖ਼ ਸਮੁੰਦਰ, ਦੋ ਹਰਫ਼ ਰਸੀਦੀ (ਗ਼ਜ਼ਲਾਂ), ਅਗਨ ਕਥਾ( ਕਾਵਿ ਸੰਗ੍ਰਹਿ), ਮਨ ਦੇ ਬੂਹੇ ਬਾਰੀਆਂ (ਗ਼ਜ਼ਲਾਂ), ਧਰਤੀ ਨਾਦ (ਕਾਵਿ ਸੰਗ੍ਰਹਿ), ਖ਼ੈਰ ਪੰਜਾਂ ਪਾਣੀਆਂ ਦੀ (ਹਿੰਦ ਪਾਕ ਰਿਸ਼ਤਿਆਂ ਬਾਰੇ ਕਵਿਤਾਵਾਂ), ਫੁੱਲਾਂ ਦੀ ਝਾਂਜਰ (ਗੀਤ ਸੰਗ੍ਰਹਿ), ਪਾਰਦਰਸ਼ੀ (ਕਾਵਿ ਸੰਗ੍ਰਹਿ), ਮੋਰਪੰਖ (ਗ਼ਜ਼ਲਾਂ), ਮਨ ਤੰਦੂਰ (ਕਾਵਿ ਸੰਗ੍ਰਹਿ), ਤਾਰਿਆਂ ਦੇ ਨਾਲ ਗੱਲਾਂ ਕਰਦਿਆਂ (ਸੁਲੱਖਣ ਸਰਹੱਦੀ ਵੱਲੋਂ ਸੰਪਾਦਿਤ ਚੋਣਵੀਆਂ ਗ਼ਜ਼ਲਾਂ), ਗੁਲਨਾਰ (ਗ਼ਜ਼ਲਾਂ), ਮਿਰਗਾਵਲੀ (ਗ਼ਜ਼ਲਾਂ) ਰਾਵੀ( ਗ਼ਜ਼ਲਾਂ) ਸੁਰਤਾਲ(ਗ਼ਜ਼ਲਾਂ) ਚਰਖ਼ੜੀ (ਕਵਿਤਾਵਾਂ) ਪਿੱਪਲ ਪੱਤੀਆਂ (ਗੀਤ ਸੰਗ੍ਰਹਿ ) ਅਤੇ ਪੱਤੇ ਪੱਤੇ ਲਿਖੀ ਇਬਾਰਤ, (ਕੁਦਰਤ ਬਾਰੇ 103 ਰੁਬਾਈਆਂ ) ਤੇਜ ਪ੍ਰਤਾਪ ਸਿੰਘ ਸੰਧੂ ਦੇ ਫੋਟੋ ਚਿਤਰਾਂ ਸਮੇਤ ਕੌਫੀ ਟੇਬਲ ਕਿਤਾਬ) ਲਿਖ ਚੁਕੇ ਹਨ।


ਵਾਤਾਵਰਣ ਬਾਰੇ ਇਕਲੌਤੀ ਵਾਰਤਕ ਪੁਸਤਕ: ਕੈਮਰੇ ਦੀ ਅੱਖ ਬੋਲਦੀ 1999 ਚ ਛਪੀ ਸੀ ਜੋ ਪਹਿਲਾਂ ਰੋਜ਼ਾਨਾ ਅਖ਼ਬਾਰ ਚ ਲਗਾਤਾਰ ਤਿੰਨ ਸਾਲ ਛਪੇ ਲੇਖਾਂ ਤੇ ਤੇਜਪ੍ਰਤਾਪ ਸਿੰਘ ਸੰਧੂ ਜੀ ਦੇ ਫੋਟੋ ਚਿਤਰਾਂ ਨਾਲ ਸੁਸੱਜਿਤ ਹੈ। ਵਰਤਮਾਨ ਸਮੇਂ ਆਪ ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਟਰਸਟ ਬੱਸੀਆਂ -ਰਾਏਕੋਟ (ਲੁਧਿਆਣਾ) ਸਃ ਸੋਭਾ ਸਿੰਘ ਮੈਮੋਰੀਅਲ ਫਾਉਂਡੇਸ਼ਨ ਸ਼੍ਰੀ ਹਰਗੋਬਿੰਦਪੁਰ (ਗੁਰਦਾਸਪੁਰ) ਅਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਵੀ ਚੇਅਰਮੈਨ ਹਨ। ਸ ਪ ਸਿੰਘ ਜੀ ਨੇ ਦੱਸਿਆ ਕਿ ਗੁਰਭਜਨ ਗਿੱਲ ਦਾ ਦੇਸ਼ ਵੰਡ ਅਤੇ ਅੰਤਰ ਰਾਸ਼ਟਰੀ ਪੰਜਾਬੀ ਭਾਈਚਾਰੇ ਨੂੰ ਸਮਰਪਿਤ ਕਾਵਿ ਸੰਗ੍ਰਹਿ ਖ਼ੈਰ ਪੰਜਾਂ ਪਾਣੀਆਂ ਦੀ ਦਾ ਚੌਥਾ ਸੰਸਕਰਨ ਆਜ਼ਾਦੀ ਦੇ 75ਵੇਂ ਸਾਲ ਨੂੰ ਸਮਰਪਿਤ ਹੋਣ ਕਰਕੇ ਇਸੇ ਮਹੀਨੇ ਕਾਲਿਜ ਵਿੱਚ ਲੋਕ ਅਰਪਨ ਕੀਤਾ ਜਾਵੇਗਾ। ਇਸ ਨੂੰ ਪਾਕਿਸਤਾਨ ਵਿੱਚ ਮੁਹੰਮਦ ਆਸਿਫ਼ ਰਜ਼ਾ ਸ਼ਾਹਮੁਖੀ ਵਿੱਚ ਤਿਆਰ ਕਰ ਰਹੇ ਹਨ।


Story You May Like