The Summer News
×
Friday, 10 May 2024

ਸਿਹਤ ਵਿਭਾਗ ਵੱਲੋ ਰਾਸ਼ਟਰੀ ਪੇਟ ਦੇ ਕੀੜਿਆਂ ਤੋਂ ਮੁਕਤੀ ਦਿਵਸ ਦੀ ਲੜੀ ਤਹਿਤ ਮਨਾਇਆ ਗਿਆ ਮੋਪਅੱਪ ਦਿਵਸ

 


ਸ੍ਰੀ ਮੁਕਤਸਰ ਸਾਹਿਬ, 5 ਮਈ: ਪੰਜਾਬ ਸਰਕਾਰ ਲੋਕਾਂ ਨੂੰ ਤੰਦਰੁਸਤ ਰੱਖਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਇਸ ਸਬੰਧ ਵਿਚ ਰਾਸ਼ਟਰੀ ਪੇਟ ਦੇ ਕੀੜਿਆਂ ਤੋਂ ਮੁਕਤੀ ਦਿਵਸ ਮੌਕੇ ਜਿਲ੍ਹੇ ਵਿਚ ਵੱਖ ਵੱਖ ਵਿਦਿਅੱਕ ਸੰਸਥਾਵਾਂ ਅਤੇ ਆਂਗਣਵਾੜੀ ਸੈਂਟਰਾਂ ਵਿਚ ਮਨਾਇਆ ਗਿਆ ਸੀ, ਜਿਸ ਦੌਰਾਨ 1 ਸਾਲ ਤੋਂ 19 ਸਾਲ ਤੱਕ ਦੇ ਬੱਚਿਆਂ ਨੂੰ ਪੇਟ ਦੇ ਕੀੜਿਆਂ ਨੂੰ ਖਤਮ ਕਰਨ ਲਈ ਐਲਬਿੰਡਾਜੋਲ ਗੋਲੀਆਂ ਖਵਾਈਆਂ ਗਈਆਂ ਸਨ। ਜਿਹੜੇ ਬੱਚੇ ਉਸ ਦਿਨ ਇਹ ਗੋਲੀਆਂ ਖਾਣ ਤੋਂ ਵਾਂਝੇ ਰਹਿ ਗਏ ਸਨ, ਉਨ੍ਹਾਂ ਬੱਚਿਆਂ ਦੀ ਪਛਾਣ ਕਰਕੇ ਅੱਜ ਮੋਪਅੱਪ ਦਿਵਸ ’ਤੇ ਬੱਚਿਆਂ ਨੂੰ ਐਲਬਿੰਡਾਜੋਲ ਗੋਲੀਆਂ ਖਵਾਈਆਂ ਗਈਆਂ।


ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਰੰਜੂ ਸਿੰਗਲਾ ਸਿਵਲ ਸਰਜਨ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਹੋਰ ਵਿਭਾਗਾਂ ਦੇ ਸਹਿਯੋਗ ਨਾਲ ਹਰ ਸਾਲ ਵਿੱਚ ਦੋ ਵਾਰ ਪੇਟ ਦੇ ਕੀੜਿਆਂ ਤੋਂ ਮੁਕਤੀ ਦਾ ਰਾਸ਼ਟਰੀ ਦਿਵਸ ਦਿਵਸ ਮਨਾਇਆ ਜਾਂਦਾ ਹੈ। ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਇਸ ਦਿਨ ਜਿਲ੍ਹੇ ਦੇ ਸਾਰੇ ਸਰਕਾਰੀ ਸਕੂਲਾਂ, ਪ੍ਰਾਈਵੇਟ ਸਕੂਲਾਂ, ਪੋਲੀਟੈਕਨਿਕ ਕਾਲਜ, ਆਈਲੈਟਸ ਸੈਂਟਰ ਅਤੇ ਆਂਗਣਵਾੜੀ ਸੈਂਟਰਾਂ ਅਤੇ ਸਕੂਲ ਨਾ ਜਾਣ ਵਾਲੇ 1 ਤੋਂ 19 ਸਾਲ ਤੱਕ ਦੇ ਲਗਭੱਗ 236796 ਬੱਚਿਆਂ ਨੂੰ ਐਲਬਿੰਡਾਜੋਲ ਦੀਆਂ ਗੋਲੀਆਂ (ਚਬਾ ਕੇ ਖਾਣ ਵਾਲੀ ਗੋਲੀ) ਖਵਾਈਆਂ ਜਾਣੀਆਂ ਸਨ, ਲੇਕਿਨ ਉਸ ਦਿਨ 169259 ਬੱਚਿਆਂ ਨੂੰ ਇਹ ਗੋਲੀਆਂ ਖਵਾਈਆਂ ਗਈਆਂ ਸਨ, ਬਾਕੀ ਰਹਿੰਦੇ ਬੱਚਿਆਂ ਦੀ ਪਛਾਣ ਕੀਤੀ ਗਈ ਹੈ ਅਤੇ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਅੱਜ ਮੋਪਅੱਪ ਦਿਵਸ ’ਤੇ ਬੱਚਿਆਂ ਨੂੰ ਐਲਬਿੰਡਾਜੋਲ ਗੋਲੀਆਂ ਖਵਾਈਆਂ ਗਈਆਂ ਹਨ।


ਉਨ੍ਹਾ ਦੱਸਿਆ ਕਿ ਇਹ ਗੋਲੀਆਂ ਬੱਚਿਆਂ ਨੂੰ ਖਵਾਉਣੀਆਂ ਜ਼ਰੂਰੀ ਹਨ ਤਾਂ ਜ਼ੋ ਬੱਚਿਆਂ ਨੂੰ ਪੇਟ ਦੇ ਕੀੜੇ ਹੋਣ ਕਾਰਣ ਹੋਣ ਵਾਲੇ ਨੁਕਸਾਨਾਂ ਤੋ ਬਚਾਇਆ ਜਾ ਸਕੇ। 


ਇਸ ਸਮੇਂ ਡਾ. ਬੰਦਨਾ ਬਾਂਸਲ ਨੋਡਲ ਅਫਸਰ ਜਿਲ੍ਹਾ ਸਕੂਲ ਹੈਲਥ ਕਮ ਡਿਪਟੀ ਮੈਡੀਕਲ ਕਮਿਸ਼ਨਰ ਨੇ ਕਿਹਾ ਕਿ ਬੱਚੇ ਦੇ ਪੇਟ ਵਿੱਚ ਕੀੜੇ ਹੋਣ ਕਾਰਣ ਬੱਚੇ ਵਿੱਚ ਅਨੀਮੀਆ, ਭੁੱਖ ਘੱਟ ਲੱਗਣਾ, ਕੁਪੋਸ਼ਣ, ਮਾਨਸਿਕ ਤੇ ਬੌਧਿਕ ਕਮਜੋਰੀ, ਥਕਾਵਟ, ਬੇਚੈਨੀ, ਪੇਟ ਵਿੱਚ ਦਰਦ, ਜੀਅ ਮਚਲਾਉਣਾ, ਚਿੜਚਿੜਾਪਣ, ਉਲਟੀ ਅਤੇ ਦਸਤ ਆਉਣਾ ਜਾਂ ਲੈਟਰੀਨ ਵਿੱਚ ਖੂਨ ਆਉਣਾ ਲੱਛਣ ਹੋ ਸਕਦੇ ਹਨ ਅਤੇ ਬੱਚਾ ਦਿਨੋ-ਦਿਨ ਕਮਜੋਰੀ ਅਤੇ ਥਕਾਵਟ ਮਹਿਸੂਸ ਕਰਦਾ ਹੈ। ਇਸ ਲਈ  ਸਰਕਾਰ ਵੱਲੋਂ ਹਰ ਸਾਲ ਵਿੱਚ ਦੋ ਵਾਰ (ਛੇ ਮਹੀਨਿਆਂ ਦੇ ਫਰਕ ਨਾਲ) ਬੱਚਿਆਂ ਨੂੰ ਪੇਟ ਦੇ ਕੀੜੇ ਖਤਮ ਕਰਨ ਲਈ ਐਲਬਿੰਡਾਜੋਲ ਗੋਲੀਆਂ ਖੁਆਈਆਂ ਜਾਂਦੀਆਂ ਹਨ। ਹਰ ਇੱਕ ਬੱਚੇ ਨੂੰ ਇਹ ਗੋਲੀ ਖਾਣੀ ਅਤਿ ਜਰੂਰੀ ਹੈ, ਤਾਂ ਜੋ ਬੱਚਿਆਂ ਦੀ ਸਿਹਤ ਨੂੰ ਬਿਹਤਰ ਬਣਾਇਆ ਜਾ ਸਕੇ।


