The Summer News
×
Friday, 10 May 2024

ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਸਿਆਸੀ ਪਾਰਟੀਆਂ ਤੇ ਸੰਭਾਵੀ ਉਮੀਦਵਾਰਾਂ ਨੂੰ ਲੱਗਣ ਵਾਲੇ ਚੋਣ ਜਾਬਤੇ ਦੀ ਪਾਲਣਾ ਸਖ਼ਤੀ ਨਾਲ ਕਰਨ ਦੀ ਅਪੀਲ

ਪਟਿਆਲਾ, 15 ਮਾਰਚ: ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੈ ਨੇ ਆਗਾਮੀ ਲੋਕ ਸਭਾ ਚੋਣਾਂ ਸਬੰਧੀਂ ਲਾਗੂ ਹੋਣ ਵਾਲੇ ਚੋਣ ਜਾਬਤੇ ਦੀ ਪਾਲਣਾ ਯਕੀਨੀ ਕਰਵਾਉਣ ਲਈ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਅੱਜ ਇੱਕ ਅਹਿਮ ਬੈਠਕ ਕੀਤੀ। ਇਸ ਮੌਕੇ ਸਿਆਸੀ ਪਾਰਟੀਆਂ ਨੂੰ ਇਨ੍ਹਾਂ ਚੋਣਾਂ ਦੌਰਾਨ ਪਾਰਟੀ ਅਤੇ ਉਮੀਦਵਾਰਾਂ ਵੱਲੋਂ ਕੀਤੇ ਜਾਣ ਵਾਲੇ ਖ਼ਰਚੇ ਦੀ ਰੇਟ ਸੂਚੀ ਤੇ ਖ਼ਰਚੇ, ਕੀ ਕਰਨਾ ਹੈ ਤੇ ਕੀ ਨਹੀਂ ਕਰਨਾ ਸਮੇਤ ਚੋਣ ਪ੍ਰਚਾਰ ਬਾਬਤ ਜਰੂਰੀ ਦਿਸ਼ਾ ਨਿਰਦੇਸ਼ਾਂ ਦੀ ਕਾਪੀ ਵੀ ਪ੍ਰਦਾਨ ਕੀਤੀ ਗਈ।

 

ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੈ ਨੇ ਦੱਸਿਆ ਕਿ ਜਦੋਂ ਹੀ ਭਾਰਤੀ ਚੋਣ ਕਮਿਸ਼ਨ ਵੱਲੋਂ ਚੋਣਾਂ ਦਾ ਐਲਾਨ ਹੋ ਜਾਵੇਗਾ ਤਾਂ ਉਸੇ ਵੇਲੇ ਆਦਰਸ਼ ਚੋਣ ਜਾਬਤਾ ਅਮਲ ਵਿੱਚ ਆ ਜਾਵੇਗਾ, ਇਸ ਲਈ ਸਮੂਹ ਸਿਆਸੀ ਪਾਰਟੀਆਂ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਲਾਗੂ ਕੀਤੇ ਜਾਣ ਵਾਲੇ ਚੋਣ ਜਾਬਤੇ ਦੀ ਸਖ਼ਤੀ ਪਾਲਣਾ ਨਾਲ ਕਰਨ।

 

ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਚੋਣ ਲੜਨ ਦੇ ਚਾਹਵਾਨ ਉਮੀਦਵਾਰਾਂ ਨੂੰ ਪੂਰਾ ਸਹਿਯੋਗ ਦੇਵੇਗਾ, ਇਸ ਲਈ ਸਮੂਹ ਉਮੀਦਵਾਰ ਤੇ ਸਿਆਸੀ ਪਾਰਟੀਆਂ ਹਰ ਤਰ੍ਹਾਂ ਦੇ ਪ੍ਰਚਾਰ ਲਈ ਜਰੂਰੀ ਤੇ ਲੋੜੀਂਦੀਆਂ ਮਨਜੂਰੀਆਂ ਤੇ ਪ੍ਰਵਾਨਗੀਆਂ ਲੈਕੇ ਹੀ ਆਪਣਾ ਚੋਣ ਪ੍ਰਚਾਰ ਕਰਨ, ਜੋਕਿ ਆਨ ਲਾਈਨ ਪੋਰਟਲ 'ਤੇ ਉਪਲਬਧ ਹੋਣਗੀਆਂ। ਚੋਣ ਪ੍ਰਚਾਰ ਲਈ ਵਰਤੇ ਜਾਣ ਵਾਲੇ ਪ੍ਰਿੰਟ, ਇਲੈਕਟ੍ਰੋਨਿਕ ਅਤੇ ਕਿਸੇ ਵੀ ਸੋਸ਼ਲ ਮੀਡੀਆ ਪਲੇਟਫ਼ਾਰਮ 'ਤੇ ਵੀ ਚੋਣ ਕਮਿਸ਼ਨ ਵੱਲੋਂ ਐਮ.ਸੀ.ਐਮ.ਸੀ. ਰਾਹੀਂ ਤਿੱਖੀ ਨਜ਼ਰ ਰੱਖੀ ਜਾਵੇਗੀ, ਜਿਸ ਲਈ ਹਰ ਤਰ੍ਹਾਂ ਦੇ ਪ੍ਰਚਾਰ ਲਈ ਉਮੀਦਵਾਰਾਂ ਵੱਲੋਂ ਅਗੇਤੀਆਂ ਪ੍ਰਵਾਨਗੀਆਂ ਲੈਣੀਆਂ ਲਾਜਮੀ ਹਨ, ਤਾਂ ਕਿ ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਨਾ ਹੋਵੇ।

