The Summer News
×
Monday, 13 May 2024

ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਨੇ ਵਿਸ਼ਵ ਥੈਲਾਸੀਮੀਆ ਦਿਵਸ ਤੇ ਲੋਕਾਂ ਨੂੰ ਵੱਧ ਤੋਂ ਵੱਧ ਖੂਨਦਾਨ ਕਰਨ ਦੀ ਅਪੀਲ

ਸ੍ਰੀ ਮੁਕਤਸਰ ਸਾਹਿਬ 8 ਮਈ : ਵਿਸ਼ਵ ਥੈਲਾਸੇਮੀਆ ਦਿਵਸ ਤੇ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਡਾ. ਰੰਜੂ ਸਿੰਗਲਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੱਧ ਤੋਂ ਵੱਧ ਖੂਨਦਾਨ ਕਰਨ ਤਾਂ ਜੋ ਥੈਲਾਸੇਮੀਆ ਪੀੜਤ ਲੋਕਾਂ ਨੂੰ ਖੂਨ ਦੇ ਕੇ ਤੰਦਰੁਸਤ ਰੱਖਿਆ ਜਾ ਸਕੇ। ਉਨ੍ਹਾ ਕਿਹਾ ਕਿ ਥੈਲਾਸੇਮੀਆ (ਖੂਨ ਨਾ ਬਣਨਾ) ਇਕ ਜਮਾਂਦਰੂ ਬਿਮਾਰੀ ਹੈ, ਜਿਸ ਨਾਲ ਨਵ ਜਨਮੇ ਬੱਚੇ ਵਿਚ ਖੂਨ ਬਣਨ ਦੀ ਪ੍ਰਕਿਰਿਆ ਬਹੁਤ ਘੱਟ ਹੁੰਦੀ ਹੈ, ਜਿਸ ਕਾਰਨ ਬੱਚੇ ਨੂੰ ਹਰ 20 ਜਾਂ 30 ਦਿਨਾਂ ਬਾਅਦ ਖੂਨ ਚੜਾਉਣ ਦੀ ਲੋੜ ਪੈਂਦੀ ਹੈ।


ਹਰ ਵਾਰ ਹਸਪਤਾਲ ਜਾਣਾ, ਖੁਨ ਚੜਾਉਣਾ ਕਿਸੇ ਵੀ ਬੱਚੇ,ਉਸਦੇ ਮਾਤਾ ਪਿਤਾ ਤੇ ਸਮੂਹ ਪਰਿਵਾਰ ਲਈ ਇਕ ਦੁਖਦਾਈ ਸੰਤਾਪ ਹੁੰਦਾ ਹੈ। ਉਨ੍ਹਾ ਦੱਸਿਆ ਕਿ ਸਰਕਾਰ ਦੇ ਯਤਨਾ ਸਦਕਾ ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਵਿਖੇ ਥੈਲਾਸੇਮੀਆ ਪੀੜਤ ਵਿਅਕਤੀਆਂ ਨੂੰ ਮੁਫਤ ਖੂਨ ਚੜਾਉਣ ਦੀ ਸਹੂਲਤ ਸ਼ੁਰੂ ਕਰ ਦਿੱਤੀ ਗਈ ਹੈ ।ਉਨ੍ਹਾ ਕਿਹਾ ਕਿ ਸਾਡੇ ਭਾਰਤ ਦੇਸ਼ ਵਿਚ 4 ਕਰੋੜ ਤੋਂ ਵੱਧ ਔਰਤ ਮਰਦ ਹਨ ਜੋ ਕੇ ਦੇਖਣ ਵਿਚ ਬਿਲਕੁਲ ਤੰਦਰੁਸਤ ਹਨ ਪਰ ਮਾਈਨਰ ਥੈਲਾਸੀਮੀਕ ਜੀਣ ਕੈਰੀਅਰ (ਵਾਹਕ) ਹੁੰਦੇ ਹਨ ਅਤੇ 10 ਤੋਂ 20 ਹਜਾਰ ਮੇਜਰ ਥੈਲਾਸੀਮੀਕ ਰੋਗੀ ਹਰ ਸਾਲ ਪੈਦਾ ਹੁੰਦੇ ਹਨ।


