The Summer News
×
Monday, 20 May 2024

ਸ਼੍ਰੀ ਦਰਬਾਰ ਸਾਹਿਬ ਜਾ ਰਹੀ ਸੰਗਤ ਨਾਲ ਵਾਪਰਿਆ ਦਰਦਨਾਕ ਹਾਦਸਾ

ਲੁਧਿਆਣਾ/ਖੰਨਾ: ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇ 'ਤੇ ਅੱਜ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਪ੍ਰਾਪਤ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਤੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਾ ਰਹੇ ਸ਼ਰਧਾਲੂਆਂ ਦੀ ਬੋਲੈਰੋ ਜੀਪ ਖੰਨਾ ਦੇ ਪਿੰਡ ਮੋਹਨਪੁਰ ਨੇੜੇ ਖੇਤਾਂ ਵਿੱਚ ਜਾ ਟਕਰਾਈ। ਬੋਲੈਰੋ ਜੀਪ ਵਿੱਚ ਪਰਿਵਾਰ ਦੇ 12 ਦੇ ਕਰੀਬ ਮੈਂਬਰ ਸਵਾਰ ਸਨ। ਇਸ ਹਾਦਸੇ 'ਚ ਸਿਮਰਨ (17) ਦੀ ਮੌਤ ਹੋ ਗਈ, ਜਦਕਿ ਹੋਰ ਸ਼ਰਧਾਲੂ ਵੀ ਜ਼ਖਮੀ ਹੋ ਗਏ। ਸ਼ਰਧਾਲੂ ਉੱਤਰ ਪ੍ਰਦੇਸ਼ ਦੇ ਰਾਮਪੁਰ ਜ਼ਿਲ੍ਹੇ ਦੀ ਬਿਲਾਸਪੁਰ ਤਹਿਸੀਲ ਦੇ ਵਸਨੀਕ ਹਨ। ਹਾਦਸੇ ਦਾ ਕਾਰਨ ਡਰਾਈਵਰ ਸੁੱਤਾ ਹੋਇਆ ਦੱਸਿਆ ਜਾ ਰਿਹਾ ਹੈ।


ਹਾਦਸੇ ਤੋਂ ਬਾਅਦ ਬੋਲੈਰੋ ਦੇ ਚਾਲਕ ਤਰਸੇਮ ਸਿੰਘ ਨੇ ਦੱਸਿਆ ਕਿ ਅਚਾਨਕ ਉਸ ਦੀ ਅੱਖ ਡਿੱਗ ਗਈ ਜਿਸ ਕਾਰਨ ਗੱਡੀ ਬੇਕਾਬੂ ਹੋ ਕੇ ਖੇਤਾਂ ਵਿੱਚ ਜਾ ਵੱਜੀ। ਇਸ ਹਾਦਸੇ ਵਿੱਚ ਉਸ ਦੀ ਬੇਟੀ ਦੀ ਮੌਤ ਹੋ ਗਈ। ਗੱਡੀ ਵਿੱਚ ਸਵਾਰ ਪਲਵਿੰਦਰ ਸਿੰਘ ਨੇ ਦੱਸਿਆ ਕਿ ਰਸਤੇ ਵਿੱਚ ਡਰਾਈਵਰ ਬਦਲਿਆ ਗਿਆ ਸੀ। ਉਹ ਰਸਤੇ ਵਿੱਚ ਚਾਹ ਪੀਣ ਬਾਰੇ ਸੋਚ ਰਹੇ ਸਨ ਪਰ ਇਸ ਤੋਂ ਪਹਿਲਾਂ ਹੀ ਇੱਕ ਹਾਦਸਾ ਵਾਪਰ ਗਿਆ ਜਿਸ ਵਿੱਚ 17 ਸਾਲਾ ਲੜਕੀ ਸਿਮਰਨ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਹੜਕੰਪ ਮਚ ਗਿਆ। ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਦੂਜੇ ਪਾਸੇ ਪੁਲਸ ਨੇ ਲੜਕੀ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Story You May Like