ਇਸ ਮੌਕੇ ਸੁਖਮੰਦਰ ਸਿੰਘ ਜਿਲ੍ਹਾ ਮਾਸ ਮੀਡੀਆ ਅਫਸਰ ਨੇ ਦੱਸਿਆ ਕਿ ਪੇਟ ਦੇ ਕੀੜਿਆਂ ਤੋਂ ਬਚਣ ਲਈ ਸਾਨੂੰ ਆਪਣੇ ਹੱਥ ਖਾਣਾ ਖਾਣ ਤੋਂ ਪਹਿਲਾ, ਖਾਣਾ ਪਰੋਸਣ ਤੋਂ ਪਹਿਲਾਂ ਅਤੇ ਪਾਖਾਨਾ ਜਾਣ ਤੋਂ ਬਾਅਦ ਸਾਬਣ ਜਾਂ ਲੀਕਵਡ ਨਾਲ ਧੋਣੇ ਚਾਹੀਦੇ ਹਨ, ਖੁੱਲ੍ਹੇ ਵਿੱਚ ਪਾਖਾਨਾ ਜਾਣ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ, ਹਮੇਸ਼ਾ ਸਾਫ਼ ਪਾਣੀ ਪੀਣਾ ਚਾਹੀਦਾ ਹੈ, ਨੰਗੇ ਪੈਰ ਨਹੀਂ ਰਹਿਣਾ ਚਾਹੀਦਾ, ਖਾਣਾ ਢੱਕ ਕੇ ਰੱਖਣਾ ਚਾਹੀਦਾ ਹੈ  ਅਤੇ ਆਲੇ ਦੁਆਲੇ ਦੀ ਸਫ਼ਾਈ ਰੱਖਣੀ ਚਾਹੀਦੀ ਹੈ। ਐਲਬੈਂਡਾਜੋਲ ਦੀਆਂ ਗੋਲੀਆਂ ਸਾਨੂੰ ਬਿਨ੍ਹਾਂ ਕਿਸੇ ਡਰ, ਭੈ, ਗਲਤ ਫਹਿਮੀਆਂ ਜਾਂ ਗਲਤ ਅਫਵਾਹਾਂ ਤੋਂ ਬਚਦੇ ਹੋਏ ਖਾਣੀਆ ਚਾਹੀਦੀਆਂ ਹਨ।


ਇਸ ਮੌਕੇ ਡਾ. ਕਿਰਨਦੀਪ ਕੌਰ ਜਿਲ੍ਹਾ ਪਰਿਵਾਰ ਭਲਾਈ ਅਫਸਰ, ਦੀਪਕ ਕੁਮਾਰ ਡੀ.ਪੀ.ਐਮ.,ਮਿਸ ਸ਼ਾਲੂ ਜ਼ਿਲ੍ਹਾ ਸਕੂਲ ਹੈਲਥ ਕੋਆਰਡੀਨੇਟਰ ਹਾਜ਼ਰ ਸਨ।

Story You May Like