ਉਨ੍ਹਾ ਕਿਹਾ ਕਿ ਜਾਣਕਾਰੀ ਤੇ ਜਾਗਰੂਕਤਾ ਰਾਹੀ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਨੌਜਵਾਨ ਵਰਗ ਨੂੰ ਇਸ ਬਿਮਾਰੀ ਸਬੰਧੀ ਜਾਗਰੂਕ ਹੋਣ ਦੀ ਪ੍ਰਮੁੱਖ ਲੋੜ ਹੈ ਕਿਉਂਕਿ ਜੇਕਰ ਅਸੀਂ ਵਿਆਹ ਤੋਂ ਪਹਿਲਾਂ ਜਨਮ ਕੁੰਡਲੀਆਂ ਮਿਲਾਉਣ ਦੀ ਥਾਂ ਆਪਣੀਆਂ ਖੂਨ ਦੀਆ ਰਿਪੋਰਟਾਂ ਨੂੰ ਮਿਲਾਈਏ ਤਾਂ ਮੇਜਰ ਥੈਲਾਸੀਮੀਕ ਜਿਹੀ ਭਿਆਨਕ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਥੈਲਾਸੀਮੀਕ ਮਾਇਨਰ ਕੋਈ ਵੀ ਹੋ ਸਕਦਾ ਹੈ।ਜਦੋਂ ਦੋ ਮਾਇਨਰ ਥੈਲੇਸੀਮੀਕ ਦਾ ਵਿਆਹ ਹੁੰਦਾ ਹੈ ਤਾਂ ਉਹਨਾਂ ਦਾ ਪੈਦਾ ਹੋਣ ਵਾਲਾ ਬੱਚਾ ਮੇਜਰ ਥੈਲੇਸੀਮੀਕ ਹੋ ਸਕਦਾ ਹੈ ।ਇਸ ਲਈ ਸੁਚੇਤ ਰਹਿਣਾ ਬਹੁਤ ਜਰੂਰੀ ਹੈ। ਇਸ ਮੌਕੇ ਡਾ. ਭੁਪਿੰਦਰਜੀਤ ਕੌਰ ਐਸ.ਐਮ.ਓ. ਸ਼੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਵਿਖੇ ਥੈਲਾਸੇਮੀਆ ਪੀੜਤ ਮਰੀਜਾਂ ਦੇ ਪੂਰੀ ਤਰ੍ਹਾਂ ਟੈਸਟ ਕੀਤਾ ਅਤੇ ਸੁਰੱਖਿਅਤ ਬਲੱਡ ਲਿਊਕੋ ਫਿਲਟਰ ਪੈੱਕ ਦਾ ਇਸਤਮਾਲ ਕਰਕੇ ਮੁਫਤ ਲਗਾਇਆ ਜਾਂਦਾ ਹੈ ਅਤੇ ਉਨ੍ਹਾ ਨੂੰ ਕੋਈ ਵੀ ਮੁਸ਼ਕਲ ਪੇਸ਼ ਨਹੀ ਆਉਣ ਦਿੱਤੀ ਜਾਂਦੀ ।


ਉਨ੍ਹਾਂ ਦੱਸਿਆ ਕਿ ਬਲੱਡ ਬੈਂਕ ਇੰਚਾਰਜ ਡਾ. ਅਮਨਿੰਦਰ ਸਿੰਘ ਐਮ.ਡੀ. ਪਥਾਲੋਜਿਸਟ ਅਤੇ ਬੱਚਿਆਂ ਦੇ ਮਾਹਿਰ ਡਾ. ਪਰਮਦੀਪ ਸਿੰਘ ਸੰਧੂ ਵਲੋਂ ਥੈਲਾਸੇਮੀਆ ਪੀੜਤ ਮਰੀਜਾਂ ਦੇ ਖੂਨ ਲਗਾਉਣ ਲਈ ਪੂਰਾ ਸਹਿਯੋਗ ਦਿੱਤਾ ਜਾਂਦਾ ਹੈ।ਉਨ੍ਹਾ ਦੱਸਿਆ ਕਿ ਇਹ ਬੱਚਿਆ ਨੂੰ ਆਪਣੇ ਮਾਤਾ ਪਿਤਾ ਤੋਂ ਪੀੜੀ ਦਰ ਪੀੜੀ ਚੱਲਣ ਵਾਲਾ ਰੋਗ ਹੈ। ਇਸ ਬਿਮਾਰੀ ਤੋੰ ਪੀੜਤ ਬੱਚਿਆਂ ਵਿਚ ਖੂਨ ਬਣਨ ਦੀ ਕੁਦਰਤੀ ਪ੍ਰਕਿਰਿਆ ਬਹੁਤ ਘੱਟ ਜਾਂਦੀ ਹੈ, ਸਰੀਰ ਵਿਚ ਖੂਨ ਦੀ ਕਮੀ ਕਾਰਨ ਕਮਜੋਰੀ , ਤੇ ਹੋਰ ਬਿਮਾਰੀਆ ਲੱਗਣ ਦਾ ਖਤਰਾ ਵੱਧ ਜਾਂਦਾ ਹੈ ਤੇ ਰੋਗੀ ਨੂੰ ਵਾਰ ਵਾਰ ਖੂਨ ਚੜਾਉਣ ਦੀ ਜਰੂਰਤ ਪੈਂਦੀ ਹੈ ।ਇਸ ਲਈ ਲੋਕਾਂ ਨੂੰ ਵੱਧ ਤੋਂ ਵੱਧ ਖੂਨਦਾਨ ਕਰਨਾ ਚਾਹੀਦਾ ਹੈ ।

Story You May Like