The Summer News
×
Tuesday, 21 May 2024

ਅਕਾਲੀ ਦਲ ਨੇ ਰਾਜ ਕਰਦੀਆਂ ਪਾਰਟੀਆਂ ਖ਼ਿਲਾਫ਼ ਸੰਘਰਸ਼ ਕਰਕੇ ਪੰਜਾਬ ਦੇ ਹੱਕ ਪ੍ਰਾਪਤ ਕੀਤੇ ਹਨ : ਢਿੱਲੋਂ

ਲੁਧਿਆਣਾ,10 ਮਈ(ਦਲਜੀਤ ਵਿੱਕੀ) ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾਂ ਹੀ ਕੇਂਦਰ ਵਿੱਚ ਰਾਜ ਕਰਦੀਆਂ ਪਾਰਟੀਆਂ ਖ਼ਿਲਾਫ਼ ਸੰਘਰਸ਼ ਕਰਕੇ ਪੰਜਾਬ ਦੇ ਹੱਕ ਪ੍ਰਾਪਤ ਕੀਤੇ ਹਨ ਅਤੇ ਭਵਿੱਖ ਵਿੱਚ ਪੰਜਾਬ ਦੇ ਹੱਕਾਂ ਦੀ ਰਾਖੀ ਲਈ ਵਚਨਬੱਧ ਹੈ।



ਉਹ ਅੱਜ ਸਾਬਕਾ ਕੌਂਸਲਰ ਰਖਵਿੰਦਰ ਸਿੰਘ ਗਾਬੜ੍ਹੀਆ ਦੀ ਅਗਵਾਈ ਹੇਠ ਬੀਬੀ ਜਸਪਾਲ ਕੌਰ ਵੱਲੋਂ ਆਤਮ ਨਗਰ ਵਿੱਚ ਰੱਖੀ ਮੀਟਿੰਗ ਦੌਰਾਨ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਤੇ ਭਾਜਪਾ ਨੇ ਹਮੇਸ਼ਾਂ ਹੀ ਪੰਜਾਬ ਵਿਰੋਧੀ ਫ਼ੈਸਲੇ ਕਰਕੇ ਪੰਜਾਬ ਦੇ ਹੱਕਾਂ ਦਾ ਘਾਣ ਕੀਤਾ ਹੈ। ਹੁਣ ਅਕਾਲੀ ਦਲ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਕੇ ਸੰਸਦ ਵਿੱਚ ਆਪਣੀ ਆਵਾਜ਼ ਬੁਲੰਦ ਕਰੇਗਾ ਅਤੇ ਪੰਜਾਬ ਨੂੰ ਬਣਦੇ ਹੱਕ ਦਿਵਾਏਗਾ।



ਉਨ੍ਹਾਂ ਭਗਵੰਤ ਮਾਨ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਪੰਜਾਬ ਗੰਭੀਰ ਦੌਰ ਵਿੱਚੋਂ ਗੁਜ਼ਰ ਰਿਹਾ ਹੈ ਪਰ ਮੁੱਖ ਮੰਤਰੀ ਪੰਜਾਬ ਦੇ ਗੰਭੀਰ ਮਸਲਿਆਂ ਦੇ ਹੱਲ ਲਈ ਕੁੱਝ ਕਰਨ ਦੀ ਥਾਂ ਅਰਵਿੰਦ ਕੇਜਰੀਵਾਲ ਦੇ ਮਸਲੇ ਹੱਲ ਕਰਨ ਵਿੱਚ ਲੱਗਾ ਹੋਇਆ ਹੈ। ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਸਾਰੀ ਸਥਿਤੀ ਨੂੰ ਧਿਆਨ ਵਿੱਚ ਰੱਖ ਕੇ ਹੀ ਆਪਣੀ ਵੋਟ ਦਾ ਇਸਤੇਮਾਲ ਕਰਨ।



ਸਾਬਕਾ ਕੌਂਸਲਰ ਰਖਵਿੰਦਰ ਸਿੰਘ ਗਾਬੜ੍ਹੀਆ ਨੇ ਸ : ਢਿੱਲੋਂ ਦਾ ਸਵਾਗਤ ਕਰਦਿਆਂ ਭਰੋਸਾ ਦਿੱਤਾ ਕਿ ਇਲਾਕ਼ੇ ਦੀ ਇੱਕ ਇੱਕ ਵੋਟ ਅਕਾਲੀ ਦਲ ਦੇ ਹੱਕ ਵਿੱਚ ਭੁਗਤੇਗੀ ਅਤੇ ਸ: ਢਿਲੋਂ ਨੂੰ ਪਾਰਲੀਮੈਂਟ ਵਿੱਚ ਭੇਜਕੇ ਪੰਜਾਬ ਦੇ ਮਸਲੇ ਹੱਲ ਕਰਾਉਣ ਦੇ ਨਾਲ ਨਾਲ ਲੁਧਿਆਣਾ ਦੇ ਸਰਬਪੱਖੀ ਵਿਕਾਸ ਲਈ ਰਸਤਾ ਤਿਆਰ ਕੀਤਾ ਜਾਵੇਗਾ। ਬੀਬੀ ਜਸਪਾਲ ਕੌਰ ਨੇ ਰਣਜੀਤ ਸਿੰਘ ਢਿੱਲੋਂ ਨੂੰ ਸਨਮਾਨਿਤ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਾਫ਼ ਸੁਥਰੇ ਜੀਵਨ ਅਤੇ ਇਮਾਨਦਾਰ ਸ਼ਖ਼ਸੀਅਤ ਰਣਜੀਤ ਸਿੰਘ ਢਿੱਲੋਂ ਨੂੰ ਵੋਟਾਂ ਪਾਕੇ ਕਾਮਯਾਬ ਕਰਨ। ਇਸ ਮੌਕੇ ਅਵਤਾਰ ਸਿੰਘ, ਪਰਮਜੀਤ ਸਿੰਘ ਅਤੇ ਗੁਰਪ੍ਰੀਤ ਕੌਰ ਵੀ ਹਾਜ਼ਰ ਸਨ।

Story You May Like