 

ਉਨ੍ਹਾਂ ਕਿਹਾ ਕਿ ਕੋਈ ਸਰਕਾਰੀ ਗੱਡੀ ਚੋਣ ਪ੍ਰਚਾਰ ਜਾਂ ਕਿਸੇ ਸਿਆਸੀ ਪਾਰਟੀ ਜਾਂ ਉਮੀਦਵਾਰ ਵੱਲੋਂ ਨਾ ਵਰਤੀ ਜਾਵੇ ਅਤੇ ਨਾ ਹੀ ਸਰਕਾਰੀ ਇਮਾਰਤਾਂ ਜਾਂ ਸਰਕਾਰੀ ਮਸ਼ੀਨਰੀ 'ਤੇ ਕੋਈ ਪ੍ਰਚਾਰ ਸਮੱਗਰੀ ਲਗਾਈ ਜਾਵੇ। ਕਿਸੇ ਧਾਰਮਿਕ ਅਸਥਾਨ 'ਤੇ ਚੋਣ ਪ੍ਰਚਾਰ ਨਾ ਕੀਤਾ ਜਾਵੇ ਤੇ ਨਾ ਹੀ ਧਰਮ, ਜਾਤੀ, ਕਿਸੇ ਸੰਪਰਦਾਇ ਆਦਿ ਦੇ ਨਾ 'ਤੇ ਗ਼ਲਤ ਪ੍ਰਚਾਰ ਕੀਤਾ ਜਾਵੇ।

 

ਚੋਣ ਜਾਬਤੇ ਅਤੇ ਸਬੰਧਤ ਨਿਯਮਾਂ ਤੋਂ ਜਾਣੂ ਕਰਵਾਉਂਦਿਆਂ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਸਿਆਸੀ ਪਾਰਟੀਆਂ ਪ੍ਰ੍ਰਸ਼ਾਸਨ ਨੂੰ ਸਹਿਯੋਗ ਦੇਣ, ਜ਼ਿਲ੍ਹਾ ਪ੍ਰਸ਼ਾਸਨ ਇਸ ਗੱਲੋਂ ਪੂਰੀ ਤਰ੍ਹਾਂ ਪਾਬੰਦ ਹੈ ਕਿ ਚੋਣਾਂ ਪੂਰੀ ਤਰ੍ਹਾਂ ਨਿਰਪੱਖ, ਸੁਤੰਤਰ ਅਤੇ ਭੈਅ ਮੁਕਤ ਕਰਵਾਈਆਂ ਜਾਣ।

 

ਮੀਟਿੰਗ ਮੌਕੇ ਸਨੌਰ ਪੂਰਬੀ ਤੇ ਸਨੌਰ ਪੱਛਮੀ ਦੇ ਪੋਲਿੰਗ ਬੂਥ ਨੰਬਰ 81 ਤੇ 82 ਦੀ ਲੋਕੇਸ਼ਨ ਪੀ.ਐਸ.ਪੀ.ਸੀ.ਐਲ. ਵਿੱਚੋਂ ਤਬਦੀਲ ਕਰਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਸਨੌਰ ਵਿਖੇ ਕਰਨ ਨੂੰ ਵੀ ਪ੍ਰਵਾਨਗੀ ਦਿੱਤੀ ਗਈ। ਇਸ ਮੌਕੇ ਆਮ ਆਦਮੀ ਪਾਰਟੀ, ਭਾਰਤੀ ਜਨਤਾ ਪਾਰਟੀ, ਕਾਂਗਰਸ, ਸ੍ਰੋਮਣੀ ਅਕਾਲੀ ਦਲ ਆਦਿ ਪਾਰਟੀਆਂ ਦੇ ਸਮੂਹ ਨੁਮਾਇੰਦਿਆਂ ਨੇ ਵਿਸ਼ਵਾਸ਼ ਦੁਆਇਆ ਕਿ ਉਹ ਭਾਰਤੀ ਚੋਣ ਕਮਿਸ਼ਨ ਵੱਲੋਂ ਲਾਗੂ ਹੋਣ ਵਾਲੇ ਚੋਣ ਜਾਬਤੇ ਦੀ ਪੂਰੀ ਤਰ੍ਹਾਂ ਪਾਲਣਾ ਕਰਨਗੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਮੈਡਮ ਕੰਚਨ ਅਤੇ ਚੋਣ ਤਹਿਸੀਲਦਾਰ ਵਿਜੇ ਕੁਮਾਰ ਚੌਧਰੀ ਵੀ ਮੌਜੂਦ ਸਨ।

 

ਫੋਟੋ ਕੈਪਸ਼ਨ-ਜ਼ਿਲ੍ਹਾ ਚੋਣ ਅਫ਼ਸਰ ਤੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਦੇ ਹੋਏ। ਉਨ੍ਹਾਂ ਦੇ ਨਾਲ ਏ.ਡੀ.ਸੀ. ਮੈਡਮ ਕੰਚਨ ਤੇ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਵੀ ਨਜ਼ਰ ਆ ਰਹੇ ਹਨ।

Story You May Like